ਚੰਡੀਗੜ੍ਹ: ਸੂਬੇ ਵਿੱਚ ਸਿਹਤ ਸੰਭਾਲ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਪਹਿਲ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਦੇ ਜਨਤਕ ਸਿਹਤ ਢਾਂਚੇ ‘ਚ ਸੁਧਾਰ ਅਤੇ ਇਸਦੀ ਮਜ਼ਬੂਤੀ ਲਈ ਸੈਂਟਰ ਫਾਰ ਹੈਲਥ ਰਿਸਰਚ ਐਂਡ ਇਨੋਵੇਸ਼ਨ (ਸੀਐਚਆਰਆਈ) ਨਾਲ ਮਹੱਤਵਪੂਰਨ ਸਮਝੌਤਾ (ਐਮ.ਓ.ਯੂ.) ਸਹੀਬੱਧ ਕੀਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਇਸ ਸਮਝੌਤੇ ‘ਤੇ ਹਸਤਾਖਰ ਕੀਤੇ ਗਏ।
ਇਸ ਸਾਂਝੇਦਾਰੀ ਦਾ ਉਦੇਸ਼ ਅਤਿ-ਆਧੁਨਿਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨੂੰ ਸਿੱਧੇ ਜ਼ਮੀਨੀ ਪੱਧਰ ‘ਤੇ ਲਾਗੂ ਕਰਨਾ ਅਤੇ ਸਿਹਤ ਸੰਭਾਲ ਸੇਵਾਵਾਂ ਦੀ ਮਜ਼ਬੂਤੀ ਦੇ ਨਾਲ ਨਾਗਰਿਕਾਂ ਵਾਸਤੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਨਵੀਨ ਤਕਨਾਲੋਜੀਆਂ ਦੀ ਪੜਚੋਲ ਕਰਨਾ ਹੈ। ਇਸ ਪਾਇਲਟ ਪ੍ਰੋਜੈਕਟ ਤਹਿਤ ਪੰਜਾਬ ਤਿੰਨ ਜ਼ਿਲ੍ਹਿਆਂ – ਪਟਿਆਲਾ, ਐਸਏਐਸ ਨਗਰ (ਮੋਹਾਲੀ) ਅਤੇ ਫਤਿਹਗੜ੍ਹ ਸਾਹਿਬ – ਵਿੱਚ ਨਵੀਨ ਏਆਈ-ਅਧਾਰਤ ਤਕਨਾਲੋਜੀ ਉਪਕਰਨ ਸਥਾਪਤ ਕੀਤੇ ਜਾਣਗੇ, ਜੋ ਲੋਕਾਂ ਦੀ ਸਿਹਤ ਜਾਂਚ ਅਤੇ ਦਿਲ ਤੇ ਸਾਹ ਦੀਆਂ ਸਮੱਸਿਆਵਾਂ ਦਾ ਜਲਦ ਪਤਾ ਲਗਾਉਣ ਵਿੱਚ ਮਦਦ ਕਰਨਗੇ।
ਤਕਨਾਲੋਜੀ ਦਾ ਵੇਰਵਾ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਪਹਿਲਕਦਮੀ ਤਹਿਤ ਉੱਨਤ ਏਆਈ-ਅਧਾਰਤ ਈਸੀਜੀ ਉਪਕਰਨ ਅਤੇ ਏਆਈ ਸਟੈਥੋਸਕੋਪ ਸਥਾਪਤ ਕੀਤੇ ਜਾਣਗੇ। ਇਸ ਵਿੱਚ ਸਨਫੌਕਸ ਸਪੈਂਡਨ ਈਸੀਜੀ ਉਪਕਰਣ ਸ਼ਾਮਲ ਹੈ ਜੋ ਤੇਜ਼ੀ ਨਾਲ ਦਿਲ ਦੀ ਸਿਹਤ ਜਾਂਚ ਕਰਦਾ ਹੈ ਅਤੇ ਉਨ੍ਹਾਂ ਵਿਅਕਤੀਆਂ ਖਾਸ ਕਰਕੇ ਦਿਲ ਦੀਆਂ ਗੰਭੀਰ ਸਮੱਸਿਆਵਾਂ ਵਾਲੇ ਮਰੀਜ਼ਾਂ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ, ਜਿਨ੍ਹਾਂ ਨੂੰ ਤੁਰੰਤ ਰੈਫਰਲ ਦੀ ਲੋੜ ਹੁੰਦੀ ਹੈ।
ਇਨ੍ਹਾਂ ਏ.ਆਈ.-ਅਧਾਰਤ ਉਪਕਰਨਾਂ ਬਾਰੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ, ਜੋ ਨਵੀਨ ਤਕਨਾਲੋਜੀ ਨੂੰ ਨਿਯਮਤ ਸੇਵਾ ਪ੍ਰਣਆਲੀ ਵਿੱਚ ਸਹਿਜ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਏਕੀਕ੍ਰਿਤ ਕਰਨਾ ਯਕੀਨੀ ਬਣਾਏਗਾ। ਇਹ ਭਾਈਵਾਲੀ ਭਵਿੱਚ ‘ਚ ਪੰਜਾਬ ਦੇ ਸਮੁੱਚੇ ਸਿਹਤ ਢਾਂਚੇ ਵਿੱਚ ਏਆਈ-ਅਧਾਰਤ ਤਕਨਾਲੋਜੀਆਂ ਨੂੰ ਅਪਣਾਉਣ ਬਾਰੇ ਇੰਪਲੀਮੈਂਟੇਸ਼ਨ ਲਰਨਿੰਗ ਪ੍ਰਦਾਨ ਕਰਨ ਵਿੱਚ ਵੀ ਮਦਦ ਕਰੇਗੀ।
ਇਸ ਪ੍ਰੋਜੈਕਟ ਦੇ ਪ੍ਰਭਾਵ ਬਾਰੇ ਬੋਲਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਏ.ਆਈ. ਤਕਨਾਲੋਜੀ ਅਧਾਰਤ ਉਪਕਰਨਾਂ ਨੂੰ ਸਥਾਪਤ ਕਰਨ ਦਾ ਅਰਥ ਹੈ ਕਿ ਹੁਣ ਸਾਡੇ ਲੋਕਾਂ ਲਈ ਤੇਜ਼ੀ ਨਾਲ ਵਧੇਰੇ ਸਟੀਕ ਹੈਲਥ ਸਕ੍ਰੀਨਿੰਗ ਦੀ ਸੁਵਿਧਾ ਉਪਲੱਬਧ ਹੋਵੇਗੀ, ਜੋ ਦਿਲ ਦੀਆਂ ਗੰਭੀਰ ਸਮੱਸਿਆਵਾਂ ਦਾ ਜਲਦੀ ਪਤਾ ਲਗਾਉਣ ਦੇ ਯੋਗ ਹੋਵੇਗੀ।

