ਮਾਨਸਾ :- ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਨੇੜੇ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਝੁਨੀਰ ਵਿੱਚ ਰੈਲੀ ਤੋਂ ਬਾਅਦ ਮਾਨਸਾ ਵੱਲ ਪਰਤ ਰਹੀ ਭਾਜਪਾ ਆਗੂਆਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਦੋ ਆਗੂਆਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਗੰਭੀਰ ਜ਼ਖ਼ਮੀ ਹੋ ਗਏ।
ਇੱਕ ਨੌਜਵਾਨ ਦੀ ਮੌਕੇ ’ਤੇ ਮੌਤ
ਹਾਦਸੇ ਵਿੱਚ ਪਿੰਡ ਰਾਮਦਿੱਤੇ ਵਾਲਾ ਦੇ ਰਹਿਣ ਵਾਲੇ 23 ਸਾਲਾ ਅਰਸ਼ਦੀਪ ਸਿੰਘ ਉਰਫ਼ ਜਸ਼ਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਸਮੇਤ ਕਾਰ ਵਿੱਚ ਕੁੱਲ ਛੇ ਭਾਜਪਾ ਆਗੂ ਸਵਾਰ ਸਨ। ਮ੍ਰਿਤਕ ਅਰਸ਼ਦੀਪ ਸਿੰਘ ਅਤੇ ਜ਼ਖ਼ਮੀ ਨਵਦੀਪ ਸਿੰਘ ਸਕੇ ਭਰਾ ਦੱਸੇ ਜਾ ਰਹੇ ਹਨ।
ਵਿਨੋਦ ਕਾਲੀ ਦੀ ਹਾਲਤ ਗੰਭੀਰ, ਡੀਐੱਮਸੀ ਰੈਫਰ
ਹਾਦਸੇ ਵਿੱਚ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕਾਲੀ ਸਮੇਤ ਚਾਰ ਆਗੂ ਜ਼ਖ਼ਮੀ ਹੋਏ ਹਨ। ਵਿਨੋਦ ਕਾਲੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਡੀਐੱਮਸੀ, ਲੁਧਿਆਣਾ ਰੈਫਰ ਕੀਤਾ ਗਿਆ ਹੈ। ਸੁਨੀਲ ਕੁਮਾਰ, ਭੀਮ, ਮੋਹਿਤ ਸਿੰਗਲਾ ਅਤੇ ਨਵਦੀਪ ਸਿੰਘ ਨੂੰ ਬਠਿੰਡਾ ਏਮਜ਼ ਭੇਜਿਆ ਗਿਆ ਹੈ।
ਰੈਲੀ ਤੋਂ ਬਾਅਦ ਮਾਨਸਾ ਪਰਤ ਰਹੇ ਸਨ ਆਗੂ
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਾਜਪਾ ਆਗੂ ਝੁਨੀਰ ਕਸਬੇ ਵਿੱਚ ਰੈਲੀ ਕਰਨ ਤੋਂ ਬਾਅਦ ਮਾਨਸਾ ਵੱਲ ਵਾਪਸ ਆ ਰਹੇ ਸਨ। ਇਹ ਆਗੂ ਭਾਜਪਾ ਵੱਲੋਂ ਪੰਜਾਬ ਵਿੱਚ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨਾਲ ਜੁੜੇ ਹੋਏ ਸਨ। ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਕੁਝ ਭਾਜਪਾ ਆਗੂਆਂ ਵੱਲੋਂ ਯਾਤਰਾ ਵਿਚਾਲੇ ਛੱਡੇ ਜਾਣ ਦੀ ਵੀ ਜਾਣਕਾਰੀ ਹੈ।
ਮਾਨਸਾ ਅਤੇ ਬੋਹਾ ਦੀਆਂ ਰੈਲੀਆਂ ਮੁਲਤਵੀ
ਹਾਦਸੇ ਤੋਂ ਬਾਅਦ ਭਾਜਪਾ ਨੇ ਮਾਨਸਾ ਅਤੇ ਬੋਹਾ ਵਿੱਚ ਹੋਣ ਵਾਲੀਆਂ ਅਗਲੀਆਂ ‘ਨਸ਼ਾ ਮੁਕਤ ਰੈਲੀਆਂ’ ਮੁਲਤਵੀ ਕਰ ਦਿੱਤੀਆਂ ਹਨ। ਇਨ੍ਹਾਂ ਰੈਲੀਆਂ ਵਿੱਚ ਭਾਜਪਾ ਆਗੂ ਬਾਂਸੁਰੀ ਸਵਰਾਜ ਦੇ ਪਹੁੰਚਣ ਦੀ ਯੋਜਨਾ ਦੱਸੀ ਜਾ ਰਹੀ ਸੀ। ਭਾਜਪਾ ਆਗੂਆਂ ਨੇ ਮਾਨਸਾ ਸਿਵਲ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ-ਚਾਲ ਵੀ ਪੁੱਛਿਆ ਅਤੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

