ਗਲਤ ਪਾਣੀ ਪਾਉਣ ਨਾਲ ਘਟ ਸਕਦੀ ਹੈ ਬੈਟਰੀ ਦੀ ਉਮਰ ਤੇ ਬੈਕਅੱਪ
ਅੰਮ੍ਰਿਤਸਰ :- ਇਨਵਰਟਰ ਦੀ ਬੈਟਰੀ ਨੂੰ ਲੰਬੇ ਸਮੇਂ ਤੱਕ ਵਧੀਆ ਹਾਲਤ ਵਿੱਚ ਰੱਖਣ ਲਈ ਸਮੇਂ-ਸਮੇਂ ਤੇ ਉਸ ਵਿੱਚ ਪਾਣੀ ਦਾ ਪੱਧਰ ਜਾਂਚਣਾ ਅਤੇ ਲੋੜ ਪੈਣ ਤੇ ਪਾਣੀ ਪਾਉਣਾ ਜ਼ਰੂਰੀ ਹੁੰਦਾ ਹੈ। ਪਰ ਕਈ ਲੋਕ ਜਾਣਕਾਰੀ ਦੀ ਘਾਟ ਕਾਰਨ ਮੀਂਹ ਦਾ ਪਾਣੀ, ਏਸੀ ਤੋਂ ਨਿਕਲਣ ਵਾਲਾ ਪਾਣੀ ਜਾਂ ਘਰ ਦੇ RO ਦਾ ਪਾਣੀ ਬੈਟਰੀ ਵਿੱਚ ਪਾ ਦਿੰਦੇ ਹਨ। ਮਾਹਿਰਾਂ ਅਨੁਸਾਰ ਇਹ ਆਦਤ ਬੈਟਰੀ ਨੂੰ ਹੌਲੀ-ਹੌਲੀ ਖਰਾਬ ਕਰ ਸਕਦੀ ਹੈ।
ਜਾਣੋ ਕਿਵੇਂ?
ਮੀਂਹ ਦਾ ਪਾਣੀ ਸਾਫ਼ ਦਿਸਦਾ ਹੈ, ਪਰ ਬੈਟਰੀ ਲਈ ਨਹੀਂ ਹੁੰਦਾ ਸੁਰੱਖਿਅਤ
ਭਾਵੇਂ ਮੀਂਹ ਦਾ ਪਾਣੀ ਦੇਖਣ ਵਿੱਚ ਸਾਫ਼ ਲੱਗਦਾ ਹੈ, ਪਰ ਜਦੋਂ ਇਹ ਅਸਮਾਨ ਤੋਂ ਧਰਤੀ ਤੱਕ ਪਹੁੰਚਦਾ ਹੈ ਤਾਂ ਹਵਾ ਵਿੱਚ ਮੌਜੂਦ ਧੂੜ, ਧੂੰਏਂ, ਪ੍ਰਦੂਸ਼ਣ ਅਤੇ ਹੋਰ ਬਾਰੀਕ ਕਣ ਇਸ ਵਿੱਚ ਮਿਲ ਜਾਂਦੇ ਹਨ। ਇਹ ਅਸ਼ੁੱਧੀਆਂ ਬੈਟਰੀ ਦੇ ਅੰਦਰ ਮੌਜੂਦ ਲੀਡ ਪਲੇਟਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ, ਜਿਸ ਨਾਲ ਬੈਟਰੀ ਦੀ ਕਾਰਗੁਜ਼ਾਰੀ ਅਤੇ ਉਮਰ ਦੋਵੇਂ ਪ੍ਰਭਾਵਿਤ ਹੁੰਦੇ ਹਨ।
AC ਦਾ ਪਾਣੀ ਪਾਉਣਾ ਵੀ ਗਲਤ
ਕਈ ਲੋਕ ਇਹ ਸਮਝਦੇ ਹਨ ਕਿ ਏਅਰ ਕੰਡੀਸ਼ਨਰ ਤੋਂ ਨਿਕਲਣ ਵਾਲਾ ਪਾਣੀ ਡਿਸਟਿਲਡ ਵਾਟਰ ਵਰਗਾ ਹੁੰਦਾ ਹੈ, ਇਸ ਲਈ ਇਸ ਦੀ ਵਰਤੋਂ ਬੈਟਰੀ ਵਿੱਚ ਕੀਤੀ ਜਾ ਸਕਦੀ ਹੈ। ਪਰ ਅਸਲ ਵਿੱਚ AC ਦਾ ਪਾਣੀ ਪਾਈਪਾਂ, ਕੌਇਲਾਂ ਅਤੇ ਡਰੇਨ ਸਿਸਟਮ ਵਿੱਚੋਂ ਲੰਘਦਾ ਹੈ, ਜਿਸ ਦੌਰਾਨ ਇਸ ਵਿੱਚ ਧਾਤੂ ਕਣ, ਧੂੜ, ਫੰਗਸ ਜਾਂ ਹੋਰ ਅਸ਼ੁੱਧੀਆਂ ਮਿਲ ਸਕਦੀਆਂ ਹਨ। ਇਸ ਲਈ ਬੈਟਰੀ ਵਿੱਚ AC ਦਾ ਪਾਣੀ ਪਾਉਣ ਦੀ ਸਲਾਹ ਨਹੀਂ ਦਿੱਤੀ ਜਾਂਦੀ।
RO ਦਾ ਪਾਣੀ ਵੀ ਨਹੀਂ ਹੈ, ਸਹੀ ਵਿਕਲਪ
ਬਹੁਤ ਲੋਕ ਘਰਾਂ ਵਿੱਚ ਵਰਤਿਆ ਜਾਣ ਵਾਲਾ RO ਪਾਣੀ ਵੀ ਇਨਵਰਟਰ ਦੀ ਬੈਟਰੀ ਲਈ ਢੁੱਕਵਾਂ ਮੰਨਦੇ ਹਨ, ਜੋ ਕਿ ਬਿਲਕੁਲ ਗਲਤ ਹੈ। ਇਸ ਵਿੱਚ ਕੁਝ ਘੁੱਲੇ ਹੋਏ ਤੱਤ ਅਤੇ ਖਣਿਜ ਮੌਜੂਦ ਹੋ ਸਕਦੇ ਹਨ, ਜੋ ਬੈਟਰੀ ਦੀ ਅੰਦਰੂਨੀ ਬਣਤਰ ਤੇ ਮਾੜਾ ਅਸਰ ਪਾ ਸਕਦੇ ਹਨ। ਇਸਤੋਂ ਵੀ ਗੁਰੇਜ ਕਰੋ।
ਕਿਹੜਾ ਪਾਣੀ ਪਾਉਣ ਨਾਲ ਬੈਟਰੀ ਲੰਬੇ ਸਮੇਂ ਤੱਕ ਚੱਲਦੀ ਹੈ….
ਬੈਟਰੀ ਦੀ ਉਮਰ ਵਧਾਉਣ ਲਈ ਅਪਣਾਓ ਇਹ ਆਸਾਨ ਆਦਤਾਂ
- ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਬੈਟਰੀ ਦੇ ਪਾਣੀ ਦਾ ਪੱਧਰ ਜ਼ਰੂਰ ਜਾਂਚੋ।
- ਪਾਣੀ ਘੱਟ ਹੋਣ ਤੇ ਸਿਰਫ਼ ਡਿਸਟਿਲਡ ਵਾਟਰ ਹੀ ਪਾਓ।
- ਬੈਟਰੀ ਦੀ ਸਫ਼ਾਈ ਅਤੇ ਟਰਮੀਨਲਾਂ ਦੀ ਸਮੇਂ-ਸਮੇਂ ਤੇ ਜਾਂਚ ਕਰਦੇ ਰਹੋ।
- ਓਵਰਫਿਲਿੰਗ ਤੋਂ ਬਚੋ ਅਤੇ ਨਿਰਮਾਤਾ ਵੱਲੋਂ ਦਿੱਤੇ ਨਿਸ਼ਾਨ ਤੱਕ ਹੀ ਪਾਣੀ ਭਰੋ।
ਸਿਰਫ਼ ਡਿਸਟਿਲਡ ਵਾਟਰ ਦੀ ਹੀ ਕਰੋ ਵਰਤੋਂ
ਬੈਟਰੀ ਲਈ ਸਭ ਤੋਂ ਸੁਰੱਖਿਅਤ ਅਤੇ ਸਿਫ਼ਾਰਸ਼ ਕੀਤਾ ਗਿਆ ਪਾਣੀ ਡਿਸਟਿਲਡ ਵਾਟਰ ਹੈ। ਇਸ ਵਿੱਚ ਨਾ ਤਾਂ ਕੋਈ ਮਿਨਰਲ ਹੁੰਦਾ ਹੈ ਅਤੇ ਨਾ ਹੀ ਅਸ਼ੁੱਧੀਆਂ, ਜਿਸ ਕਾਰਨ ਇਹ ਬੈਟਰੀ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਨਹੀਂ ਕਰਦਾ। ਬਾਜ਼ਾਰ ਵਿੱਚ ਇਹ ਆਸਾਨੀ ਨਾਲ ਉਪਲਬਧ ਹੁੰਦਾ ਹੈ ਅਤੇ ਇਸ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੀ ਬੈਟਰੀ ਲੰਬੇ ਸਮੇਂ ਤਕ ਬਿਨਾ ਖਰਾਬੀ ਦੇ ਚੱਲੇਗੀ।

