ਚੰਡੀਗੜ੍ਹ :- ਭਾਰਤੀ ਜਨਤਾ ਪਾਰਟੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਸੂਬਾ ਪੱਧਰ ਤੇ ਸੰਗਠਨਾਤਮਕ ਜ਼ਿੰਮੇਵਾਰੀਆਂ ਵਿੱਚ ਵੱਡਾ ਬਦਲਾਅ ਕੀਤਾ ਹੈ। ਪਾਰਟੀ ਵੱਲੋਂ ਜਾਰੀ ਨਵੀਂ ਸੂਚੀ ਵਿੱਚ ਪੰਜਾਬ ਦੀ ਜ਼ਿੰਮੇਵਾਰੀ ਸਤੀਸ਼ ਪੂਨੀਆ ਨੂੰ ਦਿੱਤੀ ਗਈ ਹੈ। ਉਨ੍ਹਾਂ ਦੇ ਨਾਲ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਿਰੇਂਦਰ ਸਚਦੇਵਾ ਅਤੇ ਅਲਕਾ ਗੁਰਜਰ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ।
ਸਮ੍ਰਿਤੀ ਇਰਾਨੀ ਨੂੰ ਹਰਿਆਣਾ ਦੀ ਜ਼ਿੰਮੇਵਾਰੀ
ਪਾਰਟੀ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਨਵ-ਨਿਯੁਕਤ ਕੌਮੀ ਜਨਰਲ ਸਕੱਤਰ ਸਮ੍ਰਿਤੀ ਇਰਾਨੀ ਨੂੰ ਹਰਿਆਣਾ ਦਾ ਇੰਚਾਰਜ ਨਿਯੁਕਤ ਕੀਤਾ ਹੈ। ਭੋਲਾ ਸਿੰਘ ਉਨ੍ਹਾਂ ਨਾਲ ਸਹਿ-ਇੰਚਾਰਜ ਵਜੋਂ ਕੰਮ ਕਰਨਗੇ।
ਹਿਮਾਚਲ ਤੇ ਚੰਡੀਗੜ੍ਹ ਲਈ ਵੀ ਨਵੀਆਂ ਨਿਯੁਕਤੀਆਂ
ਹਿਮਾਚਲ ਪ੍ਰਦੇਸ਼ ਦੀ ਜ਼ਿੰਮੇਵਾਰੀ ਉੱਤਰ ਪ੍ਰਦੇਸ਼ ਦੇ ਸੀਨੀਅਰ ਆਗੂ ਸ੍ਰੀਕਾਂਤ ਸ਼ਰਮਾ ਨੂੰ ਸੌਂਪੀ ਗਈ ਹੈ, ਜਦਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਲਈ ਮਹੇਂਦਰ ਪਾਂਡੇ ਨੂੰ ਇੰਚਾਰਜ ਬਣਾਇਆ ਗਿਆ ਹੈ। ਮਹਾਰਾਸ਼ਟਰ ਵਿੱਚ ਰਾਜ ਸਭਾ ਮੈਂਬਰ ਬੈਜਯੰਤ ਪਾਂਡਾ ਨੂੰ ਇੰਚਾਰਜ ਲਾਇਆ ਗਿਆ ਹੈ ਅਤੇ ਅਮਿਤ ਮਾਲਵੀਆ ਤੇ ਕਮਲਜੀਤ ਸਹਿਰਾਵਤ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਤਰੁਣ ਚੁੱਘ ਨੂੰ ਗੁਜਰਾਤ ਦੀ ਜ਼ਿੰਮੇਵਾਰੀ
ਭਾਜਪਾ ਨੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਗੁਜਰਾਤ ਦਾ ਇੰਚਾਰਜ ਬਣਾਇਆ ਹੈ। ਇਸ ਤੋਂ ਇਲਾਵਾ ਬਿਪਲਬ ਦੇਵ ਨੂੰ ਮੱਧ ਪ੍ਰਦੇਸ਼ ਅਤੇ ਵਿਨੈ ਸਹਸ੍ਰਬੁੱਧੇ ਨੂੰ ਦਿੱਲੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਦਿੱਲੀ ਵਿੱਚ ਜਾਮਯਾਂਗ ਤਸੇਰਿੰਗ ਨਾਮਗਿਆਲ ਸਹਿ-ਇੰਚਾਰਜ ਵਜੋਂ ਉਨ੍ਹਾਂ ਦੇ ਨਾਲ ਕੰਮ ਕਰਨਗੇ।
ਚੋਣਾਂ ਵਾਲੇ ਸੂਬਿਆਂ ਲਈ ਵੀ ਤੈਅ ਕੀਤੀਆਂ ਜ਼ਿੰਮੇਵਾਰੀਆਂ
ਭਾਜਪਾ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਵਿੱਚ ਵੀ ਨਵੀਆਂ ਸੰਗਠਨਾਤਮਕ ਜ਼ਿੰਮੇਵਾਰੀਆਂ ਤੈਅ ਕੀਤੀਆਂ ਹਨ। ਪੰਜਾਬ ਲਈ ਸਤੀਸ਼ ਪੂਨੀਆ, ਉੱਤਰ ਪ੍ਰਦੇਸ਼ ਲਈ ਵਿਨੋਦ ਤਾਵੜੇ, ਗੋਆ ਲਈ ਭਾਰਤੀ ਪਵਾਰ, ਮਣੀਪੁਰ ਲਈ ਰਾਜਦੀਪ ਰਾਏ, ਹਿਮਾਚਲ ਪ੍ਰਦੇਸ਼ ਲਈ ਸ੍ਰੀਕਾਂਤ ਸ਼ਰਮਾ ਅਤੇ ਗੁਜਰਾਤ ਲਈ ਤਰੁਣ ਚੁੱਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।

