ਮੈਡੀਕਲ ਵਿਦਿਆਰਥਣ ਦੀ ਸ਼ਿਕਾਇਤ ਤੇ ਹੋਈ ਕਾਰਵਾਈ; ਕੁੱਟਮਾਰ ਤੇ ਧਮਕੀ ਦੇਣ ਦੇ ਵੀ ਲੱਗੇ ਦੋਸ਼, ਕ੍ਰਿਕਟਰ ਨੇ ਦੋਸ਼ ਨਕਾਰੇ
ਨਵੀਂ ਦਿੱਲੀ :- ਦਿੱਲੀ ਕੈਪੀਟਲਜ਼ ਵੱਲੋਂ ਆਈ.ਪੀ.ਐਲ. ਵਿੱਚ ਖੇਡ ਚੁੱਕੇ ਬੰਗਾਲ ਦੇ ਵਿਕਟਕੀਪਰ-ਬੱਲੇਬਾਜ਼ ਅਭਿਸ਼ੇਕ ਪੋਰੇਲ ਨੂੰ ਵਿਆਹ ਦਾ ਵਾਅਦਾ ਕਰਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ਾਂ ਨਾਲ ਜੁੜੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇੱਕ ਮੈਡੀਕਲ ਵਿਦਿਆਰਥਣ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਸ਼ਿਕਾਇਤ ਵਿੱਚ ਸਰੀਰਕ ਸਬੰਧ ਬਣਾਉਣ ਤੋਂ ਇਲਾਵਾ ਕੁੱਟਮਾਰ ਅਤੇ ਧਮਕਾਉਣ ਦੇ ਦੋਸ਼ ਵੀ ਲਗਾਏ ਗਏ ਹਨ।
ਮੈਡੀਕਲ ਵਿਦਿਆਰਥਣ ਨੇ ਲਾਏ ਦੋਸ਼
ਪੁਲਿਸ ਅਨੁਸਾਰ ਸ਼ਿਕਾਇਤਕਰਤਾ ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਅਭਿਸ਼ੇਕ ਪੋਰੇਲ ਨੇ ਉਸ ਨਾਲ ਵਿਆਹ ਕਰਨ ਦਾ ਭਰੋਸਾ ਦੇ ਕੇ ਸਰੀਰਕ ਸਬੰਧ ਬਣਾਏ। ਸ਼ਿਕਾਇਤ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦੋਵਾਂ ਵਿਚਕਾਰ ਨਿੱਜੀ ਪਲਾਂ ਦੀ ਵੀਡੀਓ ਵੀ ਬਣਾਈ ਗਈ ਸੀ। ਮਹਿਲਾ ਨੇ ਕ੍ਰਿਕਟਰ ’ਤੇ ਕੁੱਟਮਾਰ ਕਰਨ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ ਵੀ ਲਗਾਏ ਹਨ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਅਦਾਲਤੀ ਕਾਰਵਾਈ ਤੋਂ ਬਾਅਦ ਪੁਲਿਸ ਵੱਲੋਂ ਅਭਿਸ਼ੇਕ ਪੋਰੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਮਾਮੀ ਸਿਟੀ ਤੋਂ ਪੁਲਿਸ ਨੇ ਕੀਤਾ ਕਾਬੂ
ਪੁਲਿਸ ਮੁਤਾਬਕ ਅਭਿਸ਼ੇਕ ਪੋਰੇਲ ਨੂੰ ਦਮ ਦਮ ਥਾਣਾ ਖੇਤਰ ਵਿੱਚ ਪੈਂਦੇ ਇਮਾਮੀ ਸਿਟੀ ਤੋਂ ਹਿਰਾਸਤ ਵਿੱਚ ਲਿਆ ਗਿਆ। ਇਸ ਮਾਮਲੇ ਵਿੱਚ ਕਲਕੱਤਾ ਹਾਈ ਕੋਰਟ ਵੱਲੋਂ ਵੀ ਪੁਲਿਸ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ਤੋਂ ਬਾਅਦ ਗ੍ਰਿਫ਼ਤਾਰੀ ਕੀਤੀ ਗਈ।
ਪੋਰੇਲ ਨੇ ਦੋਸ਼ਾਂ ਨੂੰ ਕੀਤਾ ਰੱਦ
ਦੂਜੇ ਪਾਸੇ ਅਭਿਸ਼ੇਕ ਪੋਰੇਲ ਨੇ ਆਪਣੇ ਵਿਰੁੱਧ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਮਾਮਲੇ ਦੀ ਪੁਲਿਸ ਜਾਂਚ ਜਾਰੀ ਹੈ ਅਤੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਸੱਚਾਈ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

