ਮਾਂ ਨੇ ਕਮਰੇ ਵਿੱਚ ਦੇਖੀ ਪੁੱਤਰ ਦੀ ਲਾਸ਼
ਮੁਕੇਸ਼ ਕੁਮਾਰ ਕਰਨਾਲ ਦੀ ਗੁਰੂ ਨਾਨਕਪੁਰਾ ਕਾਲੋਨੀ ਦੇ ਰਹਿਣ ਵਾਲੇ ਸਨ। ਪੁਲਸ ਦੀ ਨੌਕਰੀ ਦੇ ਨਾਲ-ਨਾਲ ਉਹ ਪਿੰਗਲੀ ਚੌਕ ਵਿੱਚ ‘ਪਾਲ ਸਰਵਿਸ ਸਟੇਸ਼ਨ’ ਵੀ ਚਲਾਉਂਦੇ ਸਨ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮੁਕੇਸ਼ ਬੀਤੀ ਰਾਤ ਆਪਣੇ ਭਰਾ ਕੋਲ ਹੀ ਰੁਕੇ ਸਨ। ਸਵੇਰੇ ਘਰੋਂ ਨਿਕਲਣ ਸਮੇਂ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਸਰਵਿਸ ਸਟੇਸ਼ਨ ਜਾ ਰਹੇ ਹਨ।
ਕੁਝ ਸਮੇਂ ਬਾਅਦ ਉਨ੍ਹਾਂ ਦੀ ਮਾਂ ਉੱਥੇ ਪਹੁੰਚੀ। ਜਦੋਂ ਉਨ੍ਹਾਂ ਨੇ ਅੰਦਰਲੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਮੁਕੇਸ਼ ਦੀ ਲਾਸ਼ ਫਾਹੇ ਨਾਲ ਲਟਕਦੀ ਦੇਖੀ। ਉਨ੍ਹਾਂ ਦੇ ਰੌਲਾ ਪਾਉਣ ’ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ।
ਪਤਨੀ ਨਾਲ ਵਿਵਾਦ ਦੀ ਗੱਲ ਵੀ ਆਈ ਸਾਹਮਣੇ
ਪਰਿਵਾਰਕ ਮੈਂਬਰਾਂ ਨਾਲ ਮੁੱਢਲੀ ਗੱਲਬਾਤ ਦੌਰਾਨ ਮੁਕੇਸ਼ ਦੇ ਵਿਆਹੁਤਾ ਜੀਵਨ ਵਿੱਚ ਤਣਾਅ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਦੇ ਭਰਾ ਅਨੁਸਾਰ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਮੁਕੇਸ਼ ਦਾ ਆਪਣੀ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ। ਭਰਾ ਨੇ ਇਹ ਵੀ ਦੱਸਿਆ ਕਿ ਘਰੇਲੂ ਤਣਾਅ ਕਾਰਨ ਉਹ ਪਿਛਲੇ ਕਈ ਮਹੀਨਿਆਂ ਤੋਂ ਪੁਲਸ ਡਿਊਟੀ ਤੋਂ ਗੈਰਹਾਜ਼ਰ ਸਨ।
ਹਾਲਾਂਕਿ ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਘਰੇਲੂ ਵਿਵਾਦ ਨੂੰ ਮੌਤ ਦਾ ਇਕਮਾਤਰ ਕਾਰਨ ਨਹੀਂ ਮੰਨਿਆ ਜਾ ਸਕਦਾ। ਮਾਮਲੇ ਦੇ ਸਾਰੇ ਸੰਭਾਵਿਤ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਐੱਫਐੱਸਐੱਲ ਟੀਮ ਨੇ ਇਕੱਠੇ ਕੀਤੇ ਸਬੂਤ
ਮੌਕੇ ’ਤੇ ਪਹੁੰਚੀ ਐੱਫਐੱਸਐੱਲ ਟੀਮ ਨੇ ਕਮਰੇ ਦੀ ਬਾਰੀਕੀ ਨਾਲ ਜਾਂਚ ਕਰਕੇ ਲੋੜੀਂਦੇ ਸਬੂਤ ਇਕੱਠੇ ਕੀਤੇ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੌਤ ਦੇ ਅਸਲ ਕਾਰਨਾਂ ਬਾਰੇ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।