ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦੀ ਅਗਵਾਈ ’ਚ ਹੋਈ ਮੀਟਿੰਗ; ‘ਵੰਦੇ ਮਾਤਰਮ’ ਦੇ ਨਾਅਰਿਆਂ ਦਰਮਿਆਨ ਸੰਸਦ ਮੈਂਬਰਾਂ ਨੇ ਲਹਿਰਾਇਆ ਤਿਰੰਗਾ
ਨਵੀਂ ਦਿੱਲੀ : ਐੱਨ.ਡੀ.ਏ. ਸੰਸਦੀ ਦਲ ਦੀ ਹਫ਼ਤਾਵਾਰੀ ਮੀਟਿੰਗ ‘ਮੰਗਲ ਮਿਲਨ’ ਮੰਗਲਵਾਰ ਨੂੰ ਸੰਸਦ ਭਵਨ ਦੀ ਲਾਇਬ੍ਰੇਰੀ ਇਮਾਰਤ ਸਥਿਤ ਜੀ.ਐੱਮ.ਸੀ. ਬਾਲਯੋਗੀ ਆਡੀਟੋਰੀਅਮ ਵਿਖੇ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਐੱਮ.ਪੀ. ਰਾਜਿੰਦਰ ਗੁਪਤਾ ਸਮੇਤ ਐੱਨ.ਡੀ.ਏ. ਦੇ ਕਈ ਸੰਸਦ ਮੈਂਬਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, ਕੇਂਦਰੀ ਮੰਤਰੀ ਜੇ.ਪੀ. ਨੱਡਾ ਅਤੇ ਐੱਨ.ਡੀ.ਏ. ਦੇ ਹੋਰ ਆਗੂ ਵੀ ਮੌਜੂਦ ਰਹੇ। ਇਸ ਦੌਰਾਨ ਸੰਸਦੀ ਦਲ ਦੀਆਂ ਗਤੀਵਿਧੀਆਂ ਅਤੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
‘ਵੰਦੇ ਮਾਤਰਮ’ ਦੇ ਨਾਅਰਿਆਂ ਨਾਲ ਲਹਿਰਾਇਆ ਤਿਰੰਗਾ
ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਐੱਨ.ਡੀ.ਏ. ਦੇ ਸੰਸਦ ਮੈਂਬਰਾਂ ਨੇ ਹੱਥਾਂ ਵਿੱਚ ਤਿਰੰਗਾ ਲਹਿਰਾਇਆ। ਇਸ ਮੌਕੇ ‘ਵੰਦੇ ਮਾਤਰਮ’ ਦੇ ਨਾਅਰੇ ਵੀ ਗੂੰਜਦੇ ਰਹੇ। ਐੱਨ.ਡੀ.ਏ. ਆਗੂਆਂ ਅਤੇ ਸੰਸਦ ਮੈਂਬਰਾਂ ਨੇ ਇਕੱਠੇ ਹੋ ਕੇ ਕੌਮੀ ਝੰਡੇ ਪ੍ਰਤੀ ਸਨਮਾਨ ਪ੍ਰਗਟਾਇਆ।
ਵਿਰੋਧੀ ਧਿਰ ਦੇ ਪ੍ਰਦਰਸ਼ਨ ਦਰਮਿਆਨ ਸੰਸਦ ਵੱਲ ਕੂਚ
‘ਮੰਗਲ ਮਿਲਨ’ ਮੀਟਿੰਗ ਤੋਂ ਬਾਅਦ ਐੱਨ.ਡੀ.ਏ. ਦੇ ਸੰਸਦ ਮੈਂਬਰ ਤਿਰੰਗਾ ਲੈ ਕੇ ਸੰਸਦ ਵੱਲ ਰਵਾਨਾ ਹੋਏ। ਇਸ ਦੌਰਾਨ ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ ਅਤੇ ਵਿਰੋਧੀ ਧਿਰ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਐੱਨ.ਡੀ.ਏ. ਦੀ ਇਹ ਮੀਟਿੰਗ ਅਤੇ ਸੰਸਦ ਵੱਲ ਮਾਰਚ ਅਜਿਹੇ ਸਮੇਂ ਹੋਇਆ ਹੈ ਜਦੋਂ ਵਿਰੋਧੀ ਧਿਰ ਵੱਲੋਂ ਜੰਤਰ-ਮੰਤਰ ਵਿਖੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਪੁਲਿਸ ਕਾਰਵਾਈ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੂੰ ਲੈ ਕੇ ਵਿਰੋਧ ਜਤਾਇਆ ਜਾ ਰਿਹਾ ਹੈ।

