ਸ੍ਰੀ ਮੁਕਤਸਰ ਸਾਹਿਬ :- ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚਤਾਣ ਉਸ ਸਮੇਂ ਮੁੜ ਸਾਹਮਣੇ ਆ ਗਈ, ਜਦੋਂ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਅਤੇ ਬਾਜ਼ਾਰਾਂ ਵਿੱਚ ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਦੇ ਵਿਰੋਧ ਵਾਲੇ ਫਲੈਕਸ ਲੱਗੇ ਨਜ਼ਰ ਆਏ। ਇਨ੍ਹਾਂ ਫਲੈਕਸਾਂ ‘ਤੇ ‘ਭੁਪੇਸ਼ ਬਘੇਲ ਗੋ ਬੈਕ’ ਲਿਖਿਆ ਹੋਇਆ ਸੀ।
ਬੈਠਕ ਲਈ ਆਉਣਾ ਸੀ ਮੁਕਤਸਰ
ਜਾਣਕਾਰੀ ਅਨੁਸਾਰ ਭੁਪੇਸ਼ ਬਘੇਲ ਨੇ ਸੋਮਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਪਹੁੰਚ ਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਬੈਠਕ ਕਰਨੀ ਸੀ। ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਹੀ ਬੀਤੀ ਰਾਤ ਅਤੇ ਸਵੇਰੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਇਹ ਫਲੈਕਸ ਲੱਗੇ ਹੋਏ ਦਿਖਾਈ ਦਿੱਤੇ।
ਫਲੈਕਸ ਉਤਾਰੇ ਗਏ, ਕੁਝ ਥਾਵਾਂ ‘ਤੇ ਲੱਗੇ ਰਹਿਣ ਦੀ ਚਰਚਾ
ਸੂਤਰਾਂ ਮੁਤਾਬਕ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਹ ਫਲੈਕਸ ਹਟਾ ਦਿੱਤੇ ਗਏ। ਹਾਲਾਂਕਿ ਕੁਝ ਥਾਵਾਂ ‘ਤੇ ਅਜੇ ਵੀ ਫਲੈਕਸ ਲੱਗੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।
ਵਾਹਨ ਫੜਨ ਅਤੇ ਸ਼ਿਕਾਇਤ ਦੇਣ ਦੀ ਗੱਲ ਆਈ ਸਾਹਮਣੇ
ਇਸ ਮਾਮਲੇ ਵਿੱਚ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਫਲੈਕਸ ਲਗਾਉਣ ਵਾਲੇ ਇੱਕ ਛੋਟੇ ਹਾਥੀ ਵਾਹਨ ਨੂੰ ਕੁਝ ਵਿਅਕਤੀਆਂ ਵੱਲੋਂ ਫੜ ਕੇ ਥਾਣਾ ਸਦਰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਦੱਸੀ ਜਾ ਰਹੀ ਹੈ।
ਕੁੱਟਮਾਰ ਦੇ ਦੋਸ਼, ਜਾਂਚ ਜਾਰੀ
ਇਸ ਤੋਂ ਇਲਾਵਾ ਇਹ ਵੀ ਚਰਚਾ ਹੈ ਕਿ ਫਲੈਕਸ ਲਗਾਉਣ ਵਾਲੇ ਕੁਝ ਵਿਅਕਤੀਆਂ ਨਾਲ ਕਥਿਤ ਤੌਰ ‘ਤੇ ਕੁੱਟਮਾਰ ਹੋਈ ਹੈ, ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਹਾਲਾਂਕਿ ਇਸ ਸਬੰਧੀ ਅਧਿਕਾਰਤ ਤੌਰ ‘ਤੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ ਧੜੇਬੰਦੀ
ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿੱਚ ਪਿਛਲੇ ਦਿਨੀਂ ਕਾਂਗਰਸ ਦੇ ਕੁਝ ਪੁਰਾਣੇ ਆਗੂਆਂ ਅਤੇ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਨੂੰ ਲੈ ਕੇ ਅਸਹਿਮਤੀ ਜਤਾਈ ਗਈ ਸੀ। ਉਧਰ, ਭੁਪੇਸ਼ ਬਘੇਲ ਦਾ ਅੱਜ ਦਾ ਮੁਕਤਸਰ ਦੌਰਾ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ।

