Homeਸਰਕਾਰੀ ਖ਼ਬਰਾਂਪੰਜਾਬ ਸਰਕਾਰਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਨਾਕ ਆਊਟ ਮੁਕਾਬਲਿਆਂ ਲਈ ਮੋਹਾਲੀ ਤਿਆਰ, ਸੈਮੀ ਫ਼ਾਈਨਲ...

ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਨਾਕ ਆਊਟ ਮੁਕਾਬਲਿਆਂ ਲਈ ਮੋਹਾਲੀ ਤਿਆਰ, ਸੈਮੀ ਫ਼ਾਈਨਲ 4 ਨਵੰਬਰ ਨੂੰ

WhatsApp Group Join Now
WhatsApp Channel Join Now

ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਪੰਜਾਬ ਦੀ ਧਰਤੀ ਉਤੇ ਪਹਿਲੀ ਵਾਰ ਖੇਡੇ ਜਾ ਰਹੇ ਕੌਮਾਂਤਰੀ ਹਾਕੀ ਟੂਰਨਾਮੈਂਟ ‘ਏਸ਼ੀਅਨ ਚੈਂਪੀਅਨਜ਼ ਟਰਾਫੀ’ ਦੇ ਜਲੰਧਰ ਵਿਖੇ ਲੀਗ ਮੈਚਾਂ ਦੇ ਸਫਲ ਪ੍ਰਬੰਧਨ ਤੋਂ ਬਾਅਦ ਹੁਣ ਇਸ ਟੂਰਨਾਮੈਂਟ ਦਾ ਦੂਜਾ ਮੇਜ਼ਬਾਨ ਸ਼ਹਿਰ ਮੋਹਾਲੀ ਨਾਕ ਆਊਟ ਮੁਕਾਬਲਿਆਂ ਲਈ ਤਿਆਰ ਹੈ। ਭਲਕੇ 4 ਨਵੰਬਰ ਨੂੰ ਸੈਮੀ ਫ਼ਾਈਨਲ ਤੇ ਪੰਜਵੀਂ ਪੁਜੀਸ਼ਨ ਦੇ ਮੈਚ ਨਾਲ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਕੌਮਾਂਤਰੀ ਹਾਕੀ ਨਕਸ਼ੇ ਉਤੇ ਆਪਣੀ ਹਾਜ਼ਰੀ ਦਰਜ ਕਰੇਗਾ। ਇਸ ਸਟੇਡੀਅਮ ਵਿੱਚ ਪਹਿਲੀ ਵਾਰ ਕੋਈ ਕੌਮਾਂਤਰੀ ਹਾਕੀ ਮੈਚ ਖੇਡਿਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਵਿੱਚ ਜਿੱਥੇ ਪਹਿਲੀ ਵਾਰ ਕੋਈ ਕੌਮਾਂਤਰੀ ਹਾਕੀ ਟੂਰਨਾਮੈਂਟ ਹੋਇਆ ਹੈ ਉਥੇ ਮੋਹਾਲੀ ਵਿਖੇ ਪਹਿਲੀ ਵਾਰ ਕੋਈ ਵਾਰ ਕੌਮਾਂਤਰੀ ਹਾਕੀ ਮੈਚ ਹੋ ਰਿਹਾ ਹੈ।

ਜਲੰਧਰ ਵਿਖੇ ਲੀਗ ਸਟੇਜ ਵਿੱਚ ਭਾਰਤ ਪਹਿਲੇ, ਜਾਪਾਨ ਦੂਜੇ, ਮਲੇਸ਼ੀਆ ਤੀਜੇ, ਦੱਖਣੀ ਕੋਰੀਆ ਚੌਥੇ, ਚੀਨ ਪੰਜਵੇਂ ਤੇ ਬੰਗਲਾਦੇਸ਼ ਛੇਵੇਂ ਸਥਾਨ ਉੱਤੇ ਰਿਹਾ ਸੀ। ਭਲਕੇ 4 ਨਵੰਬਰ ਨੂੰ ਨਾਕ ਆਊਟ ਸਟੇਜ ਦੇ ਤਿੰਨ ਮੈਚ ਖੇਡੇ ਜਾਣਗੇ। ਦੋ ਸੈਮੀ ਫ਼ਾਈਨਲ ਅਤੇ ਇਕ ਕਲਾਸੀਫਿਕੇਸ਼ਨ ਮੈਚ ਖੇਡਿਆ ਜਾਵੇਗਾ। ਦਿਨ ਦਾ ਪਹਿਲਾ ਮੈਚ ਦੁਪਹਿਰ ਦੋ ਵਜੇ ਚੀਨ ਤੇ ਬੰਗਲਾਦੇਸ਼ ਵਿਚਾਲੇ ਪੰਜਵੀਂ ਪੁਜੀਸ਼ਨ ਲਈ ਮੈਚ ਖੇਡਿਆ ਜਾਵੇਗਾ। ਸ਼ਾਮ ਸਾਢੇ ਚਾਰ ਵਜੇ ਪਹਿਲੇ ਸੈਮੀ ਫ਼ਾਈਨਲ ਵਿੱਚ ਜਾਪਾਨ ਤੇ ਮਲੇਸ਼ੀਆ ਅਤੇ ਸ਼ਾਮ ਸੱਤ ਵਜੇ ਦੂਜੇ ਸੈਮੀ ਫ਼ਾਈਨਲ ਲਈ ਭਾਰਤ ਤੇ ਦੱਖਣੀ ਕੋਰੀਆ ਆਹਮੋ-ਸਾਹਮਣੇ ਹੋਣਗੇ। ਚਾਰੇ ਟੀਮਾਂ 5 ਨਵੰਬਰ ਨੂੰ ਮੋਹਾਲੀ ਵਿਖੇ ਹੀ ਹੋਣ ਵਾਲੇ ਫ਼ਾਈਨਲ ਮੁਕਾਬਲੇ ਵਿੱਚ ਪੁੱਜਣ ਲਈ ਪੂਰਾ ਜ਼ੋਰ ਲਗਾਉਣਗੀਆਂ। ਸੈਮੀ ਫ਼ਾਈਨਲ ਵਿੱਚ ਹਾਰਨ ਵਾਲੀਆਂ ਦੋਵੇਂ ਟੀਮਾਂ ਕਾਂਸੀ ਦੇ ਤਮਗ਼ੇ ਲਈ ਖੇਡਣਗੀਆਂ।

ਹੁਣ ਤੱਕ ਪਹਿਲਾ ਅੱਠ ਚੈਂਪੀਅਨਜ਼ ਟਰਾਫੀ ਮੁਕਾਬਲੇ ਹੋਏ ਹਨ ਜਿਨਾਂ ਵਿੱਚ ਸਭ ਤੋਂ ਵੱਧ ਵਾਰ ਭਾਰਤ ਨੇ ਛੇ ਵਾਰ ਫ਼ਾਈਨਲ ਖੇਡਿਆ ਹੈ। ਭਾਰਤ ਇਕ ਵਾਰ ਸਾਂਝੇ ਜੇਤੂ ਸਮੇਤ ਪੰਜ ਵਾਰ ਜੇਤੂ ਬਣਿਆ ਹੈ ਅਤੇ ਇਕ ਵਾਰ ਉਪ ਜੇਤੂ ਬਣਿਆ ਹੈ। ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਵਿੱਚ ਭਾਰਤ ਤੋਂ ਬਾਅਦ ਜਾਪਾਨ ਦੋ ਵਾਰ ਅਤੇ ਦੱਖਣੀ ਕੋਰੀਆ, ਮਲੇਸ਼ੀਆ ਤੇ ਚੀਨ ਇੱਕ-ਇੱਕ ਵਾਰ ਫ਼ਾਈਨਲ ਵਿੱਚ ਪੁੱਜੇ ਹਨ। ਭਾਰਤ ਸੱਤਵੀਂ ਵਾਰ, ਜਾਪਾਨ ਤੀਜੀ ਵਾਰ ਅਤੇ ਦੱਖਣੀ ਕੋਰੀਆ, ਮਲੇਸ਼ੀਆ ਤੇ ਚੀਨ ਦੂਜੀ ਵਾਰ ਫ਼ਾਈਨਲ ਖੇਡਣ ਲਈ ਪੂਰੀ ਵਾਹ ਲਗਾਉਣਗੇ। ਟਰਾਫੀ ਦੀ ਦੌੜ ਵਿੱਚ ਚਾਰ ਟੀਮਾਂ ਵਿੱਚੋਂ ਭਾਰਤ ਨੇ ਹੁਣ ਪੰਜ ਵਾਰ ਟਰਾਫੀ ਜਿੱਤੀ ਹੈ ਜਦੋਂ ਕਿ ਦੱਖਣੀ ਕੋਰੀਆ ਨੇ ਇਕ ਵਾਰ ਜਿੱਤੀ ਹੈ। ਜਾਪਾਨ ਦੋ ਵਾਰ ਤੇ ਮਲੇਸ਼ੀਆ ਇਕ ਵਾਰ ਉਪ ਜੇਤੂ ਰਿਹਾ ਹੈ।

ਇਸ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਹੁਣ ਤੱਕ ਅਜੇਤੂ ਰਿਹਾ ਹੈ ਅਤੇ ਖੇਡੇ ਸਾਰੇ ਪੰਜ ਮੈਚ ਜਿੱਤੇ ਹਨ। ਭਾਰਤ ਤੋਂ ਬਾਅਦ ਜਾਪਾਨ ਨੇ ਤਿੰਨ ਮੈਚ ਜਿੱਤੇ ਹਨ ਅਤੇ ਇਕ ਡਰਾਅ ਖੇਡਿਆ ਹੈ, ਮਲੇਸ਼ੀਆ ਨੇ ਤਿੰਨ ਅਤੇ ਦੱਖਣੀ ਕੋਰੀਆ ਨੇ ਦੋ ਮੈਚ ਜਿੱਤੇ ਹਨ। ਚੀਨ ਨੇ ਦੋ ਡਰਾਅ ਤੇ ਬੰਗਲਾਦੇਸ਼ ਨੇ ਇਕ ਡਰਾਅ ਖੇਡਿਆ ਹੈ। ਭਾਰਤ ਨੇ ਕੁੱਲ ਸਭ ਤੋਂ ਵੱਧ 34 ਗੋਲ ਕੀਤੇ ਹਨ। ਮਲੇਸ਼ੀਆ ਨੇ ਕੁੱਲ 17 ਗੋਲ, ਦੱਖਣੀ ਕੋਰੀਆ ਤੇ ਚੀਨ ਨੇ 10-10, ਜਾਪਾਨ ਨੇ 9 ਗੋਲ ਅਤੇ ਬੰਗਲਾਦੇਸ਼ ਨੇ ਦੋ ਗੋਲ ਕੀਤੇ ਹਨ।

ਖਿਡਾਰੀਆਂ ਦੇ ਨਿੱਜੀ ਰਿਕਾਰਡ ਦੀ ਗੱਲ ਕਰੀਏ ਤਾਂ ਭਾਰਤ ਦਾ ਕਪਤਾਨ ਹਰਮਨਪ੍ਰੀਤ ਸਿੰਘ 9 ਗੋਲਾਂ ਨਾਲ ਟਾਪ ਸਕੋਰਰ ਚੱਲ ਰਿਹਾ ਹੈ। ਉਸ ਤੋਂ ਬਾਅਦ ਮਲੇਸ਼ੀਆ ਦੇ ਅਬੁ ਕਮਲ ਅਜ਼ਰਾਈ ਨੇ ਪੰਜ ਗੋਲ, ਭਾਰਤ ਦੇ ਦਿਲਪ੍ਰੀਤ ਸਿੰਘ ਤੇ ਸੁਖਜੀਤ ਸਿੰਘ ਅਤੇ ਚੀਨ ਦੇ ਬੇਨਹਾਈ ਚੇਨ ਨੇ ਚਾਰ-ਚਾਰ ਗੋਲ, ਭਾਰਤ ਦੇ ਮਨਦੀਪ ਸਿੰਘ, ਅਭਿਸ਼ੇਕ ਤੇ ਜੁਗਰਾਜ ਸਿੰਘ, ਦੱਖਣੀ ਕੋਰੀਆ ਦੇ ਡੇਨ ਸੁਨ, ਜਾਪਾਨ ਦੇ ਕੇਂਟਾਰੋ ਫੁਕੂਦਾ ਤੇ ਮਲੇਸ਼ੀਆ ਦੇ ਅਜ਼ੀਮੂਦੀਨ ਨੇ ਤਿੰਨ-ਤਿੰਨ ਗੋਲ ਕੀਤੇ ਹਨ।

27 ਨਵੰਬਰ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ ਹੋਈ ਸੀ ਅਤੇ 5 ਨਵੰਬਰ ਨੂੰ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਸਟੇਡੀਅਮ ਵਿਖੇ ਫ਼ਾਈਨਲ ਖੇਡਿਆ ਜਾਵੇਗਾ।

ਐਨਕਾਊਂਟਰ ਨਿਊਜ਼ ਉੱਤੇ ਸਾਰੀ ਖ਼ਬਰਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੀਜੇ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸਲਈ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ। ਕਿਸੇ ਵੀ ਸਮੱਸਿਆ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। 

Encounter News
Encounter News
ਖ਼ਬਰਾਂ ਦੀ ਖਿੜਕੀ
ਤਾਜ਼ਾ ਖਬਰਾਂ

LEAVE A REPLY

Please enter your comment!
Please enter your name here

Most Popular

Lifestyle