ਨਵੀਂ ਦਿੱਲੀ :- ਭਾਰਤੀ ਹਵਾਈ ਸੈਨਾ ਦੀ ਤਾਕਤ ਵਧਾਉਣ ਲਈ 114 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਯੋਜਨਾ ਇੱਕ ਹੋਰ ਪੜਾਅ ਅੱਗੇ ਵਧ ਗਈ ਹੈ। ਫਰਾਂਸ ਨੇ ਇਸ ਸਬੰਧੀ ਵਿਸਥਾਰਤ ਤਕਨੀਕੀ ਅਤੇ ਵਪਾਰਕ ਪ੍ਰਸਤਾਵ ਭਾਰਤ ਨੂੰ ਸੌਂਪ ਦਿੱਤੇ ਹਨ, ਜਿਸ ਤੋਂ ਬਾਅਦ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਦਾ ਰਸਤਾ ਖੁੱਲ੍ਹ ਗਿਆ ਹੈ।
ਸੂਤਰਾਂ ਮੁਤਾਬਕ ਇਹ ਪ੍ਰਸਤਾਵ ਭਾਰਤ ਵੱਲੋਂ ਮਈ ਮਹੀਨੇ ਵਿੱਚ ਜਾਰੀ ਕੀਤੇ ਗਏ ‘ਲੇਟਰ ਆਫ਼ ਰਿਕਵੈਸਟ’ ਦੇ ਜਵਾਬ ਵਿੱਚ ਦਿੱਤੇ ਗਏ ਹਨ। ਕਰੀਬ 3.25 ਲੱਖ ਕਰੋੜ ਰੁਪਏ ਦੀ ਇਸ ਡੀਲ ਨੂੰ ਸਰਕਾਰ-ਤੋਂ-ਸਰਕਾਰ (G2G) ਸਮਝੌਤੇ ਤਹਿਤ ਅੱਗੇ ਵਧਾਇਆ ਜਾ ਰਿਹਾ ਹੈ।
94 ਰਾਫੇਲ ਜਹਾਜ਼ ਭਾਰਤ ਵਿੱਚ ਤਿਆਰ ਕਰਨ ਦੀ ਯੋਜਨਾ
ਪ੍ਰਸਤਾਵ ਮੁਤਾਬਕ 114 ਰਾਫੇਲ ਲੜਾਕੂ ਜਹਾਜ਼ਾਂ ਵਿੱਚੋਂ 94 ਜਹਾਜ਼ ਭਾਰਤ ਵਿੱਚ ਹੀ ਤਿਆਰ ਕੀਤੇ ਜਾਣਗੇ। ਇਸ ਲਈ ਫਰਾਂਸ ਦੀ ਡਸੌਲਟ ਏਵੀਏਸ਼ਨ ਭਾਰਤੀ ਕੰਪਨੀਆਂ ਨਾਲ ਮਿਲ ਕੇ ਉਤਪਾਦਨ ਲਾਈਨ ਸਥਾਪਿਤ ਕਰੇਗੀ।
ਭਾਰਤ ਦਾ ਟੀਚਾ ਭਵਿੱਖ ਵਿੱਚ ਇਸ ਪ੍ਰੋਜੈਕਟ ਵਿੱਚ ਘੱਟੋ-ਘੱਟ 50 ਫ਼ੀਸਦੀ ਸਵਦੇਸ਼ੀ ਸਮੱਗਰੀ ਸ਼ਾਮਲ ਕਰਨ ਦਾ ਹੈ, ਤਾਂ ਜੋ ਦੇਸ਼ ਵਿੱਚ ਲੜਾਕੂ ਜਹਾਜ਼ ਨਿਰਮਾਣ ਸਮਰੱਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
20 ਜਹਾਜ਼ ਫਰਾਂਸ ਤੋਂ ਸਿੱਧੇ ਮਿਲਣਗੇ
ਭਾਰਤੀ ਹਵਾਈ ਸੈਨਾ ਦੀਆਂ ਤੁਰੰਤ ਲੋੜਾਂ ਨੂੰ ਪੂਰਾ ਕਰਨ ਲਈ 20 ਰਾਫੇਲ ਜਹਾਜ਼ ਫਰਾਂਸ ਤੋਂ ਪੂਰੀ ਤਰ੍ਹਾਂ ਤਿਆਰ ਹਾਲਤ ਵਿੱਚ ਭਾਰਤ ਨੂੰ ਸੌਂਪੇ ਜਾਣਗੇ। ਇਹ ਜਹਾਜ਼ ਪਹਿਲਾਂ ਤੋਂ ਹਵਾਈ ਸੈਨਾ ਵਿੱਚ ਸ਼ਾਮਲ 36 ਰਾਫੇਲ ਲੜਾਕੂ ਜਹਾਜ਼ਾਂ ਦੇ ਬੇੜੇ ਵਿੱਚ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ ਭਾਰਤੀ ਜਲ ਸੈਨਾ ਵੱਲੋਂ ਆਰਡਰ ਕੀਤੇ ਗਏ 26 ਨੇਵਲ ਰਾਫੇਲ ਜਹਾਜ਼ ਵੀ ਇਸ ਸਮਰੱਥਾ ਨੂੰ ਹੋਰ ਵਧਾਉਣਗੇ। ਜਲ ਸੈਨਾ ਆਪਣੇ ਜਹਾਜ਼ੀ ਬੇੜੇ ਲਈ ਹੋਰ ਰਾਫੇਲ ਜਹਾਜ਼ ਖਰੀਦਣ ‘ਤੇ ਵੀ ਵਿਚਾਰ ਕਰ ਰਹੀ ਹੈ।
ਫਰਾਂਸ ਤੋਂ ਬਾਹਰ ਪਹਿਲੀ ਵਾਰ ਹੋਵੇਗਾ ਨਿਰਮਾਣ
ਇਹ ਪ੍ਰੋਜੈਕਟ ਖਾਸ ਇਸ ਲਈ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਪਹਿਲੀ ਵਾਰ ਰਾਫੇਲ ਲੜਾਕੂ ਜਹਾਜ਼ ਫਰਾਂਸ ਤੋਂ ਬਾਹਰ ਤਕਨਾਲੋਜੀ ਟ੍ਰਾਂਸਫਰ ਦੇ ਨਾਲ ਤਿਆਰ ਕੀਤੇ ਜਾਣਗੇ। ਡਸੌਲਟ ਏਵੀਏਸ਼ਨ ਇਸ ਪ੍ਰੋਜੈਕਟ ਦੀ ਅਗਵਾਈ ਕਰੇਗੀ, ਜਦਕਿ ਫਰਾਂਸ ਦੀਆਂ ਹੋਰ ਕੰਪਨੀਆਂ ਜਿਵੇਂ ਸੈਫਰਾਨ, ਥੇਲਸ ਅਤੇ ਐੱਮਬੀਡੀਏ ਵੀ ਇੰਜਣ, ਐਵੀਓਨਿਕਸ ਅਤੇ ਹਥਿਆਰ ਪ੍ਰਣਾਲੀਆਂ ਨਾਲ ਜੁੜੀ ਤਕਨਾਲੋਜੀ ਵਿੱਚ ਸਹਿਯੋਗ ਦੇਣਗੀਆਂ।
ਇਸੇ ਵਿੱਤੀ ਸਾਲ ਵਿੱਚ ਸਮਝੌਤੇ ਦੀ ਉਮੀਦ
ਸੂਤਰਾਂ ਅਨੁਸਾਰ ਭਾਰਤ ਸਰਕਾਰ ਦਾ ਟੀਚਾ ਇਸੇ ਵਿੱਤੀ ਸਾਲ ਦੌਰਾਨ ਇਸ ਵੱਡੇ ਰੱਖਿਆ ਸਮਝੌਤੇ ‘ਤੇ ਦਸਤਖ਼ਤ ਕਰਨ ਦਾ ਹੈ। ਅਗਸਤ ਦੇ ਅੰਤ ਜਾਂ ਸਤੰਬਰ ਦੀ ਸ਼ੁਰੂਆਤ ਵਿੱਚ ਕੀਮਤ ਅਤੇ ਤਕਨੀਕੀ ਸ਼ਰਤਾਂ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਦੇ ਕਈ ਦੌਰ ਹੋ ਸਕਦੇ ਹਨ।
ਰੱਖਿਆ ਮੰਤਰਾਲੇ ਵੱਲੋਂ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਕੈਬਿਨੇਟ ਕਮੇਟੀ ਆਨ ਸਿਕਿਉਰਿਟੀ (CCS) ਕੋਲ ਭੇਜਿਆ ਜਾਵੇਗਾ। ਮਨਜ਼ੂਰੀ ਤੋਂ ਬਾਅਦ ਫਰਾਂਸ ਨੂੰ ‘ਲੇਟਰ ਆਫ਼ ਐਕਸੈਪਟੈਂਸ’ ਜਾਰੀ ਕੀਤਾ ਜਾਵੇਗਾ, ਜਿਸ ਨਾਲ ਖਰੀਦ ਪ੍ਰਕਿਰਿਆ ਅੰਤਿਮ ਪੜਾਅ ਵਿੱਚ ਪਹੁੰਚ ਜਾਵੇਗੀ।

