ਬੈਰੀਕੇਡ ਹਟਾ ਕੇ ਅੱਗੇ ਵਧੇ ਕਿਸਾਨ, ਪੁਲਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਤੇ ਅੱਥਰੂ ਗੈਸ ਛੱਡੀ
ਹਰਿਆਣਾ :- ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਦੇ ਮੁੱਦੇ ਨੂੰ ਲੈ ਕੇ ਕੁਰੂਕਸ਼ੇਤਰ ਵਿੱਚ ਕਿਸਾਨਾਂ ਅਤੇ ਪੁਲਸ ਵਿਚਾਲੇ ਤਣਾਅ ਦੀ ਸਥਿਤੀ ਬਣ ਗਈ। ਭਾਰਤੀ ਕਿਸਾਨ ਯੂਨੀਅਨ (ਚੜੂਨੀ) ਵੱਲੋਂ ਜੀ.ਟੀ. ਰੋਡ ਜਾਮ ਕਰਨ ਦੇ ਐਲਾਨ ਤੋਂ ਬਾਅਦ ਕਿਸਾਨ ਬਰਾੜਾ ਰੋਡ ਵੱਲ ਵਧੇ, ਜਿੱਥੇ ਪੁਲਸ ਨੇ ਰਸਤਾ ਰੋਕਣ ਲਈ ਬੈਰੀਕੇਡ ਲਗਾਏ ਹੋਏ ਸਨ।
ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਮਗਰੋਂ ਪੁਲਸ ਕਾਰਵਾਈ
ਕਿਸਾਨਾਂ ਨੇ ਬੈਰੀਕੇਡਿੰਗ ਪਾਰ ਕਰਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਲਈ ਵਾਟਰ ਕੈਨਨ ਦੀ ਵਰਤੋਂ ਕੀਤੀ। ਇਸ ਦੌਰਾਨ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਗਏ। ਕੁਝ ਕਿਸਾਨ ਫਲਾਈਓਵਰ ’ਤੇ ਚੜ੍ਹ ਗਏ, ਜਿਨ੍ਹਾਂ ਨੂੰ ਪੁਲਸ ਨੇ ਬਾਅਦ ਵਿੱਚ ਹੇਠਾਂ ਉਤਾਰ ਲਿਆ।

ਡੀਸੀ ਨਾਲ ਮੀਟਿੰਗ ਤੋਂ ਬਾਅਦ ਵਿਗੜਿਆ ਮਾਮਲਾ
ਇਸ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਡੀਸੀ ਵਿਸ਼ਰਾਮ ਕੁਮਾਰ ਮੀਣਾ ਨਾਲ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਮੰਗਾਂ ’ਤੇ ਸਹਿਮਤੀ ਨਾ ਬਣਨ ਤੋਂ ਬਾਅਦ ਕਿਸਾਨਾਂ ਨੇ ਜੀ.ਟੀ. ਰੋਡ ਵੱਲ ਵਧਣ ਦਾ ਫੈਸਲਾ ਕੀਤਾ। ਇਸੇ ਦੌਰਾਨ ਬਰਾੜਾ ਰੋਡ ’ਤੇ ਪੁਲਸ ਨਾਲ ਉਨ੍ਹਾਂ ਦਾ ਟਕਰਾਅ ਹੋ ਗਿਆ।
ਸ਼ਹੀਦ ਊਧਮ ਸਿੰਘ ਸਮਾਰਕ ਨੇੜੇ ਲਾਇਆ ਧਰਨਾ
ਕਾਰਵਾਈ ਤੋਂ ਬਾਅਦ ਕਿਸਾਨਾਂ ਨੇ ਸ਼ਹੀਦ ਊਧਮ ਸਿੰਘ ਸਮਾਰਕ ਦੇ ਨੇੜੇ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਉਹ ਉੱਥੋਂ ਨਹੀਂ ਹਟਣਗੇ। ਮੌਕੇ ’ਤੇ ਪੁਲਸ ਅਧਿਕਾਰੀ ਵੀ ਮੌਜੂਦ ਰਹੇ ਅਤੇ ਐੱਸ.ਪੀ. ਚੰਦਰਮੋਹਨ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਪੁਲਸ ਨੇ ਕਿਹਾ—ਹਾਈਵੇਅ ’ਤੇ ਆਵਾਜਾਈ ਚੱਲ ਰਹੀ
ਡੀਐੱਸਪੀ ਰਣਧੀਰ ਨੇ ਦੱਸਿਆ ਕਿ ਹਾਈਵੇਅ ’ਤੇ ਆਵਾਜਾਈ ਜਾਰੀ ਹੈ। ਪੁਲਸ ਵੱਲੋਂ ਮੌਕੇ ’ਤੇ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਪ੍ਰਬੰਧ ਕੀਤੇ ਗਏ ਹਨ।
ਚੜੂਨੀ ਨੇ ਲਾਏ ਬਲ ਦੀ ਵਰਤੋਂ ਦੇ ਦੋਸ਼
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਪੁਲਸ ’ਤੇ ਕਿਸਾਨਾਂ ਵਿਰੁੱਧ ਬਲ ਦੀ ਵਰਤੋਂ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਕਿਸਾਨਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੇ ਨਾਲ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਗਏ। ਚੜੂਨੀ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਉਨ੍ਹਾਂ ਦੇ ਪੈਰ ’ਤੇ ਵੀ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਸਮੇਤ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਜਾਰੀ ਰਹੇਗਾ ਅਤੇ ਕਿਸਾਨਾਂ ਨੇ ਮੌਕੇ ’ਤੇ ਆਪਣਾ ਮੋਰਚਾ ਲਾ ਦਿੱਤਾ ਹੈ।

