ਆਖਰੀ ਵਾਰ 2 ਅਗਸਤ ਨੂੰ ਉੱਤਰੀ ਡੈਲਟਾ ’ਚ ਦੇਖਿਆ ਗਿਆ ਸੀ ਨੌਜਵਾਨ
ਕੈਨੇਡਾ :- ਕੈਨੇਡਾ ਦੇ ਡੈਲਟਾ ਇਲਾਕੇ ਤੋਂ ਇੱਕ ਪੰਜਾਬੀ ਨੌਜਵਾਨ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਡੈਲਟਾ ਪੁਲਿਸ ਨੇ 29 ਸਾਲਾ ਰਾਯਨ ਬੈਂਸ ਦੀ ਭਾਲ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।
ਪੁਲਿਸ ਮੁਤਾਬਕ ਰਾਯਨ ਬੈਂਸ ਨੂੰ ਆਖਰੀ ਵਾਰ 2 ਅਗਸਤ ਦੀ ਸਵੇਰ ਉੱਤਰੀ ਡੈਲਟਾ ਸਥਿਤ ਆਪਣੇ ਪਰਿਵਾਰਕ ਘਰ ਤੋਂ ਜਾਂਦੇ ਹੋਏ ਦੇਖਿਆ ਗਿਆ ਸੀ। ਉਹ ਸਵੇਰੇ ਕਰੀਬ 8 ਵਜੇ ਤੋਂ ਪਹਿਲਾਂ ਘਰ ਤੋਂ ਬਾਹਰ ਗਿਆ ਸੀ। ਕਈ ਘੰਟਿਆਂ ਤੱਕ ਪਰਿਵਾਰ ਨਾਲ ਸੰਪਰਕ ਨਾ ਹੋਣ ਤੋਂ ਬਾਅਦ ਉਸ ਦੇ ਲਾਪਤਾ ਹੋਣ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ।
ਪੁਲਿਸ ਨੇ ਜਾਰੀ ਕੀਤਾ ਨੌਜਵਾਨ ਦਾ ਹੁਲੀਆ
ਡੈਲਟਾ ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਰਾਯਨ ਬੈਂਸ ਦਾ ਕੱਦ ਲਗਭਗ 6 ਫੁੱਟ 1 ਇੰਚ ਹੈ ਅਤੇ ਉਸ ਦਾ ਸਰੀਰ ਪਤਲਾ ਹੈ। ਉਸ ਦੀਆਂ ਅੱਖਾਂ ਭੂਰੀਆਂ ਅਤੇ ਵਾਲ ਛੋਟੇ ਤੇ ਕਾਲੇ ਹਨ। ਉਸ ਨੇ ਹਲਕੀ ਦਾੜ੍ਹੀ ਰੱਖੀ ਹੋਈ ਹੈ।
ਪੁਲਿਸ ਮੁਤਾਬਕ ਜਦੋਂ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ ਤਾਂ ਉਸ ਨੇ ਕਾਲੀ ਪੈਂਟ ਅਤੇ ਕਾਲੀ ਟੀ-ਸ਼ਰਟ ਪਾਈ ਹੋਈ ਸੀ।
ਗੱਡੀ ਐਨਾਚੀਸ ਆਇਲੈਂਡ ’ਤੇ ਖੜ੍ਹੀ ਮਿਲੀ
ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਰਾਯਨ ਬੈਂਸ ਨੇ ਆਪਣੀ ਗੱਡੀ ਐਨਾਚੀਸ ਆਇਲੈਂਡ ਵਿਖੇ ਪਾਰਕ ਕੀਤੀ ਸੀ। ਇਸ ਤੋਂ ਬਾਅਦ ਉਹ ਪੈਦਲ ਹੀ ਐਲੈਕਸ ਫਰੇਜ਼ਰ ਬ੍ਰਿਜ ਵੱਲ ਗਿਆ।
ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਦੀ ਭਾਲ ਲਈ ਵੱਖ-ਵੱਖ ਪਹਿਲੂਆਂ ਤੋਂ ਪੜਤਾਲ ਕੀਤੀ ਜਾ ਰਹੀ ਹੈ।
ਵੀਡੀਓ ਜਾਂ ਡੈਸ਼ਕੈਮ ਫੁਟੇਜ ਵਾਲਿਆਂ ਨੂੰ ਅਪੀਲ
ਡੈਲਟਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ 2 ਅਗਸਤ ਨੂੰ ਸਵੇਰੇ ਸਵਾ 8 ਵਜੇ ਤੋਂ ਸ਼ਾਮ ਸਾਢੇ 4 ਵਜੇ ਤੱਕ ਦੀ ਕੋਈ ਵੀਡੀਓ ਜਾਂ ਡੈਸ਼ਕੈਮ ਫੁਟੇਜ ਮੌਜੂਦ ਹੈ, ਤਾਂ ਉਹ ਜਾਂਚਕਰਤਾਵਾਂ ਨਾਲ ਸਾਂਝੀ ਕਰਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰਾਯਨ ਬੈਂਸ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਮਿਲਣ ’ਤੇ ਤੁਰੰਤ 604-946-4411 ’ਤੇ ਸੰਪਰਕ ਕੀਤਾ ਜਾਵੇ।

