ਬੱਚੇ ਨੂੰ ਰੋਕਣ ਤੇ ਰਾਹਗੀਰ ਨੇ ਪੁੱਛਿਆ ਕਾਰਨ, ਸ਼ੁਰੂ ਹੋਈ ਤਕਰਾਰ
ਚਸ਼ਮਦੀਦ ਅਰੁਣ ਅਨੁਸਾਰ, ਮੁਲਜ਼ਮ ਨੇ ਪਹਿਲਾਂ ਆਪਣੀ ਕਾਰ ਖੜ੍ਹੀ ਕੀਤੀ ਅਤੇ ਫਿਰ ਪੈਦਲ ਜਾਣ ਲੱਗਾ। ਇਸੇ ਦੌਰਾਨ ਉਸ ਨੇ ਸਕੂਟਰ ’ਤੇ ਟਿਊਸ਼ਨ ਤੋਂ ਵਾਪਸ ਆ ਰਹੇ ਬੱਚੇ ਨੂੰ ਰੋਕ ਲਿਆ। ਜਦੋਂ ਉੱਥੇ ਮੌਜੂਦ ਭਾਟੀਆ ਨਾਂ ਦੇ ਵਿਅਕਤੀ ਨੇ ਬੱਚੇ ਨੂੰ ਰੋਕਣ ਦਾ ਕਾਰਨ ਪੁੱਛਿਆ ਤਾਂ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਚਸ਼ਮਦੀਦਾਂ ਦਾ ਦਾਅਵਾ ਹੈ ਕਿ ਇਸ ਸਮੇਂ ਮੁਲਜ਼ਮ ਨਸ਼ੇ ਦੀ ਹਾਲਤ ਵਿੱਚ ਸੀ।
ਕਾਰ ’ਚੋਂ ਪਿਸਤੌਲ ਕੱਢ ਕੇ ਕੀਤੇ ਅੱਠ ਫਾਇਰ
ਦੇਖਦੇ ਹੀ ਦੇਖਦੇ ਬਹਿਸ ਇੰਨੀ ਵਧ ਗਈ ਕਿ ਮੁਲਜ਼ਮ ਆਪਣੀ ਕਾਰ ਕੋਲ ਗਿਆ ਅਤੇ ਉੱਥੋਂ ਪਿਸਤੌਲ ਕੱਢ ਲਿਆ। ਇਸ ਤੋਂ ਬਾਅਦ ਉਸ ਨੇ ਬੱਚੇ ਵੱਲ ਕਰੀਬ ਅੱਠ ਗੋਲੀਆਂ ਚਲਾਈਆਂ। ਬੱਚੇ ਨੂੰ ਬਚਾਉਣ ਲਈ ਅੱਗੇ ਆਏ ਇੱਕ ਵਿਅਕਤੀ ਦੇ ਹੱਥ ਵਿੱਚ ਗੋਲੀ ਲੱਗ ਗਈ।
ਭੱਜਣ ਦੀ ਕੋਸ਼ਿਸ਼ ਕਰਦਾ ਮੁਲਜ਼ਮ ਲੋਕਾਂ ਨੇ ਦਬੋਚਿਆ
ਗੋਲੀਬਾਰੀ ਕਰਨ ਤੋਂ ਬਾਅਦ ਮੁਲਜ਼ਮ ਨੇ ਆਪਣੀ ਪਿਸਤੌਲ ਸੁੱਟ ਦਿੱਤੀ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਹ ਕੁਝ ਦੂਰੀ ’ਤੇ ਜਾ ਕੇ ਡਿੱਗ ਪਿਆ। ਇਸ ਦੌਰਾਨ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ।
ਪੁਲਸ ਨੇ ਹਥਿਆਰ ਕੀਤਾ ਜ਼ਬਤ, ਜਾਂਚ ਜਾਰੀ
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸੀ-ਡਵੀਜ਼ਨ ਦੀ ਪੁਲਸ ਮੌਕੇ ’ਤੇ ਪਹੁੰਚੀ। ਮੌਕੇ ’ਤੇ ਪਹੁੰਚੇ ਏਐਸਆਈ ਰਜਿੰਦਰ ਨੇ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਵੀ ਜ਼ਬਤ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।