ਚੰਡੀਗੜ੍ਹ :- ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਤਾਪਮਾਨ ਲਗਾਤਾਰ ਵੱਧਣ ਕਾਰਨ ਲੋਕ ਗਰਮੀ ਤੋਂ ਬਚਣ ਲਈ ਘਰੇਲੂ ਨੁਸਖਿਆਂ ਅਤੇ ਕੁਦਰਤੀ ਪਦਾਰਥਾਂ ਵੱਲ ਰੁਝਾਨ ਕਰ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਗੋਂਦ ਕਤੀਰਾ ਇੱਕ ਵਾਰ ਫਿਰ ਲੋਕਾਂ ਦੀ ਪਹਿਲੀ ਪਸੰਦ ਬਣਦਾ ਨਜ਼ਰ ਆ ਰਿਹਾ ਹੈ। ਆਯੁਰਵੇਦ ਵਿੱਚ ਗੋਂਦ ਕਤੀਰੇ ਨੂੰ ਸਰੀਰ ਲਈ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ, ਖ਼ਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਇਸ ਦੀ ਵਰਤੋਂ ਸਰੀਰ ਨੂੰ ਅੰਦਰੋਂ ਠੰਢਕ ਪ੍ਰਦਾਨ ਕਰਦੀ ਹੈ।
ਲੂ ਅਤੇ ਡੀਹਾਈਡਰੇਸ਼ਨ ਤੋਂ ਬਚਾਅ ਲਈ ਲੋਕ ਕਰ ਰਹੇ ਹਨ ਵਰਤੋਂ
ਗੋਂਦ ਕਤੀਰਾ ਪਾਣੀ ਵਿੱਚ ਭਿੱਜਣ ਤੋਂ ਬਾਅਦ ਜੈਲੀ ਵਰਗਾ ਬਣ ਜਾਂਦਾ ਹੈ, ਜਿਸਨੂੰ ਦੁੱਧ, ਸ਼ਰਬਤ ਜਾਂ ਠੰਡੇ ਪੇਅ ਵਿੱਚ ਮਿਲਾ ਕੇ ਪੀਆ ਜਾਂਦਾ ਹੈ। ਮਾਹਿਰਾਂ ਮੁਤਾਬਕ ਇਹ ਸਰੀਰ ਦਾ ਤਾਪਮਾਨ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਲੂ ਦੇ ਪ੍ਰਭਾਵ ਨੂੰ ਘਟਾਉਂਦਾ ਹੈ। ਗਰਮੀਆਂ ਵਿੱਚ ਜ਼ਿਆਦਾ ਪਸੀਨਾ ਆਉਣ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ, ਅਜਿਹੇ ਵਿੱਚ ਗੋਂਦ ਕਤੀਰਾ ਸਰੀਰ ਨੂੰ ਤਰੋਤਾਜ਼ਾ ਰੱਖਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ।
ਕਬਜ਼ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਦਿਵਾਉਂਦਾ ਹੈ ਰਾਹਤ
ਆਯੁਰਵੇਦਿਕ ਜਾਣਕਾਰਾਂ ਦਾ ਕਹਿਣਾ ਹੈ ਕਿ ਗੋਂਦ ਕਤੀਰੇ ਦੀ ਤਾਸੀਰ ਠੰਢੀ ਹੁੰਦੀ ਹੈ, ਜਿਸ ਕਾਰਨ ਇਹ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਵਿੱਚ ਲਾਭ ਪਹੁੰਚਾਉਂਦਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਐਸਿਡਿਟੀ, ਕਬਜ਼ ਅਤੇ ਪੇਟ ਦੀ ਜਲਣ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਕਈ ਲੋਕ ਇਸਨੂੰ ਸਵੇਰੇ ਖਾਲੀ ਪੇਟ ਵੀ ਵਰਤਦੇ ਕਮਜ਼ੋਰੀਹਨ ਤਾਂ ਜੋ ਸਰੀਰ ਵਿੱਚ ਠੰਢਕ ਬਣੀ ਰਹੇ।
ਤਾਕਤ ਵਧਾਉਣ ਲਈ ਦੁੱਧ ਨਾਲ ਕੀਤਾ ਜਾਂਦਾ ਹੈ ਸੇਵਨ
ਗੋਂਦ ਕਤੀਰਾ ਸਿਰਫ਼ ਠੰਢਕ ਹੀ ਨਹੀਂ ਦਿੰਦਾ, ਸਗੋਂ ਇਹ ਸਰੀਰ ਨੂੰ ਤਾਕਤ ਦੇਣ ਵਿੱਚ ਵੀ ਮਦਦ ਕਰਦਾ ਹੈ। ਗਰਮੀ ਕਾਰਨ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਨ ਵਾਲੇ ਲੋਕ ਇਸਨੂੰ ਦੁੱਧ ਨਾਲ ਵਰਤਦੇ ਹਨ। ਪਿੰਡਾਂ ਵਿੱਚ ਅੱਜ ਵੀ ਕਈ ਘਰਾਂ ਵਿੱਚ ਗਰਮੀਆਂ ਦੌਰਾਨ ਗੋਂਦ ਕਤੀਰੇ ਦਾ ਸ਼ਰਬਤ ਤਿਆਰ ਕੀਤਾ ਜਾਂਦਾ ਹੈ, ਜਿਸਨੂੰ ਸਿਹਤ ਲਈ ਕਾਫ਼ੀ ਲਾਭਦਾਇਕ ਮੰਨਿਆ ਜਾਂਦਾ ਹੈ।
ਵੱਧ ਮਾਤਰਾ ਵਿੱਚ ਸੇਵਨ ਕਰਨ ਤੋਂ ਬਚਣ ਦੀ ਅਪੀਲ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਗੋਂਦ ਕਤੀਰੇ ਦੀ ਵਰਤੋਂ ਸੰਤੁਲਿਤ ਮਾਤਰਾ ਵਿੱਚ ਹੀ ਕਰਨੀ ਚਾਹੀਦੀ ਹੈ। ਜ਼ਿਆਦਾ ਮਾਤਰਾ ਵਿੱਚ ਇਸ ਦਾ ਸੇਵਨ ਕਰਨ ਨਾਲ ਕੁਝ ਲੋਕਾਂ ਨੂੰ ਪਚਣ ਨਾਲ ਜੁੜੀਆਂ ਦਿੱਕਤਾਂ ਵੀ ਆ ਸਕਦੀਆਂ ਹਨ। ਮਾਹਿਰਾਂ ਮੁਤਾਬਕ ਇਸਨੂੰ ਰਾਤ ਸਮੇਂ ਪਾਣੀ ਵਿੱਚ ਭਿੱਜ ਕੇ ਸਵੇਰੇ ਵਰਤਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

