ਚੰਡੀਗੜ੍ਹ :- ਦੁਨੀਆ ਭਰ ਵਿੱਚ ਕੈਂਸਰ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਅਤੇ ਹੁਣ ਫੇਫੜਿਆਂ ਦੇ ਕੈਂਸਰ ਨੂੰ ਲੈ ਕੇ ਆਈ ਇੱਕ ਨਵੀਂ ਖੋਜ ਨੇ ਡਾਕਟਰੀ ਮਾਹਿਰਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਫੇਫੜਿਆਂ ਦਾ ਕੈਂਸਰ ਮੁੱਖ ਤੌਰ ‘ਤੇ ਸਿਗਰਟਨੋਸ਼ੀ ਕਰਨ ਵਾਲਿਆਂ ਜਾਂ ਵਧੀਕ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਪਰ ਅਮਰੀਕਾ ਵਿੱਚ ਹੋਏ ਤਾਜ਼ਾ ਅਧਿਐਨ ਨੇ ਇਸ ਧਾਰਨਾ ਨੂੰ ਕਾਫ਼ੀ ਹੱਦ ਤੱਕ ਬਦਲ ਦਿੱਤਾ ਹੈ।
ਸਿਗਰਟ ਨਾ ਪੀਣ ਵਾਲੇ ਨੌਜਵਾਨ ਵੀ ਆ ਰਹੇ ਲਪੇਟ ਵਿੱਚ
ਖੋਜ ਵਿੱਚ ਸਾਹਮਣੇ ਆਇਆ ਹੈ ਕਿ 50 ਸਾਲ ਤੋਂ ਘੱਟ ਉਮਰ ਦੇ ਅਜਿਹੇ ਲੋਕਾਂ ਵਿੱਚ ਵੀ ਫੇਫੜਿਆਂ ਦੇ ਕੈਂਸਰ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ, ਜਿਨ੍ਹਾਂ ਨੇ ਕਦੇ ਸਿਗਰਟ ਨਹੀਂ ਪੀਤੀ। ਵਿਗਿਆਨੀਆਂ ਮੁਤਾਬਕ ਇਹ ਰੁਝਾਨ ਭਵਿੱਖ ਲਈ ਗੰਭੀਰ ਸੰਕੇਤ ਹੈ ਅਤੇ ਇਸ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਹੈ।
ਨੌਜਵਾਨ ਔਰਤਾਂ ਵਿੱਚ ਖ਼ਤਰਾ ਹੋਰ ਵੱਧ ਮਿਲਿਆ
ਅਧਿਐਨ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਸਿਗਰਟ ਨਾ ਪੀਣ ਵਾਲੀਆਂ ਨੌਜਵਾਨ ਮਹਿਲਾਵਾਂ ਵਿੱਚ ਇਹ ਬਿਮਾਰੀ ਮਰਦਾਂ ਦੇ ਮੁਕਾਬਲੇ ਵੱਧ ਪਾਈ ਜਾ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਿਰਫ਼ ਜੀਵਨਸ਼ੈਲੀ ਨਾਲ ਜੁੜਿਆ ਮਾਮਲਾ ਨਹੀਂ, ਸਗੋਂ ਵਾਤਾਵਰਣ ਅਤੇ ਹੋਰ ਅਣਜਾਣ ਕਾਰਕ ਵੀ ਇਸ ਦੇ ਪਿੱਛੇ ਹੋ ਸਕਦੇ ਹਨ।
187 ਮਰੀਜ਼ਾਂ ‘ਤੇ ਕੀਤਾ ਗਿਆ ਅਧਿਐਨ
ਅਮਰੀਕਾ ਦੇ ਯੂਨੀਵਰਸਿਟੀ ਖੋਜ ਕੇਂਦਰਾਂ ਨਾਲ ਜੁੜੇ ਵਿਗਿਆਨੀਆਂ ਨੇ 50 ਸਾਲ ਤੋਂ ਘੱਟ ਉਮਰ ਦੇ ਕਰੀਬ 187 ਮਰੀਜ਼ਾਂ ਦਾ ਵਿਸ਼ਲੇਸ਼ਣ ਕੀਤਾ। ਖੋਜ ਦੌਰਾਨ ਇਹ ਵੀ ਪਤਾ ਲੱਗਿਆ ਕਿ ਇਨ੍ਹਾਂ ਵਿੱਚੋਂ ਕਈ ਲੋਕ ਸਿਹਤਮੰਦ ਖੁਰਾਕ ਲੈਂਦੇ ਸਨ ਅਤੇ ਆਮ ਲੋਕਾਂ ਦੇ ਮੁਕਾਬਲੇ ਵਧੇਰੇ ਫਲ, ਸਬਜ਼ੀਆਂ ਅਤੇ ਪੋਸ਼ਟਿਕ ਆਹਾਰ ਦੀ ਵਰਤੋਂ ਕਰਦੇ ਸਨ।
ਵਾਤਾਵਰਣਕ ਕਾਰਨਾਂ ਵੱਲ ਵਧਿਆ ਸ਼ੱਕ
ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਫੇਫੜਿਆਂ ਦੇ ਕੈਂਸਰ ਨੂੰ ਸਿਰਫ਼ ਸਿਗਰਟਨੋਸ਼ੀ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਪ੍ਰਦੂਸ਼ਣ, ਹਵਾ ਦੀ ਗੁਣਵੱਤਾ, ਰਸਾਇਣਕ ਤੱਤ ਅਤੇ ਜੀਵਨਸ਼ੈਲੀ ਨਾਲ ਜੁੜੇ ਹੋਰ ਕਾਰਕਾਂ ਦੀ ਜਾਂਚ ਕਰਨੀ ਲਾਜ਼ਮੀ ਹੋ ਗਈ ਹੈ। ਵਿਗਿਆਨੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖ਼ਿਰ ਨੌਜਵਾਨ ਅਤੇ ਸਿਹਤਮੰਦ ਜੀਵਨ ਜੀਊਣ ਵਾਲੇ ਲੋਕ ਵੀ ਇਸ ਖ਼ਤਰਨਾਕ ਬਿਮਾਰੀ ਦਾ ਸ਼ਿਕਾਰ ਕਿਉਂ ਬਣ ਰਹੇ ਹਨ।

