ਚੰਡੀਗੜ੍ਹ: ਨਾਗਰਿਕਾਂ ਦੇ ਹਰ ਪੈਸੇ ਦਾ ਹਿਸਾਬ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਸਾਇਬਰ ਧੋਖਾਧੜੀ ਤੋਂ ਬਚਾਉਣ ਦੀ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ, ਪੰਜਾਬ ਪੁਲਿਸ ਦੇ ਰਾਜ ਸਾਇਬਰ ਕ੍ਰਾਈਮ ਡਿਵੀਜ਼ਨ ਨੇ ਸਾਇਬਰ ਅਪਰਾਧੀਆਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਸਮੇਂ ਸਿਰ ਕਾਰਵਾਈ, ਉੱਨਤ ਤਕਨਾਲੋਜੀ ਅਤੇ ਬਾਰੀਕੀ ਨਾਲ ਵਿੱਤੀ ਨਿਗਰਾਨੀ ਰਾਹੀਂ ਇਸ ਡਿਵੀਜ਼ਨ ਨੇ ਸੰਗਠਿਤ ਸਾਇਬਰ ਅਪਰਾਧ ਖ਼ਿਲਾਫ਼ ਰਾਜ ਦੀ ਕਾਰਵਾਈ ਨੂੰ ਮਜ਼ਬੂਤ ਕੀਤਾ ਹੈ ਅਤੇ ਚੋਰੀ ਕੀਤੇ ਪੈਸੇ ਦੀ ਰਿਕਵਰੀ ਵੀ ਬਿਹਤਰ ਕੀਤੀ ਹੈ। ਸਮੇਂ ਸਿਰ ਸ਼ੱਕੀ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਨਾਲ ਸਾਇਬਰ ਠੱਗਾਂ ਨੂੰ ਪੈਸਾ ਕੱਢਣ ਤੋਂ ਰੋਕਿਆ ਗਿਆ ਹੈ ਅਤੇ ਪੀੜਤਾਂ ਦੀ ਰਕਮ ਵਾਪਸ ਮਿਲਣ ਦੀ ਸੰਭਾਵਨਾ ਵੀ ਵਧੀ ਹੈ।
ਪਿਛਲੇ ਇੱਕ ਸਾਲ ਵਿੱਚ ਪੰਜਾਬ ਪੁਲਿਸ ਨੇ ਸਾਇਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਫ੍ਰੀਜ਼ ਕੀਤੇ ਹਨ, ਜਿਨ੍ਹਾਂ ਵਿੱਚ ਲਗਭਗ 540.34 ਕਰੋੜ ਰੁਪਏ ਦੇ ਲੈਣ-ਦੇਣ ਸ਼ਾਮਲ ਸਨ। 2024 ਤੋਂ ਹੁਣ ਤੱਕ ਕਰੀਬ 64 ਕਰੋੜ ਰੁਪਏ ਦੀ ਰਕਮ ਪੀੜਤਾਂ ਨੂੰ ਵਾਪਸ ਕੀਤੀ ਗਈ ਹੈ, ਜਿਸ ਵਿੱਚ ਲਗਭਗ 38.42 ਕਰੋੜ ਰੁਪਏ 1 ਜਨਵਰੀ 2025 ਤੋਂ ਬਾਅਦ ਰਿਕਵਰ ਹੋਏ ਹਨ। ਇਸੇ ਸਮੇਂ ਦੌਰਾਨ ਰਾਜ ਵਿੱਚ 62,253 ਸਾਇਬਰ ਅਪਰਾਧ ਦੇ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਵਿੱਤੀ ਸਾਲ ਵਿੱਚ ਧੋਖਾਧੜੀ ਨਾਲ ਜੁੜੀ ਰਕਮ ਨੂੰ ਫ੍ਰੀਜ਼ ਕਰਨ ਦੀ ਦਰ 16.13 ਫੀਸਦ ਤੋਂ ਵਧ ਕੇ 23.43 ਫੀਸਦ ਹੋ ਗਈ, ਜੋ ਵਿੱਤੀ ਰਿਕਵਰੀ ਵਿੱਚ ਮਹੱਤਵਪੂਰਨ ਸੁਧਾਰ ਨੂੰ ਦਰਸਾਉਂਦਾ ਹੈ।
ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ,”ਸਾਇਬਰ ਧੋਖਾਧੜੀ ਗਿਰੋਹਾਂ ਖ਼ਿਲਾਫ਼ ਵੱਡੀ ਕਾਰਵਾਈ ਨਾਲ ਨਾ ਸਿਰਫ਼ ਹਜ਼ਾਰਾਂ ਬੈਂਕ ਖਾਤੇ ਫ੍ਰੀਜ਼ ਹੋਏ ਹਨ ਅਤੇ ਧੋਖਾਧੜੀ ਦੀ ਰਕਮ ਵਾਪਸ ਮਿਲੀ ਹੈ, ਸਗੋਂ ਦੇਸ਼ ਭਰ ਵਿੱਚ ਸਰਗਰਮ ਸੰਗਠਿਤ ਸਾਇਬਰ ਅਪਰਾਧ ਨੈੱਟਵਰਕ ਦਾ ਵੀ ਪਰਦਾਫਾਸ਼ ਹੋਇਆ ਹੈ।” ਉਨ੍ਹਾਂ ਕਿਹਾ, ”ਜਾਂਚ ਵਿੱਚ ਸਾਇਬਰ ਅਪਰਾਧੀਆਂ ਦੇ ਤਰੀਕਿਆਂ, ਵਿੱਤੀ ਲੈਣ-ਦੇਣ ਅਤੇ ਅੰਤਰ-ਰਾਜੀ ਸਬੰਧਾਂ ਦੀ ਪਛਾਣ ਵਿੱਚ ਮਹੱਤਵਪੂਰਨ ਸਫਲਤਾ ਮਿਲੀ ਹੈ। ਸਮੇਂ ਸਿਰ ਕਾਰਵਾਈ ਅਤੇ ਆਧੁਨਿਕ ਤਕਨਾਲੋਜੀ ਰਾਹੀਂ ਸਾਇਬਰ ਕ੍ਰਾਈਮ ਡਿਵੀਜ਼ਨ ਨੇ ਧੋਖਾਧੜੀ ਨੈੱਟਵਰਕ ਨੂੰ ਕਮਜ਼ੋਰ ਕੀਤਾ ਹੈ, ਨਾਗਰਿਕਾਂ ਦੀ ਬੱਚਤ ਦੀ ਸੁਰੱਖਿਆ ਕੀਤੀ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਵੇ।”
ਜ਼ਿਲ੍ਹਿਆਂ ਵਿੱਚ ਜਲੰਧਰ ਕਮਿਸ਼ਨਰੇਟ ਵਿੱਚ ਸਭ ਤੋਂ ਵੱਧ 16,032 ਬੈਂਕ ਖਾਤੇ ਫ੍ਰੀਜ਼ ਕੀਤੇ ਗਏ, ਜਿਸ ਨਾਲ 6,81,00,323 ਰੁਪਏ ਦੀ ਰਿਕਵਰੀ ਹੋਈ। ਇਸ ਤੋਂ ਬਾਅਦ ਕਪੂਰਥਲਾ ਵਿੱਚ 7,344 ਖਾਤੇ ਫ੍ਰੀਜ਼ ਹੋਏ ਅਤੇ 2,56,00,037 ਰੁਪਏ ਦੀ ਰਿਕਵਰੀ ਹੋਈ। ਹੁਸ਼ਿਆਰਪੁਰ ਵਿੱਚ 7,201 ਖਾਤੇ ਫ੍ਰੀਜ਼ ਕਰਕੇ 3,96,29,152 ਰੁਪਏ ਦੀ ਰਿਕਵਰੀ ਕੀਤੀ ਗਈ, ਜਦਕਿ ਫਿਰੋਜ਼ਪੁਰ ਵਿੱਚ 6,930 ਖਾਤੇ ਫ੍ਰੀਜ਼ ਹੋਏ ਅਤੇ 93,16,954 ਰੁਪਏ ਦੀ ਰਿਕਵਰੀ ਹੋਈ।
ਇੱਕ ਵੱਡੀ ਸਫਲਤਾ ਵਿੱਚ ਕੈਨੇਡਾ ਵਿੱਚ ਰਹਿੰਦੇ ਇੱਕ ਪੰਜਾਬੀ ਨਾਗਰਿਕ ਨਾਲ ਜੁੜੇ ਸਾਇਬਰ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ, ਜਿਸ ਵਿੱਚ ਸੋਸ਼ਲ ਮੀਡੀਆ ਰਾਹੀਂ ਬਲੈਕਮੇਲਿੰਗ ਕੀਤੀ ਗਈ ਸੀ। ਪੀੜਤ ਨਾਲ ਸੋਸ਼ਲ ਮੀਡੀਆ ਰਾਹੀਂ ਆਨਲਾਈਨ ਅਰਦਾਸ (ਪ੍ਰਾਰਥਨਾ) ਦੇ ਨਾਮ ’ਤੇ ਸੰਪਰਕ ਕੀਤਾ ਗਿਆ, ਉਸਨੂੰ ਵੀਡੀਓ ਭੇਜਣ ਲਈ ਮਜਬੂਰ ਕੀਤਾ ਗਿਆ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕੀਤਾ ਗਿਆ।

