ਨਵੀਂ ਦਿੱਲੀ :- ਬੱਚਿਆਂ ਦੀ ਸਿਹਤ ਸਬੰਧੀ ਜਾਰੀ ਹੋਈ ਤਾਜ਼ਾ ਅੰਤਰਰਾਸ਼ਟਰੀ ਰਿਪੋਰਟ ਨੇ ਭਾਰਤ ਲਈ ਗੰਭੀਰ ਚੇਤਾਵਨੀ ਦਿੱਤੀ ਹੈ। ‘ਵਰਲਡ ਓਬੇਸਿਟੀ ਐਟਲਸ 2026’ ਅਨੁਸਾਰ ਭਾਰਤ ਵਿੱਚ ਬੱਚਿਆਂ ਵਿੱਚ ਵਧਦੇ ਮੋਟਾਪੇ ਦੀ ਸਮੱਸਿਆ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਇਹ ਮਾਮਲੇ ਹੁਣ ਕਈ ਵੱਡੇ ਦੇਸ਼ਾਂ ਤੋਂ ਵੀ ਅੱਗੇ ਨਿਕਲ ਗਏ ਹਨ। ਰਿਪੋਰਟ ਮੁਤਾਬਕ ਚੀਨ ਤੋਂ ਬਾਅਦ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ ਜਿੱਥੇ ਸਭ ਤੋਂ ਵੱਧ ਬੱਚੇ ਵਧੇ ਹੋਏ ਭਾਰ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।
ਕਰੋੜਾਂ ਬੱਚੇ ਵਧੇ ਹੋਏ ਭਾਰ ਨਾਲ ਜੂਝ ਰਹੇ
ਅੰਕੜਿਆਂ ਦੇ ਅਧਾਰ ‘ਤੇ ਕੀਤੇ ਗਏ ਅੰਦਾਜ਼ੇ ਦੱਸਦੇ ਹਨ ਕਿ ਸਾਲ 2025 ਤੱਕ ਭਾਰਤ ਵਿੱਚ 5 ਤੋਂ 19 ਸਾਲ ਦੀ ਉਮਰ ਦੇ ਲਗਭਗ 4.1 ਕਰੋੜ ਬੱਚਿਆਂ ਦਾ ਭਾਰ ਸਧਾਰਨ ਪੱਧਰ ਨਾਲੋਂ ਵੱਧ ਹੈ। ਇਨ੍ਹਾਂ ਵਿੱਚੋਂ ਕਰੀਬ 1.4 ਕਰੋੜ ਬੱਚੇ ਗੰਭੀਰ ਮੋਟਾਪੇ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਸ ਸੂਚੀ ਵਿੱਚ ਚੀਨ ਪਹਿਲੇ ਸਥਾਨ ‘ਤੇ ਹੈ ਜਿੱਥੇ ਕਰੀਬ 6.2 ਕਰੋੜ ਬੱਚਿਆਂ ਦਾ ਬਾਡੀ ਮਾਸ ਇੰਡੈਕਸ (BMI) ਉੱਚ ਪੱਧਰ ‘ਤੇ ਦਰਜ ਕੀਤਾ ਗਿਆ ਹੈ, ਜਦਕਿ ਸੰਯੁਕਤ ਰਾਜ ਅਮਰੀਕਾ ਲਗਭਗ 2.7 ਕਰੋੜ ਬੱਚਿਆਂ ਨਾਲ ਤੀਜੇ ਨੰਬਰ ‘ਤੇ ਹੈ।
ਭਵਿੱਖ ਵਿੱਚ ਹੋਰ ਗੰਭੀਰ ਹੋ ਸਕਦੀ ਹੈ ਸਥਿਤੀ
ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਮੇਂ ਸਿਰ ਰੋਕਥਾਮ ਦੇ ਕਦਮ ਨਾ ਚੁੱਕੇ ਗਏ ਤਾਂ ਸਾਲ 2040 ਤੱਕ ਦੁਨੀਆ ਭਰ ਵਿੱਚ ਮੋਟਾਪੇ ਨਾਲ ਪੀੜਤ ਬੱਚਿਆਂ ਦੀ ਗਿਣਤੀ 50 ਕਰੋੜ ਤੋਂ ਵੀ ਵੱਧ ਹੋ ਸਕਦੀ ਹੈ। ਵਿਦਵਾਨਾਂ ਦੇ ਅਨੁਸਾਰ ਇਸ ਸਮੱਸਿਆ ਨੂੰ ਰੋਕਣ ਲਈ ਸਕੂਲਾਂ ਵਿੱਚ ਸਿਹਤਮੰਦ ਖੁਰਾਕ ਨੂੰ ਪ੍ਰੋਤਸਾਹਿਤ ਕਰਨ, ਜੰਕ ਫੂਡ ਦੇ ਪ੍ਰਚਾਰ ‘ਤੇ ਨਿਯੰਤਰਣ ਲਗਾਉਣ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ‘ਤੇ ਵਧੇਰੇ ਕਰ ਲਗਾਉਣ ਵਰਗੇ ਕੜੇ ਕਦਮ ਲੈਣੇ ਲਾਜ਼ਮੀ ਹਨ।
ਬੱਚਿਆਂ ਵਿੱਚ ਵਧ ਰਹੀਆਂ ਸਿਹਤ ਸੰਬੰਧੀ ਸਮੱਸਿਆਵਾਂ
ਰਿਪੋਰਟ ਮੁਤਾਬਕ ਮੋਟਾਪਾ ਸਿਰਫ਼ ਵਧੇ ਹੋਏ ਭਾਰ ਦੀ ਸਮੱਸਿਆ ਨਹੀਂ, ਸਗੋਂ ਇਹ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਉੱਚ ਬੀਐਮਆਈ ਕਾਰਨ ਭਾਰਤ ਵਿੱਚ ਬੱਚਿਆਂ ਵਿੱਚ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਖੂਨ ਵਿੱਚ ਚਰਬੀ ਵਧਣ ਵਰਗੀਆਂ ਸਮੱਸਿਆਵਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਅਨੁਮਾਨ ਹੈ ਕਿ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਬੱਚਿਆਂ ਦੀ ਗਿਣਤੀ 29 ਲੱਖ ਤੋਂ ਵਧ ਕੇ ਲਗਭਗ 42 ਲੱਖ ਹੋ ਸਕਦੀ ਹੈ, ਜਦਕਿ ਸ਼ੂਗਰ ਦੇ ਮਾਮਲੇ 13 ਲੱਖ ਤੋਂ ਵਧ ਕੇ 19 ਲੱਖ ਤੱਕ ਪਹੁੰਚ ਸਕਦੇ ਹਨ। ਇਸੇ ਤਰ੍ਹਾਂ ਖੂਨ ਵਿੱਚ ਟ੍ਰਾਈਗਲਿਸਰਾਈਡਸ ਵਧਣ ਵਾਲੇ ਬੱਚਿਆਂ ਦੀ ਗਿਣਤੀ ਵੀ ਕਾਫ਼ੀ ਵਧਣ ਦਾ ਅੰਦਾਜ਼ਾ ਹੈ।
ਮੋਟਾਪਾ ਵਧਣ ਦੇ ਮੁੱਖ ਕਾਰਨ
ਵਿਦਵਾਨਾਂ ਦਾ ਮੰਨਣਾ ਹੈ ਕਿ ਬੱਚਿਆਂ ਵਿੱਚ ਮੋਟਾਪਾ ਵਧਣ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਸਰੀਰਕ ਗਤੀਵਿਧੀਆਂ ਦੀ ਘਾਟ ਹੈ ਕਿਉਂਕਿ 11 ਤੋਂ 17 ਸਾਲ ਦੇ ਲਗਭਗ 74 ਫ਼ੀਸਦੀ ਕਿਸ਼ੋਰ ਨਿਯਮਿਤ ਖੇਡ-ਕੁੱਦ ਜਾਂ ਵਿਆਯਾਮ ਨਹੀਂ ਕਰਦੇ। ਇਸ ਤੋਂ ਇਲਾਵਾ ਖੁਰਾਕ ਦੀ ਅਸਮਾਨ ਉਪਲਬਧਤਾ ਵੀ ਇੱਕ ਵੱਡੀ ਸਮੱਸਿਆ ਹੈ, ਕਿਉਂਕਿ ਸਕੂਲ ਜਾਣ ਵਾਲੇ ਸਿਰਫ਼ 35.5 ਫ਼ੀਸਦੀ ਬੱਚਿਆਂ ਨੂੰ ਹੀ ਸਕੂਲਾਂ ਵਿੱਚ ਪੋਸ਼ਟਿਕ ਭੋਜਨ ਮਿਲਦਾ ਹੈ। ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਕਈ ਸ਼ਿਸ਼ੂਆਂ ਨੂੰ ਸ਼ੁਰੂਆਤੀ ਮਹੀਨਿਆਂ ਵਿੱਚ ਮਾਂ ਦਾ ਪੂਰਾ ਦੁੱਧ ਨਹੀਂ ਮਿਲਦਾ ਅਤੇ ਮਾਵਾਂ ਦੀ ਸਿਹਤ ਸੰਬੰਧੀ ਸਮੱਸਿਆਵਾਂ ਵੀ ਬੱਚਿਆਂ ਦੀ ਸਿਹਤ ‘ਤੇ ਅਸਰ ਪਾਂਦੀਆਂ ਹਨ।