ਨਵੀਂ ਦਿੱਲੀ :- ਨਿਊਜ਼ੀਲੈਂਡ ਸਰਕਾਰ ਨੇ ਆਪਣੇ ਨਾਗਰਿਕਾਂ ਅਤੇ ਪੱਕੇ ਰਿਹਾਇਸ਼ੀਆਂ ਵੱਲੋਂ ਮਾਪਿਆਂ ਨੂੰ ਦੇਸ਼ ਵਿੱਚ ਸੱਦਣ ਲਈ ਦਿੱਤੇ ਜਾਣ ਵਾਲੇ ਪੇਰੈਂਟ ਰੈਜ਼ੀਡੈਂਟ ਵੀਜ਼ਾ ਦੀ ਚੋਣ ਪ੍ਰਕਿਰਿਆ ਵਿੱਚ ਵੱਡਾ ਬਦਲਾਅ ਕੀਤਾ ਹੈ। ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੈਨਫੋਰਡ ਨੇ ਐਲਾਨ ਕੀਤਾ ਹੈ ਕਿ ਹੁਣ ਐਕਸਪ੍ਰੈਸ਼ਨ ਆਫ਼ ਇੰਟਰਸਟ (ਈ.ਓ.ਆਈ.) ਦੀ ਚੋਣ ਲਈ ਮਿਲੀ-ਜੁਲੀ ਪ੍ਰਣਾਲੀ ਅਪਣਾਈ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਪਰਿਵਾਰਾਂ ਲਈ ਪ੍ਰਕਿਰਿਆ ਵਧੇਰੇ ਸਪੱਸ਼ਟ ਅਤੇ ਨਿਆਂਸੰਗਤ ਹੋਵੇਗੀ।
90 ਫ਼ੀਸਦੀ ਚੋਣ ਅਰਜ਼ੀ ਦੀ ਤਰੀਕ ਮੁਤਾਬਕ
ਨਵੇਂ ਪ੍ਰਬੰਧ ਤਹਿਤ ਪੇਰੈਂਟ ਰੈਜ਼ੀਡੈਂਟ ਵੀਜ਼ਾ ਲਈ ਈ.ਓ.ਆਈ. ਦੀਆਂ 90 ਫ਼ੀਸਦੀ ਚੋਣਾਂ ਅਰਜ਼ੀ ਜਮ੍ਹਾਂ ਕਰਵਾਉਣ ਦੀ ਤਰੀਕ ਦੇ ਕ੍ਰਮ ਅਨੁਸਾਰ ਕੀਤੀਆਂ ਜਾਣਗੀਆਂ। ਬਾਕੀ 10 ਫ਼ੀਸਦੀ ਲਈ ਪਹਿਲਾਂ ਵਾਂਗ ਬੈਲਟ ਪ੍ਰਣਾਲੀ ਜਾਰੀ ਰਹੇਗੀ। ਵੀਜ਼ਿਆਂ ਦੀ ਸਾਲਾਨਾ ਸੀਮਾ 2,500 ਹੀ ਰਹੇਗੀ।
ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੈਨਫੋਰਡ ਨੇ ਕਿਹਾ ਕਿ ਪੁਰਾਣੀ ਬੈਲਟ ਪ੍ਰਣਾਲੀ ਵਿੱਚ ਅਰਜ਼ੀਕਾਰਾਂ ਲਈ ਚੋਣ ਹੋਣ ਦੀ ਕੋਈ ਪੱਕੀ ਸੰਭਾਵਨਾ ਨਹੀਂ ਸੀ, ਜਿਸ ਕਾਰਨ ਕਈ ਪਰਿਵਾਰ ਲੰਮੇ ਸਮੇਂ ਤੱਕ ਅਨਿਸ਼ਚਿਤਤਾ ਵਿੱਚ ਰਹਿੰਦੇ ਸਨ। ਨਵੇਂ ਮਾਡਲ ਰਾਹੀਂ ਇਸ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ।
5 ਅਕਤੂਬਰ ਤੋਂ ਲਾਗੂ ਹੋਵੇਗਾ ਨਵਾਂ ਮਾਡਲ
ਨਵੀਂ ਚੋਣ ਪ੍ਰਣਾਲੀ 5 ਅਕਤੂਬਰ 2026 ਤੋਂ ਲਾਗੂ ਹੋਵੇਗੀ ਅਤੇ ਇਸ ਤਹਿਤ ਪਹਿਲੀ ਚੋਣ 10 ਨਵੰਬਰ 2026 ਨੂੰ ਹੋਣੀ ਹੈ। ਅਕਤੂਬਰ ਦੌਰਾਨ ਮੌਜੂਦਾ ਈ.ਓ.ਆਈ. ਧਾਰਕਾਂ ਨੂੰ ਨਵੀਂ ਪ੍ਰਣਾਲੀ ਅਨੁਸਾਰ ਆਪਣੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਸਰਕਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 5 ਅਗਸਤ 2026 ਤੱਕ ਬੈਲਟ ਪੂਲ ਵਿੱਚ 7,931 ਈ.ਓ.ਆਈ. ਮੌਜੂਦ ਸਨ, ਜਿਨ੍ਹਾਂ ਵਿੱਚ ਕੁੱਲ 11,904 ਵਿਅਕਤੀ ਸ਼ਾਮਲ ਸਨ।
ਹਰ ਦੋ ਸਾਲ ਬਾਅਦ ਨਵੀਂ ਅਰਜ਼ੀ ਦੀ ਲੋੜ ਨਹੀਂ
ਨਵੇਂ ਪ੍ਰਬੰਧ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਹੈ ਕਿ ਯੋਗ ਈ.ਓ.ਆਈ. ਨੂੰ ਹਰ ਦੋ ਸਾਲ ਬਾਅਦ ਮੁੜ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੋਵੇਗੀ, ਬਸ਼ਰਤੇ ਅਰਜ਼ੀਕਾਰ ਆਪਣੀ ਜਾਣਕਾਰੀ ਅੱਪਡੇਟ ਰੱਖਣ।
ਹਾਲਾਂਕਿ ਜਿਨ੍ਹਾਂ ਮੌਜੂਦਾ ਈ.ਓ.ਆਈ. ਦੀ ਮਿਆਦ 5 ਅਕਤੂਬਰ 2026 ਤੋਂ ਪਹਿਲਾਂ ਖ਼ਤਮ ਹੋ ਰਹੀ ਹੈ, ਉਨ੍ਹਾਂ ਨੂੰ ਨਵੀਂ ਈ.ਓ.ਆਈ. ਜਮ੍ਹਾਂ ਕਰਵਾਉਣੀ ਪਵੇਗੀ। ਜੇਕਰ ਕਿਸੇ ਨੇ ਪੁਰਾਣੀ ਈ.ਓ.ਆਈ. ਦੀ ਮਿਆਦ ਖ਼ਤਮ ਹੋਣ ਤੋਂ ਬਾਅਦ 90 ਦਿਨਾਂ ਦੇ ਅੰਦਰ ਨਵੀਂ ਈ.ਓ.ਆਈ. ਦਾਖ਼ਲ ਕੀਤੀ ਹੈ ਤਾਂ ਉਸ ਨੂੰ ਪਹਿਲੀ ਅਰਜ਼ੀ ਦੀ ਅਸਲ ਤਰੀਕ ਦੇ ਆਧਾਰ ’ਤੇ ਕ੍ਰਮ ਵਿੱਚ ਰੱਖਿਆ ਜਾਵੇਗਾ।
11 ਅਗਸਤ ਨੂੰ ਪੁਰਾਣੀ ਬੈਲਟ ਪ੍ਰਣਾਲੀ ਦਾ ਆਖ਼ਰੀ ਡਰਾਅ
ਮੌਜੂਦਾ ਬੈਲਟ ਪ੍ਰਣਾਲੀ ਅਧੀਨ ਪੇਰੈਂਟ ਰੈਜ਼ੀਡੈਂਟ ਵੀਜ਼ਾ ਲਈ ਆਖ਼ਰੀ ਡਰਾਅ 11 ਅਗਸਤ ਨੂੰ ਹੋਵੇਗਾ। 23 ਜੁਲਾਈ 2026 ਤੱਕ ਬੈਲਟ ਪੂਲ ਵਿੱਚ 7,706 ਵੈਧ ਈ.ਓ.ਆਈ. ਸਨ, ਜੋ 11,602 ਵਿਅਕਤੀਆਂ ਦੀ ਨੁਮਾਇੰਦਗੀ ਕਰਦੇ ਹਨ।
ਵੀਜ਼ਾ ਦੀਆਂ ਹੋਰ ਸ਼ਰਤਾਂ ਪਹਿਲਾਂ ਵਾਂਗ ਲਾਗੂ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਬਦਲਾਅ ਸਿਰਫ਼ ਈ.ਓ.ਆਈ. ਦੀ ਚੋਣ ਪ੍ਰਕਿਰਿਆ ਨਾਲ ਸਬੰਧਤ ਹਨ। ਪੇਰੈਂਟ ਰੈਜ਼ੀਡੈਂਟ ਵੀਜ਼ਾ ਹਾਸਲ ਕਰਨ ਲਈ ਬਿਨੈਕਾਰਾਂ ਅਤੇ ਉਨ੍ਹਾਂ ਦੇ ਸਪਾਂਸਰਾਂ ਨੂੰ ਸਪਾਂਸਰਸ਼ਿਪ, ਸਿਹਤ, ਚਰਿੱਤਰ ਅਤੇ ਪਰਿਵਾਰਕ ਰਿਸ਼ਤੇ ਸਮੇਤ ਸਾਰੀਆਂ ਲਾਜ਼ਮੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ।
ਪੇਰੈਂਟ ਬੂਸਟ ਵੀਜ਼ਾ ਤੋਂ ਵੱਖਰੀ ਹੈ ਰੈਜ਼ੀਡੈਂਸੀ ਯੋਜਨਾ
ਪੇਰੈਂਟ ਰੈਜ਼ੀਡੈਂਟ ਵੀਜ਼ਾ ਨੂੰ ਪੇਰੈਂਟ ਬੂਸਟ ਵੀਜ਼ਾ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਪੇਰੈਂਟ ਬੂਸਟ ਲੰਬੇ ਸਮੇਂ ਲਈ ਰਹਿਣ ਦੀ ਇਜਾਜ਼ਤ ਦੇਣ ਵਾਲਾ ਵਿਜ਼ਟਰ ਵੀਜ਼ਾ ਹੈ, ਜਦਕਿ ਪੇਰੈਂਟ ਰੈਜ਼ੀਡੈਂਟ ਵੀਜ਼ਾ ਯੋਗ ਮਾਪਿਆਂ ਨੂੰ ਨਿਊਜ਼ੀਲੈਂਡ ਵਿੱਚ ਪੱਕੀ ਰਿਹਾਇਸ਼ ਦਾ ਰਸਤਾ ਪ੍ਰਦਾਨ ਕਰਦਾ ਹੈ।
ਨਿਊਜ਼ੀਲੈਂਡ ਸਰਕਾਰ ਨੇ ਕਿਹਾ ਹੈ ਕਿ ਨਵੀਂ ਪ੍ਰਣਾਲੀ ਲਾਗੂ ਹੋਣ ਤੋਂ ਪਹਿਲਾਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਅਰਜ਼ੀਕਾਰਾਂ ਲਈ ਹੋਰ ਵਿਸਥਾਰਤ ਜਾਣਕਾਰੀ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

