ਕੈਨੇਡਾ :- ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਅਹਿਮਦਗੜ੍ਹ ਨਾਲ ਸੰਬੰਧਿਤ 29 ਸਾਲਾ ਪ੍ਰਤਿਭਾ ਗੁਪਤਾ ਦੀ ਸੰਦੇਹ ਜਨਕ ਹਾਲਾਤਾਂ ਵਿੱਚ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉਸ ਦੀ ਲਾਸ਼ ਉਸ ਦੇ ਕਿਰਾਏ ਦੇ ਮਕਾਨ ਦੀ ਪੌੜੀ ਕੋਲੋਂ ਬਰਾਮਦ ਹੋਈ।
ਫ਼ੋਨ ਨਾ ਚੁੱਕਣ ‘ਤੇ ਮਾਮਲਾ ਸਾਹਮਣੇ ਆਇਆ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਈ ਵਾਰ ਫ਼ੋਨ ਕਰਨ ਦੇ ਬਾਵਜੂਦ ਜਵਾਬ ਨਾ ਮਿਲਣ ‘ਤੇ ਉਨ੍ਹਾਂ ਵੱਲੋਂ ਉਸ ਦੇ ਕੰਮਕਾਜ ਵਾਲੀ ਥਾਂ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਗਿਆ। ਪੁਲਿਸ ਨੇ ਘਰ ‘ਚ ਜਾਂਚ ਦੌਰਾਨ ਲਾਸ਼ ਬਰਾਮਦ ਕੀਤੀ।
ਮੌਤ ਤੋਂ ਪਹਿਲਾਂ ਪਰਿਵਾਰ ਨਾਲ ਹੋਈ ਸੀ ਗੱਲਬਾਤ
ਮਿਲੀ ਜਾਣਕਾਰੀ ਅਨੁਸਾਰ, ਮੌਤ ਵਾਲੇ ਦਿਨ ਸਵੇਰੇ ਪ੍ਰਤਿਭਾ ਨੇ ਆਪਣੇ ਮਾਤਾ-ਪਿਤਾ ਨਾਲ ਗੱਲ ਕੀਤੀ ਸੀ ਅਤੇ ਉਹ ਆਮ ਹਾਲਤ ਵਿੱਚ ਸੀ, ਪਰ ਬਾਅਦ ‘ਚ ਉਸ ਨਾਲ ਸੰਪਰਕ ਟੁੱਟ ਗਿਆ।
ਸਾਢੇ ਤਿੰਨ ਸਾਲ ਪਹਿਲਾਂ ਗਈ ਸੀ ਕੈਨੇਡਾ
ਪ੍ਰਤਿਭਾ ਗੁਪਤਾ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਈ ਸੀ ਅਤੇ ਉੱਥੇ ਇਕ ਨਿੱਜੀ ਟ੍ਰਾਂਸਪੋਰਟ ਕੰਪਨੀ ਵਿੱਚ ਕੰਮ ਕਰ ਰਹੀ ਸੀ।
ਮੌਤ ਦੇ ਕਾਰਨਾਂ ਦੀ ਜਾਂਚ ਜਾਰੀ
ਫਿਲਹਾਲ ਉਸ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੁਖਦਾਈ ਘਟਨਾ ਨਾਲ ਪਰਿਵਾਰ ‘ਚ ਗਹਿਰਾ ਦੁੱਖ ਵਿਆਪਕ ਹੈ।

