ਨਾਕੇ ਤੇ ਰੁਕਣ ਦੀ ਬਜਾਏ ਵਧਾ ਦਿੱਤੀ ਕਾਰ ਦੀ ਰਫ਼ਤਾਰ
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੀਵਾਲੀ ਵਾਲੀ ਰਾਤ ਸਰੀ ਦੇ ਵੱਖ-ਵੱਖ ਇਲਾਕਿਆਂ ਵਿੱਚ ਨਾਕਾਬੰਦੀ ਕਰਕੇ ਵਾਹਨ ਚਾਲਕਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਮੁਹਿੰਮ ਦਾ ਮਕਸਦ ਸ਼ਰਾਬ ਜਾਂ ਨਸ਼ੇ ਦੇ ਪ੍ਰਭਾਵ ਹੇਠ ਵਾਹਨ ਚਲਾਉਣ ਵਾਲਿਆਂ ਦੀ ਪਛਾਣ ਕਰਨਾ ਸੀ।
ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਚਿੱਟੇ ਰੰਗ ਦੀ ਪੋਰਸ਼ ਕਾਰ ਨੂੰ ਰੁਕਣ ਦਾ ਸੰਕੇਤ ਦਿੱਤਾ। ਪਰ ਕਾਰ ਚਾਲਕ ਨੇ ਇਸ਼ਾਰੇ ਦੀ ਪਾਲਣਾ ਨਹੀਂ ਕੀਤੀ ਅਤੇ ਗੱਡੀ ਦੀ ਰਫ਼ਤਾਰ ਵਧਾ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ। ਪੁਲਿਸ ਟੀਮ ਨੇ ਤੁਰੰਤ ਉਸ ਦਾ ਪਿੱਛਾ ਸ਼ੁਰੂ ਕਰ ਦਿੱਤਾ ਅਤੇ ਕੁਝ ਦੂਰੀ ਬਾਅਦ ਕਾਰ ਰੋਕ ਲਈ।
ਕਾਰ ਵਿੱਚੋਂ ਮਿਲਿਆ 9 ਐੱਮਐੱਮ ਦਾ ਪਿਸਤੌਲ
ਕਾਰ ਦੀ ਜਾਂਚ ਕਰਨ ’ਤੇ ਪੁਲਿਸ ਨੂੰ ਅੰਦਰੋਂ 9 ਐੱਮਐੱਮ ਦਾ ਪਿਸਤੌਲ ਮਿਲਿਆ, ਜਿਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਇਸ ਤੋਂ ਬਾਅਦ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੀ ਪਛਾਣ ਪਰਮਵੀਰ ਸਿੰਘ ਦਿਓਲ ਵਜੋਂ ਹੋਈ ਹੈ, ਜੋ ਸਰੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਅੱਠ ਧਾਰਾਵਾਂ ਤਹਿਤ ਮਾਮਲਾ ਦਰਜ
ਸਰੀ ਪੁਲਿਸ ਦੇ ਬੁਲਾਰੇ ਸਰਜੈਂਟ ਅਲੀ ਗੈਲਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਨੌਜਵਾਨ ਖ਼ਿਲਾਫ਼ ਵੱਖ-ਵੱਖ ਅਪਰਾਧਾਂ ਨਾਲ ਸਬੰਧਤ ਅੱਠ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਨੂੰ ਅਗਲੇ ਹਫ਼ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਦਾਲਤੀ ਕਾਰਵਾਈ ਦੌਰਾਨ ਇਸ ਮਾਮਲੇ ਨਾਲ ਜੁੜੇ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ।