ਕੈਨੇਡਾ :- ਕੈਨੇਡਾ ਦੇ ਸਰੀ ਅਤੇ ਡੈਲਟਾ ਇਲਾਕਿਆਂ ਦੀ ਸਰਹੱਦ ਨੇੜੇ ਸ਼ਨੀਵਾਰ ਦੁਪਹਿਰ ਇੱਕ ਅਜਿਹਾ ਸੜਕ ਹਾਦਸਾ ਵਾਪਰਿਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਸਕਾਟ ਰੋਡ ਅਤੇ 72ਵੀਂ ਐਵੇਨਿਊ ਦੇ ਰੁਸ਼ਭਰੇ ਚੌਂਕ ਵਿੱਚ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਤੋਂ ਬਾਅਦ ਮੋਟਰਸਾਈਕਲ ਹਵਾ ਵਿੱਚ ਉੱਡ ਕੇ ਟ੍ਰੈਫਿਕ ਸਿਗਨਲ ਦੇ ਖੰਭੇ ਨਾਲ ਜਾ ਫਸਿਆ। ਇਹ ਨਜ਼ਾਰਾ ਦੇਖਣ ਲਈ ਮੌਕੇ ’ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।
ਹਾਦਸੇ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ
ਡੈਲਟਾ ਪੁਲਿਸ ਮੁਤਾਬਕ ਹਾਦਸਾ ਦੁਪਹਿਰ ਕਰੀਬ 3 ਵਜੇ ਤੋਂ ਪਹਿਲਾਂ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਉੱਛਲ ਕੇ ਉੱਪਰਲੇ ਟ੍ਰੈਫਿਕ ਸਿਗਨਲ ਨਾਲ ਲਟਕ ਗਿਆ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਡਾਕਟਰਾਂ ਅਨੁਸਾਰ ਉਸਦੀ ਜਾਨ ਨੂੰ ਕੋਈ ਖ਼ਤਰਾ ਨਹੀਂ। ਦੂਜੇ ਪਾਸੇ ਕਾਰ ਚਾਲਕ ਨੂੰ ਕੋਈ ਸੱਟ ਨਹੀਂ ਲੱਗੀ।
ਘਟਨਾ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ
ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਵੀਡੀਓ ਅਤੇ ਤਸਵੀਰਾਂ ਬਣਾ ਕੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਦਿੱਤੀਆਂ, ਜੋ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈਆਂ। ਸਥਾਨਕ ਨਿਵਾਸੀ ਵਿਲੀਅਮ ਚੈਨ ਨੇ ਦੱਸਿਆ ਕਿ ਪਹਿਲਾਂ ਉਸਦੀ ਨਜ਼ਰ ਇੱਕ ਬੁਰੀ ਤਰ੍ਹਾਂ ਨੁਕਸਾਨੀ ਕਾਰ ’ਤੇ ਪਈ, ਪਰ ਜਦੋਂ ਉਸਨੇ ਉੱਪਰ ਵੇਖਿਆ ਤਾਂ ਮੋਟਰਸਾਈਕਲ ਨੂੰ ਟ੍ਰੈਫਿਕ ਸਿਗਨਲ ਨਾਲ ਲਟਕਦਾ ਦੇਖ ਕੇ ਹੈਰਾਨ ਰਹਿ ਗਿਆ। ਉਸਨੇ ਕਿਹਾ ਕਿ ਇਹ ਦ੍ਰਿਸ਼ ਕਿਸੇ ਫਿਲਮੀ ਸੀਨ ਵਰਗਾ ਲੱਗ ਰਿਹਾ ਸੀ। ਇੱਕ ਹੋਰ ਪ੍ਰਤੱਖਦਰਸ਼ੀ ਜੇਵਨ ਰਿਆਨ ਨੇ ਵੀ ਕਿਹਾ ਕਿ ਉਸ ਲਈ ਇਹ ਸਮਝਣਾ ਔਖਾ ਸੀ ਕਿ ਮੋਟਰਸਾਈਕਲ ਇੰਨੀ ਉਚਾਈ ਤੱਕ ਕਿਵੇਂ ਪਹੁੰਚ ਗਿਆ।
ਘੰਟਿਆਂ ਬੰਦ ਰਿਹਾ ਰੁਸ਼ਭਰਾ ਰਸਤਾ
ਹਾਦਸੇ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਸਕਾਟ ਰੋਡ ਨੂੰ 70ਵੀਂ ਐਵੇਨਿਊ ਤੋਂ 72ਵੀਂ ਐਵੇਨਿਊ ਤੱਕ ਕੁਝ ਸਮੇਂ ਲਈ ਬੰਦ ਕਰ ਦਿੱਤਾ। ਕਰੇਨਾਂ ਅਤੇ ਤਕਨੀਕੀ ਟੀਮਾਂ ਦੀ ਮਦਦ ਨਾਲ ਮੋਟਰਸਾਈਕਲ ਨੂੰ ਸਿਗਨਲ ਤੋਂ ਹੇਠਾਂ ਉਤਾਰਿਆ ਗਿਆ ਅਤੇ ਸੜਕ ’ਤੇ ਪਿਆ ਮਲਬਾ ਸਾਫ਼ ਕੀਤਾ ਗਿਆ। ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਕਿਸੇ ਦੀ ਲਾਪਰਵਾਹੀ ਬਾਰੇ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ।

