ਨਵੀਂ ਦਿੱਲੀ :- ਏਅਰ ਇੰਡੀਆ ਦੀ ਫਲਾਈਟ 182 ‘ਕਨਿਸ਼ਕ’ ਬੰਬ ਧਮਾਕੇ ਤੋਂ ਚਾਰ ਦਹਾਕਿਆਂ ਬਾਅਦ ਕੈਨੇਡਾ ਨੇ ਪਹਿਲੀ ਵਾਰ ਰਸਮੀ ਤੌਰ ‘ਤੇ ਸਵੀਕਾਰ ਕੀਤਾ ਹੈ ਕਿ ਇਸ ਹਮਲੇ ਦੇ ਪਿੱਛੇ ਕੈਨੇਡਾ ਵਿੱਚ ਸਰਗਰਮ ਗਰਮਖਿਆਲੀ ਤੱਤ ਸ਼ਾਮਲ ਸਨ। ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ (ਸੀਐਸਆਈਐਸ) ਨੇ ਇਸ ਹਮਲੇ ਨੂੰ ਦੇਸ਼ ਦੇ ਇਤਿਹਾਸ ਦਾ ਸਭ ਤੋਂ ਘਾਤਕ ਅੱਤਵਾਦੀ ਹਮਲਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਘਟਨਾ ਨੇ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਨੀਤੀ ਨੂੰ ਨਵਾਂ ਮੋੜ ਦਿੱਤਾ ਸੀ।
ਸੋਸ਼ਲ ਮੀਡੀਆ ਰਾਹੀਂ ਕੀਤਾ ਰਸਮੀ ਸਵੀਕਾਰ
ਸੀਐਸਆਈਐਸ ਨੇ ਆਪਣੇ ਅਧਿਕਾਰਕ ਸੋਸ਼ਲ ਮੀਡੀਆ ਸੰਦੇਸ਼ ਵਿੱਚ ਕਿਹਾ ਕਿ 23 ਜੂਨ 1985 ਨੂੰ ਕੈਨੇਡਾ ਵਿੱਚ ਮੌਜੂਦ ਗਰਮਖਿਆਲੀ ਤੱਤਾਂ ਵੱਲੋਂ ਰੱਖੇ ਗਏ ਬੰਬ ਕਾਰਨ ਏਅਰ ਇੰਡੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ, ਜਿਸ ਵਿੱਚ ਸਵਾਰ ਸਾਰੇ 329 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿੱਚ ਵੱਡੀ ਗਿਣਤੀ ਕੈਨੇਡੀਅਨ ਨਾਗਰਿਕਾਂ ਦੀ ਸੀ। ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਇਸ ਘਟਨਾ ਨੂੰ ਦੇਸ਼ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਦੱਸਦਿਆਂ ਕਿਹਾ ਕਿ ਕੈਨੇਡਾ ਹਰ ਕਿਸਮ ਦੇ ਅੱਤਵਾਦ ਦੇ ਖ਼ਿਲਾਫ਼ ਡਟ ਕੇ ਖੜ੍ਹਾ ਹੈ।
1985 ਦੇ ਹਮਲੇ ਨੇ ਦੁਨੀਆ ਨੂੰ ਹਿਲਾ ਦਿੱਤਾ ਸੀ
23 ਜੂਨ 1985 ਨੂੰ ਟੋਰਾਂਟੋ ਤੋਂ ਮੁੰਬਈ ਜਾ ਰਹੇ ਏਅਰ ਇੰਡੀਆ ਦੇ ਬੋਇੰਗ-747 ‘ਸਮਰਾਟ ਕਨਿਸ਼ਕ’ ਵਿੱਚ ਹਵਾਈ ਸਫ਼ਰ ਦੌਰਾਨ ਬੰਬ ਧਮਾਕਾ ਹੋਇਆ ਸੀ। ਜਾਂਚ ਏਜੰਸੀਆਂ ਮੁਤਾਬਕ ਜਹਾਜ਼ ਦੇ ਸਮਾਨ ਵਿੱਚ ਵਿਸਫੋਟਕ ਰੱਖਿਆ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਦੁਰਘਟਨਾ ਵਿੱਚ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮਾਰੇ ਗਏ ਸਨ।
ਭਾਰਤ ਲੰਮੇ ਸਮੇਂ ਤੋਂ ਉਠਾਉਂਦਾ ਰਿਹਾ ਸੀ ਇਹ ਮੁੱਦਾ
ਭਾਰਤ ਕਈ ਸਾਲਾਂ ਤੋਂ ਇਹ ਦਾਅਵਾ ਕਰਦਾ ਆ ਰਿਹਾ ਸੀ ਕਿ ਇਸ ਹਮਲੇ ਦੀ ਸਾਜ਼ਿਸ਼ ਕੈਨੇਡਾ ਦੀ ਧਰਤੀ ਤੋਂ ਰਚੀ ਗਈ ਸੀ। ਹੁਣ ਕੈਨੇਡੀਅਨ ਖੁਫੀਆ ਏਜੰਸੀ ਵੱਲੋਂ ਇਸ ਤੱਥ ਨੂੰ ਸਵੀਕਾਰ ਕਰਨਾ ਭਾਰਤ ਦੇ ਰੁਖ ਨੂੰ ਮਜ਼ਬੂਤੀ ਦੇਣ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 2010 ਵਿੱਚ ਹੋਈ ਸਰਕਾਰੀ ਜਾਂਚ ਨੇ ਵੀ ਸੁਰੱਖਿਆ ਅਤੇ ਜਾਂਚ ਏਜੰਸੀਆਂ ਦੀਆਂ ਗੰਭੀਰ ਕਮੀਆਂ ਨੂੰ ਉਜਾਗਰ ਕੀਤਾ ਸੀ, ਜਦਕਿ ਉਸੇ ਸਾਲ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਪੀੜਤ ਪਰਿਵਾਰਾਂ ਤੋਂ ਸਰਕਾਰ ਦੀਆਂ ਨਾਕਾਮੀਆਂ ਲਈ ਮੁਆਫ਼ੀ ਵੀ ਮੰਗੀ ਸੀ।
ਭਾਰਤ-ਕੈਨੇਡਾ ਸਬੰਧਾਂ ਲਈ ਅਹਿਮ ਮੰਨਿਆ ਜਾ ਰਿਹਾ ਕਦਮ
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੈਨੇਡਾ ਦਾ ਇਹ ਰੁਖ ਦੋਵਾਂ ਦੇਸ਼ਾਂ ਵਿਚਾਲੇ ਭਰੋਸਾ ਬਹਾਲ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੋ ਸਕਦਾ ਹੈ। 2023 ਵਿੱਚ ਪੈਦਾ ਹੋਏ ਕੂਟਨੀਤਕ ਤਣਾਅ ਤੋਂ ਬਾਅਦ ਦੋਵੇਂ ਦੇਸ਼ ਸਬੰਧ ਸੁਧਾਰਨ ਲਈ ਯਤਨ ਕਰ ਰਹੇ ਹਨ। ਕੂਟਨੀਤਕ ਸਬੰਧਾਂ ਨੂੰ ਮੁੜ ਪਟੜੀ ‘ਤੇ ਲਿਆਉਣ ਦੀ ਪ੍ਰਕਿਰਿਆ ਨੂੰ ਉਸ ਵੇਲੇ ਹੋਰ ਗਤੀ ਮਿਲੀ ਜਦੋਂ ਮਾਰਚ 2025 ਵਿੱਚ ਮਾਰਕ ਕਾਰਨੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ।

