ਕੇਦਾਰਨਾਥ: ਕੇਦਾਰਨਾਥ ਧਾਮ ਦੇ ਕਪਾਟ ਸਰਦੀਆਂ ਦੇ ਮੱਦੇਨਜ਼ਰ ਅੱਜ ਰਸਮੀ ਤੌਰ ’ਤੇ ਬੰਦ ਕਰ ਦਿੱਤੇ ਗਏ, ਜਿਸ ਨਾਲ ਇਸ ਸਾਲ ਦੀ ਯਾਤਰਾ ਸੀਜ਼ਨ ਦੀ ਸਮਾਪਤੀ ਹੋ ਗਈ ਹੈ। ਮੰਦਰ ਦਾ ਗਰਭ-ਗ੍ਰਹਿ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ ਅਤੇ ਬਾਕੀ ਦਰਵਾਜ਼ੇ ਰਸਮੀ ਤੌਰ ’ਤੇ ਬੰਦ ਕਰਨ ਤੋਂ ਪਹਿਲਾਂ ਇਸ ਦੇ ਦੱਖਣੀ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ।
ਨਿਰਧਾਰਿਤ ਸਮੇਂ ’ਤੇ ਪੂਰਬੀ ਗੇਟ ਰਾਹੀਂ ਬਾਬਾ ਕੇਦਾਰ ਦੀ ਪੰਚਮੁਖੀ ਚਲ ਵਿਗ੍ਰਹਿ ਡੋਲੀ (ਪਵਿੱਤਰ ਪਾਲਕੀ) ਨੂੰ ਬਾਹਰ ਲਿਆਂਦਾ ਗਿਆ। ਸ਼ੋਭਾ ਯਾਤਰਾ ਦੇ ਮੰਦਰ ਕੰਪਲੈਕਸ ਤੋਂ ਬਾਹਰ ਆਉਣ ਮਗਰੋਂ ਇਹ ਦਰਵਾਜ਼ਾ ਵੀ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ, ਜਿਸ ਨਾਲ ਸਰਦੀਆਂ ਦੇ ਮਹੀਨਿਆਂ ਲਈ ਕਪਾਟ ਬੰਦ ਕਰਨ ਦੀ ਪ੍ਰਕਿਰਿਆ ਮੁਕੰਮਲ ਹੋ ਗਈ।
ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (BKTC) ਦੇ ਚੇਅਰਮੈਨ ਹੇਮੰਤ ਦਿਵੇਦੀ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਊਖੀਮਠ ਸਥਿਤ ਬਾਬਾ ਕੇਦਾਰ ਦੇ ਸਰਦ ਰੁੱਤ ਨਿਵਾਸ ਵਿਖੇ ਦਰਸ਼ਨ ਕਰਨ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਰਹੇਗਾ।
ਭਗਵਾਨ ਕੇਦਾਰਨਾਥ ਅਗਲੇ ਲਗਭਗ ਛੇ ਮਹੀਨਿਆਂ ਤੱਕ ਊਖੀਮਠ ਵਿਖੇ ਹੀ ਬਿਰਾਜਮਾਨ ਰਹਿਣਗੇ, ਜਿੱਥੇ ਅਗਲੇ ਯਾਤਰਾ ਸੀਜ਼ਨ ਵਿੱਚ ਕੇਦਾਰਨਾਥ ਮੰਦਰ ਦੇ ਕਪਾਟ ਦੁਬਾਰਾ ਖੁੱਲ੍ਹਣ ਤੱਕ ਸ਼ਰਧਾਲੂ ਨਤਮਸਤਕ ਹੋ ਸਕਣਗੇ।
ਇਹ ਸਾਲਾਨਾ ਸਮਾਪਤੀ ਉਸ ਰਵਾਇਤੀ ਪ੍ਰਥਾ ਅਨੁਸਾਰ ਹੁੰਦੀ ਹੈ ਜਿਸ ਤਹਿਤ ਭਗਵਾਨ ਨੂੰ ਸਰਦ ਰੁੱਤ ਦੇ ਆਸਣ ’ਤੇ ਲਿਆਂਦਾ ਜਾਂਦਾ ਹੈ, ਕਿਉਂਕਿ ਕੜਾਕੇ ਦੀ ਠੰਢ ਅਤੇ ਖ਼ਰਾਬ ਮੌਸਮ ਕਾਰਨ ਸਰਦੀਆਂ ਦੇ ਮਹੀਨਿਆਂ ਦੌਰਾਨ ਇਸ ਉੱਚਾਈ ਵਾਲੇ ਧਾਮ ਤੱਕ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ।