ਚੰਡੀਗੜ੍ਹ :- ਸਰਦੀਆਂ ਦੇ ਮੌਸਮ ਵਿੱਚ ਤਾਪਮਾਨ ਘਟਣ ਨਾਲ ਬੱਚਿਆਂ ਵਿੱਚ ਵਾਇਰਲ ਇਨਫੈਕਸ਼ਨ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਮਾਹਿਰਾਂ ਮੁਤਾਬਕ ਛੋਟੇ ਬੱਚਿਆਂ ਦਾ ਇਮਿਊਨ ਸਿਸਟਮ ਅਜੇ ਪੂਰੀ ਤਰ੍ਹਾਂ ਮਜ਼ਬੂਤ ਨਹੀਂ ਹੁੰਦਾ, ਜਿਸ ਕਰਕੇ ਉਹ ਖੰਘ, ਜ਼ੁਕਾਮ ਅਤੇ ਬੁਖਾਰ ਦੀ ਚਪੇਟ ਵਿੱਚ ਜਲਦੀ ਆ ਜਾਂਦੇ ਹਨ। ਦਿੱਲੀ ਦੇ ਏਮਜ਼ ਹਸਪਤਾਲ ਦੇ ਪੀਡੀਆਟ੍ਰਿਕ ਵਿਭਾਗ ਨਾਲ ਜੁੜੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਮੌਸਮ ਵਿੱਚ ਥੋੜ੍ਹੀ ਲਾਪਰਵਾਹੀ ਵੀ ਬਿਮਾਰੀ ਨੂੰ ਗੰਭੀਰ ਬਣਾ ਸਕਦੀ ਹੈ।
ਖੰਘ-ਜ਼ੁਕਾਮ ਆਵੇ ਤਾਂ ਕੀ ਕਦਮ ਚੁੱਕੀਏ
ਡਾਕਟਰਾਂ ਅਨੁਸਾਰ ਜੇ ਬੱਚੇ ਨੂੰ ਦੋ ਦਿਨ ਤੋਂ ਵੱਧ ਸਮੇਂ ਤੱਕ ਖੰਘ ਜਾਂ ਨੱਕ ਵਹਿਣ ਦੀ ਸਮੱਸਿਆ ਰਹੇ, ਤਾਂ ਉਸਨੂੰ ਕੋਸਾ ਪਾਣੀ ਪਿਲਾਇਆ ਜਾਵੇ ਅਤੇ ਠੰਢੇ ਮੌਸਮ ਵਿੱਚ ਬਾਹਰ ਜਾਣ ਤੋਂ ਬਚਾਇਆ ਜਾਵੇ। ਨੱਕ ਬੰਦ ਹੋਣ ਦੀ ਸਥਿਤੀ ਵਿੱਚ ਸਲਾਈਨ ਡਰੌਪਸ ਮਦਦਗਾਰ ਸਾਬਤ ਹੋ ਸਕਦੀਆਂ ਹਨ, ਜਦਕਿ ਭਾਫ਼ ਸਿਰਫ਼ ਸੁਰੱਖਿਅਤ ਤਰੀਕੇ ਨਾਲ ਹੀ ਦਿੱਤੀ ਜਾਵੇ।
ਕੱਪੜੇ ਅਤੇ ਖੁਰਾਕ ’ਚ ਸੰਤੁਲਨ ਜ਼ਰੂਰੀ
ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਬੇਹਦ ਜ਼ਿਆਦਾ ਕੱਪੜਿਆਂ ਨਾਲ ਲੱਦਣਾ ਠੀਕ ਨਹੀਂ। ਤਿੰਨ ਪਰਤਾਂ ਕਾਫ਼ੀ ਹਨ, ਪਰ ਸਿਰ, ਗਰਦਨ ਅਤੇ ਪੈਰ ਢੱਕੇ ਹੋਣ ਲਾਜ਼ਮੀ ਹਨ। ਖਾਣ-ਪੀਣ ਵਿੱਚ ਗਰਮ ਸੂਪ, ਹਲਕਾ ਅਤੇ ਪੌਸ਼ਟਿਕ ਭੋਜਨ ਦਿਓ। ਫਾਸਟ ਫੂਡ ਅਤੇ ਤਲੀ-ਭੁੰਨੀ ਚੀਜ਼ਾਂ ਤੋਂ ਪਰਹੇਜ਼ ਕਰਨਾ ਬਿਹਤਰ ਰਹੇਗਾ।
ਇਹ ਗਲਤੀਆਂ ਨਾ ਕਰੋ
ਬਿਨਾਂ ਡਾਕਟਰੀ ਸਲਾਹ ਦੇ ਬੱਚੇ ਨੂੰ ਦਵਾਈ ਜਾਂ ਖੰਘ ਦਾ ਸਿਰਪ ਨਾ ਦਿਓ, ਖ਼ਾਸ ਕਰਕੇ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ। ਛੋਟੇ ਬੱਚਿਆਂ ਲਈ ਸਿੱਧੀ ਭਾਫ਼, ਅਦਰਕ ਜਾਂ ਸ਼ਹਿਦ ਵੀ ਨੁਕਸਾਨਦੇਹ ਹੋ ਸਕਦੇ ਹਨ।
ਕਦੋਂ ਡਾਕਟਰ ਕੋਲ ਲੈ ਕੇ ਜਾਣਾ ਲਾਜ਼ਮੀ
ਜੇ ਬੱਚੇ ਨੂੰ 100.4 ਡਿਗਰੀ ਫੈਰਨਹਾਈਟ ਤੋਂ ਵੱਧ ਬੁਖਾਰ ਹੋਵੇ, ਸਾਹ ਲੈਣ ਵਿੱਚ ਦਿੱਕਤ ਆਵੇ, ਲਗਾਤਾਰ ਤੇਜ਼ ਖੰਘ ਰਹੇ, ਉਲਟੀਆਂ ਹੋਣ ਜਾਂ ਬਹੁਤ ਜ਼ਿਆਦਾ ਸੁਸਤਾਪਣ ਮਹਿਸੂਸ ਹੋਵੇ, ਤਾਂ ਦੇਰ ਨਾ ਕਰਦਿਆਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਰਦੀਆਂ ਵਿੱਚ ਸਾਵਧਾਨੀ ਹੀ ਬੱਚਿਆਂ ਦੀ ਸਿਹਤ ਦੀ ਸਭ ਤੋਂ ਵੱਡੀ ਰੱਖਿਆ ਹੈ।

