ਨਵੀਂ ਦਿੱਲੀ :- ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਅੱਜ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਬਹੁਚਰਚਿਤ ਮੁਕਾਬਲੇ ‘ਤੇ ਟਿਕੀਆਂ ਹੋਣਗੀਆਂ। ਦੋਵੇਂ ਚਿਰ-ਪ੍ਰਤੀਦੰਦੀ ਟੀਮਾਂ ਐਜਬੈਸਟਨ ਸਟੇਡੀਅਮ ਵਿੱਚ ਸ਼ਾਮ 7 ਵਜੇ ਆਹਮੋ-ਸਾਹਮਣੇ ਹੋਣਗੀਆਂ। ਟੂਰਨਾਮੈਂਟ ਵਿੱਚ ਇਹ ਦੋਵਾਂ ਟੀਮਾਂ ਦਾ ਪਹਿਲਾ ਮੈਚ ਹੋਣ ਕਾਰਨ ਜਿੱਤ ਨਾਲ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਦਬਾਅ ਵੀ ਰਹੇਗਾ।
ਅੰਕੜਿਆਂ ਵਿੱਚ ਭਾਰਤ ਦਾ ਪੱਲਾ ਭਾਰੀ
ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਮਹਿਲਾ ਟੀਮਾਂ ਵਿਚਾਲੇ ਹੁਣ ਤੱਕ 16 ਮੁਕਾਬਲੇ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਭਾਰਤੀ ਟੀਮ ਨੇ 13 ਵਾਰ ਜਿੱਤ ਦਰਜ ਕੀਤੀ ਹੈ, ਜਦਕਿ ਪਾਕਿਸਤਾਨ ਸਿਰਫ਼ 3 ਮੈਚ ਆਪਣੇ ਨਾਂ ਕਰਨ ਵਿੱਚ ਸਫਲ ਰਿਹਾ ਹੈ। ਵਿਸ਼ਵ ਕੱਪ ਦੇ ਮੰਚ ‘ਤੇ ਵੀ ਭਾਰਤ ਦਾ ਰਿਕਾਰਡ ਬਿਹਤਰ ਰਿਹਾ ਹੈ, ਜਿੱਥੇ ਅੱਠ ਮੁਕਾਬਲਿਆਂ ਵਿੱਚੋਂ ਛੇ ਜਿੱਤਾਂ ਭਾਰਤ ਦੇ ਖਾਤੇ ਵਿੱਚ ਗਈਆਂ ਹਨ।
ਲਗਾਤਾਰ ਦੂਜੇ ਆਈਸੀਸੀ ਖ਼ਿਤਾਬ ‘ਤੇ ਭਾਰਤ ਦੀ ਨਜ਼ਰ
ਪਿਛਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਹੁਣ ਟੀ-20 ਵਿਸ਼ਵ ਕੱਪ ‘ਤੇ ਵੀ ਕਬਜ਼ਾ ਜਮਾਉਣ ਲਈ ਮੈਦਾਨ ਵਿੱਚ ਉਤਰੇਗੀ। ਟੀਮ ਦਾ ਮਨੋਬਲ ਉੱਚਾ ਹੈ ਅਤੇ ਖਿਡਾਰਣਾਂ ਤੋਂ ਇੱਕ ਹੋਰ ਵੱਡੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।
ਪਾਕਿਸਤਾਨ ਵੀ ਆਤਮ-ਵਿਸ਼ਵਾਸ ਨਾਲ ਮੈਦਾਨ ਵਿੱਚ ਉਤਰੇਗਾ
ਦੂਜੇ ਪਾਸੇ ਪਾਕਿਸਤਾਨੀ ਟੀਮ ਵੀ ਹਾਲੀਆ ਸਫਲਤਾ ਤੋਂ ਉਤਸ਼ਾਹਿਤ ਹੈ। ਬੰਗਲਾਦੇਸ਼ ਖ਼ਿਲਾਫ਼ ਟੀ-20 ਲੜੀ ਵਿੱਚ 3-0 ਦੀ ਕਲੀਨ ਸਵੀਪ ਤੋਂ ਬਾਅਦ ਟੀਮ ਦਾ ਹੌਸਲਾ ਬੁਲੰਦ ਹੈ। ਹਾਲਾਂਕਿ ਪਿਛਲੇ ਵਿਸ਼ਵ ਕੱਪ ਵਿੱਚ ਪਾਕਿਸਤਾਨੀ ਟੀਮ ਗਰੁੱਪ ਗੇੜ ਤੋਂ ਅੱਗੇ ਨਹੀਂ ਵੱਧ ਸਕੀ ਸੀ, ਪਰ ਇਸ ਵਾਰ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।
ਭਾਰਤੀ ਟੀਮ ਦੀ ਕਮਾਨ ਹਰਮਨਪ੍ਰੀਤ ਕੌਰ ਦੇ ਹੱਥਾਂ ਵਿੱਚ
ਭਾਰਤੀ ਟੀਮ ਦੀ ਅਗਵਾਈ ਤਜਰਬੇਕਾਰ ਹਰਮਨਪ੍ਰੀਤ ਕੌਰ ਕਰੇਗੀ। ਬੱਲੇਬਾਜ਼ੀ ਵਿੱਚ ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼ ਅਤੇ ਰਿਚਾ ਘੋਸ਼ ਵਰਗੀਆਂ ਖਿਡਾਰਣਾਂ ਟੀਮ ਦੀਆਂ ਮੁੱਖ ਉਮੀਦਾਂ ਹੋਣਗੀਆਂ। ਗੇਂਦਬਾਜ਼ੀ ਵਿਭਾਗ ਵਿੱਚ ਦੀਪਤੀ ਸ਼ਰਮਾ, ਸ਼੍ਰੇਅੰਕਾ ਪਾਟਿਲ ਅਤੇ ਨੰਦਿਨੀ ਸ਼ਰਮਾ ਤੋਂ ਅਹਿਮ ਭੂਮਿਕਾ ਨਿਭਾਉਣ ਦੀ ਆਸ ਹੈ।
ਫਾਤਿਮਾ ਸਨਾ ‘ਤੇ ਪਾਕਿਸਤਾਨ ਦੀਆਂ ਉਮੀਦਾਂ
ਪਾਕਿਸਤਾਨੀ ਟੀਮ ਦੀ ਕਪਤਾਨੀ ਫਾਤਿਮਾ ਸਨਾ ਸੰਭਾਲੇਗੀ। ਟੀਮ ਦੀ ਬੱਲੇਬਾਜ਼ੀ ਮੁਨੀਬਾ ਅਲੀ, ਆਲੀਆ ਰਿਆਜ਼ ਅਤੇ ਆਇਸ਼ਾ ਜ਼ਫਰ ‘ਤੇ ਨਿਰਭਰ ਕਰੇਗੀ, ਜਦਕਿ ਗੇਂਦਬਾਜ਼ੀ ਵਿੱਚ ਡਾਇਨਾ ਬੇਗ, ਨਸ਼ਰਾ ਸੰਧੂ ਅਤੇ ਸਾਦੀਆ ਇਕਬਾਲ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ।
ਪ੍ਰਸ਼ੰਸਕਾਂ ਨੂੰ ਰੋਮਾਂਚਕ ਮੁਕਾਬਲੇ ਦੀ ਉਮੀਦ
ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਕਿਸੇ ਵੀ ਮੁਕਾਬਲੇ ਵਾਂਗ ਇਸ ਮੈਚ ਨੂੰ ਲੈ ਕੇ ਵੀ ਕ੍ਰਿਕਟ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਹੈ। ਦੋਵੇਂ ਟੀਮਾਂ ਜਿੱਤ ਨਾਲ ਆਪਣੇ ਅਭਿਆਨ ਦੀ ਸ਼ੁਰੂਆਤ ਕਰਨਾ ਚਾਹੁਣਗੀਆਂ, ਜਿਸ ਕਾਰਨ ਮੈਦਾਨ ‘ਤੇ ਸਖ਼ਤ ਟੱਕਰ ਦੇਖਣ ਨੂੰ ਮਿਲ ਸਕਦੀ ਹੈ।

