ਚੰਡੀਗੜ੍ਹ :- ਪਹਾੜੀ ਖੇਤਰਾਂ ਵਿੱਚ ਹੋਈ ਬਰਫ਼ਬਾਰੀ ਅਤੇ ਗੜੇਮਾਰੀ ਦੇ ਅਸਰ ਨਾਲ ਪੰਜਾਬ ਦਾ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਹੈ। ਬੀਤੀ ਰਾਤ ਤੋਂ ਹੀ ਸੂਬੇ ਵਿੱਚ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ ਜਿਸ ਨਾਲ ਕਈ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਕਈ ਇਲਾਕਿਆਂ ਵਿੱਚ ਹਲਕੀ ਬੂੰਦਾਬਾਂਦੀ ਵੀ ਦਰਜ ਕੀਤੀ ਗਈ ਹੈ।
ਤਾਪਮਾਨ ਦੀ ਸਥਿਤੀ
ਮੌਸਮ ਵਿਭਾਗ ਦੇ ਅਨੁਸਾਰ ਵੀਰਵਾਰ ਨੂੰ ਤਾਪਮਾਨ ਵਿੱਚ ਕਰੀਬ 0.9 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਪਰ ਇਹ ਆਮ ਨਾਲੋਂ ਫਿਰ ਵੀ ਲਗਭਗ 2.5 ਡਿਗਰੀ ਘੱਟ ਰਿਹਾ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ ਦਰਜ ਹੋਇਆ ਜੋ 39.3 ਡਿਗਰੀ ਸੈਲਸੀਅਸ ਰਿਹਾ।
ਮੀਂਹ ਦੇ ਅੰਕੜੇ
ਪਿਛਲੇ ਚੌਵੀ ਘੰਟਿਆਂ ਦੌਰਾਨ ਲੁਧਿਆਣਾ ਅਤੇ ਪਠਾਨਕੋਟ ਵਿੱਚ ਮੀਂਹ ਦਰਜ ਕੀਤਾ ਗਿਆ ਹੈ। ਪਠਾਨਕੋਟ ਵਿੱਚ ਕਰੀਬ 3.8 ਮਿਲੀਮੀਟਰ ਵਰਖਾ ਦਰਜ ਹੋਈ ਜਦਕਿ ਚੰਡੀਗੜ੍ਹ ਸਮੇਤ ਕਈ ਥਾਵਾਂ ‘ਤੇ ਹਲਕੀ ਬੂੰਦਾਬਾਂਦੀ ਦੇਖਣ ਨੂੰ ਮਿਲੀ।
ਅਗਲੇ ਦਿਨਾਂ ਦੀ ਭਵਿੱਖਬਾਣੀ
ਮੌਸਮ ਕੇਂਦਰ ਦੇ ਅਨੁਸਾਰ ੧ ਮਈ ਨੂੰ ਸੂਬੇ ਵਿੱਚ ਮੌਸਮ ਸੁੱਕਾ ਰਹੇਗਾ ਅਤੇ ਕਿਸੇ ਤਰ੍ਹਾਂ ਦੀ ਚੇਤਾਵਨੀ ਨਹੀਂ ਹੈ, ਪਰ ੨ ਮਈ ਤੋਂ ੬ ਮਈ ਤੱਕ ਕਈ ਥਾਵਾਂ ‘ਤੇ ਮੀਂਹ ਅਤੇ ਗਰਜ-ਤੂਫ਼ਾਨ ਦੀ ਸੰਭਾਵਨਾ ਹੈ ਜਿਸ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ੭ ਮਈ ਤੋਂ ਵੱਡੀ ਵਰਖਾ ਦੀ ਕੋਈ ਉਮੀਦ ਨਹੀਂ ਹੈ।
ਹਵਾਵਾਂ ਤੇ ਤੂਫ਼ਾਨ ਦੀ ਸੰਭਾਵਨਾ
ਮੌਸਮ ਵਿਗਿਆਨ ਕੇਂਦਰ ਅਨੁਸਾਰ ੨ ਮਈ ਤੋਂ ਪੱਛਮੀ ਹਿਮਾਲੀ ਖੇਤਰ ਵੱਲੋਂ ਨਵੀਂ ਮੌਸਮੀ ਗੜਬੜ ਸਰਗਰਮ ਹੋ ਸਕਦੀ ਹੈ ਜਿਸ ਦੇ ਅਸਰ ਨਾਲ ਮਈ ਦੇ ਸ਼ੁਰੂਆਤੀ ਦਿਨਾਂ ‘ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਗਰਜ-ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਬਣੀ ਰਹੇਗੀ। ਅਗਲੇ ਕੁਝ ਦਿਨਾਂ ਵਿੱਚ ਤਾਪਮਾਨ ਵਿੱਚ ਪਹਿਲਾਂ ਵਾਧਾ ਅਤੇ ਫਿਰ ਕਮੀ ਦੇ ਆਸਾਰ ਵੀ ਦਰਸਾਏ ਗਏ ਹਨ।

