ਤਰਨਤਾਰਨ :- ਜ਼ਿਲ੍ਹਾ ਤਰਨਤਾਰਨ ਪੁਲਿਸ ਨੂੰ ਨਸ਼ਾ ਤਸਕਰੀ ਵਿਰੁੱਧ ਚਲਾਈ ਮੁਹਿੰਮ ਦੌਰਾਨ ਵੱਡੀ ਸਫਲਤਾ ਮਿਲੀ ਹੈ। ਸੀਆਈਏ ਸਟਾਫ ਦੀ ਟੀਮ ਨੇ ਇੱਕ ਅਫਰੀਕੀ ਮਹਿਲਾ ਨੂੰ 3 ਕਿਲੋ ਹੈਰੋਇਨ ਅਤੇ ਇੱਕ ਵੈਗਨ ਆਰ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਗੁਪਤ ਸੂਚਨਾ ਤੋਂ ਬਾਅਦ ਜ਼ਿਲ੍ਹੇ ’ਚ ਹਾਈ ਅਲਰਟ
ਪੁਲਿਸ ਨੂੰ ਇਨਪੁੱਟ ਮਿਲੀ ਸੀ ਕਿ ਇੱਕ ਵਿਦੇਸ਼ੀ ਮਹਿਲਾ ਸਰਹੱਦੀ ਇਲਾਕੇ ਵਿੱਚ ਨਸ਼ੇ ਦੀ ਖੇਪ ਲੈਣ ਲਈ ਪਹੁੰਚੀ ਹੋਈ ਹੈ। ਜਾਣਕਾਰੀ ਮਿਲਦਿਆਂ ਹੀ ਐੱਸਐੱਸਪੀ ਸੁਰਿੰਦਰ ਲਾਂਬਾ ਦੇ ਨਿਰਦੇਸ਼ਾਂ ’ਤੇ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਤੇ ਚੌਕਸੀ ਵਧਾ ਦਿੱਤੀ ਗਈ।
ਬਾਈਪਾਸ ਨੇੜੇ ਕਾਰ ਰੋਕ ਕੇ ਕੀਤੀ ਤਲਾਸ਼ੀ
ਸੀਆਈਏ ਸਟਾਫ ਵੱਲੋਂ ਬਾਈਪਾਸ ਇਲਾਕੇ ਨੇੜੇ ਲਗਾਈ ਨਾਕਾਬੰਦੀ ਦੌਰਾਨ ਉੱਤਰ ਪ੍ਰਦੇਸ਼ ਨੰਬਰ ਦੀ ਇੱਕ ਵੈਗਨ ਆਰ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ 3 ਕਿਲੋ ਹੈਰੋਇਨ ਬਰਾਮਦ ਹੋਈ। ਇਸ ਮਗਰੋਂ ਮਹਿਲਾ ਨੂੰ ਤੁਰੰਤ ਕਾਬੂ ਕਰ ਲਿਆ ਗਿਆ।
ਨਾਈਜੇਰੀਆ ਦੀ ਰਹਿਣ ਵਾਲੀ ਹੈ ਮਹਿਲਾ
ਗ੍ਰਿਫ਼ਤਾਰ ਮਹਿਲਾ ਦੀ ਪਛਾਣ ਬੇਲਾ ਵਜੋਂ ਹੋਈ ਹੈ, ਜੋ ਨਾਈਜੇਰੀਆ ਦੇ ਡੈਲਟਾ ਸਟੇਟ ਦੇ ਜੋਮਬਾ ਇਲਾਕੇ ਦੀ ਵਸਨੀਕ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਉਹ ਇਸ ਸਮੇਂ ਦਿੱਲੀ ਦੇ ਸੰਡੇ ਬਾਜ਼ਾਰ ਇਲਾਕੇ ਵਿੱਚ ਰਹਿ ਰਹੀ ਸੀ।
ਨਸ਼ਾ ਤਸਕਰੀ ਨਾਲ ਜੁੜੇ ਹੋਰ ਰਾਜ ਖੰਗਾਲ ਰਹੀ ਪੁਲਿਸ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਹਿਲਾ ਭਾਰਤ ਵਿੱਚ ਕੰਮ ਸਿੱਖਣ ਲਈ ਆਈ ਸੀ, ਪਰ ਬਾਅਦ ਵਿੱਚ ਨਸ਼ਾ ਤਸਕਰੀ ਦੇ ਗਿਰੋਹ ਨਾਲ ਜੁੜ ਗਈ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਉਹ ਪਹਿਲਾਂ ਵੀ ਪੰਜਾਬ ਦੇ ਸਰਹੱਦੀ ਖੇਤਰਾਂ ਤੋਂ ਕਿੰਨੀਆਂ ਖੇਪਾਂ ਲੈ ਕੇ ਜਾ ਚੁੱਕੀ ਹੈ ਅਤੇ ਇਸ ਰੈਕਟ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ।
ਐੱਸਐੱਸਪੀ ਕਰ ਸਕਦੇ ਹਨ ਵੱਡੇ ਖੁਲਾਸੇ
ਪੁਲਿਸ ਨੇ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਐੱਸਐੱਸਪੀ ਸੁਰਿੰਦਰ ਲਾਂਬਾ ਪ੍ਰੈਸ ਕਾਨਫਰੰਸ ਦੌਰਾਨ ਇਸ ਮਾਮਲੇ ਨਾਲ ਜੁੜੇ ਹੋਰ ਖੁਲਾਸੇ ਕਰ ਸਕਦੇ ਹਨ।

