ਚੰਡੀਗੜ੍ਹ :- ਰਿਸ਼ਵਤਖੋਰੀ ਦੇ ਗੰਭੀਰ ਮਾਮਲੇ ਵਿੱਚ ਘਿਰੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਦਾਲਤ ਵੱਲੋਂ ਅੱਜ ਇਸ ਕੇਸ ਵਿੱਚ ਦੋਸ਼ ਆਇਦ ਕਰਨ ਸੰਬੰਧੀ ਕਾਰਵਾਈ ਕੀਤੀ ਜਾਣੀ ਹੈ, ਜਿਸ ਨੂੰ ਮਾਮਲੇ ਦਾ ਮਹੱਤਵਪੂਰਨ ਪੜਾਅ ਮੰਨਿਆ ਜਾ ਰਿਹਾ ਹੈ। ਜਾਂਚ ਏਜੰਸੀਆਂ ਅਤੇ ਕਾਨੂੰਨੀ ਧਿਰਾਂ ਦੀ ਨਜ਼ਰ ਅੱਜ ਦੀ ਸੁਣਵਾਈ ’ਤੇ ਟਿਕੀ ਹੋਈ ਹੈ।
ਬੈਂਕ ਖਾਤੇ ਖੋਲ੍ਹਣ ਦੀ ਮੰਗ ਅਦਾਲਤ ਨੇ ਕੀਤੀ ਸੀ ਖਾਰਜ
ਇਸ ਤੋਂ ਪਹਿਲਾਂ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਭੁੱਲਰ ਵੱਲੋਂ ਦਾਇਰ ਕੀਤੀ ਗਈ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਬੈਂਕ ਖਾਤਿਆਂ ਨੂੰ ਚਲਾਉਣ ਦੀ ਇਜਾਜ਼ਤ ਮੰਗੀ ਸੀ। ਅਦਾਲਤ ਨੇ ਸਪਸ਼ਟ ਕੀਤਾ ਸੀ ਕਿ ਜਾਂਚ ਮੁਕੰਮਲ ਹੋਣ ਤੱਕ ਭੁੱਲਰ ਨਾਲ ਸੰਬੰਧਤ ਸਾਰੇ ਖਾਤੇ ਫ੍ਰੀਜ਼ ਰਹਿਣਗੇ।
ਈਡੀ ਦੀ ਐਂਟਰੀ ਨਾਲ ਜਾਂਚ ਨੇ ਫੜਿਆ ਹੋਰ ਤੇਜ਼ੀ ਦਾ ਰੁੱਖ
ਮਾਮਲੇ ਵਿੱਚ ਸਹਿ-ਮੁਲਜ਼ਮ ਕ੍ਰਿਸ਼ਨੂ ਸ਼ਾਰਦਾ ਦੀਆਂ ਮੁਸ਼ਕਲਾਂ ਵੀ ਵਧਦੀਆਂ ਦਿਖਾਈ ਦੇ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹੁਣ ਸੀਬੀਆਈ ਨਾਲ ਮਿਲ ਕੇ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਭੁੱਲਰ ਦੇ ਚੰਡੀਗੜ੍ਹ ਸਥਿਤ ਨਿਵਾਸ ਸਮੇਤ 11 ਥਾਵਾਂ ’ਤੇ ਛਾਪੇਮਾਰੀ ਵੀ ਕੀਤੀ ਗਈ ਸੀ, ਜਿੱਥੋਂ ਕਈ ਦਸਤਾਵੇਜ਼ ਅਤੇ ਹੋਰ ਸਬੂਤ ਇਕੱਠੇ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ।
ਰੋਜ਼ਾਨਾ ਸੁਣਵਾਈ ਦੀ ਮੰਗ ਵੀ ਨਹੀਂ ਮੰਨੀ ਗਈ
ਇਸ ਮਾਮਲੇ ਵਿੱਚ ਸੀਬੀਆਈ ਵੱਲੋਂ ਅਦਾਲਤ ਕੋਲ ਇਹ ਅਪੀਲ ਵੀ ਕੀਤੀ ਗਈ ਸੀ ਕਿ ਕੇਸ ਦੀ ਰੋਜ਼ਾਨਾ ਅਧਾਰ ’ਤੇ ਸੁਣਵਾਈ ਕਰਵਾਈ ਜਾਵੇ ਤਾਂ ਜੋ ਜਾਂਚ ਅਤੇ ਟ੍ਰਾਇਲ ਜਲਦੀ ਪੂਰੇ ਹੋ ਸਕਣ। ਪਰ ਵਿਸ਼ੇਸ਼ ਅਦਾਲਤ ਨੇ ਇਹ ਮੰਗ ਰੱਦ ਕਰ ਦਿੱਤੀ ਸੀ। ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਕੇਸ ਹਾਲੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਅਜੇ ਤੱਕ ਦੋਸ਼ ਤੈਅ ਕਰਨ ਦੀ ਕਾਰਵਾਈ ਵੀ ਪੂਰੀ ਨਹੀਂ ਹੋਈ।
ਗਵਾਹੀਆਂ ਦਾ ਦੌਰ ਸ਼ੁਰੂ ਹੋਣ ਤੋਂ ਬਾਅਦ ਹੀ ਹੋ ਸਕਦੀ ਰੋਜ਼ਾਨਾ ਸੁਣਵਾਈ
ਅਦਾਲਤ ਨੇ ਆਪਣੇ ਆਦੇਸ਼ ਵਿੱਚ ਇਹ ਵੀ ਸਪਸ਼ਟ ਕੀਤਾ ਕਿ ਕਾਨੂੰਨੀ ਪ੍ਰਕਿਰਿਆ ਅਨੁਸਾਰ ਰੋਜ਼ਾਨਾ ਸੁਣਵਾਈ ਆਮ ਤੌਰ ’ਤੇ ਉਸ ਵੇਲੇ ਕੀਤੀ ਜਾਂਦੀ ਹੈ ਜਦੋਂ ਦੋਸ਼ ਤੈਅ ਹੋ ਚੁੱਕੇ ਹੋਣ ਅਤੇ ਗਵਾਹੀਆਂ ਦਰਜ ਕਰਨ ਦਾ ਪੜਾਅ ਸ਼ੁਰੂ ਹੋਵੇ। ਇਸ ਲਈ ਮੌਜੂਦਾ ਹਾਲਾਤਾਂ ਵਿੱਚ ਸੀਬੀਆਈ ਦੀ ਮੰਗ ਨੂੰ ਮਨਜ਼ੂਰ ਕਰਨਾ ਵਿਹਾਰਕ ਨਹੀਂ ਮੰਨਿਆ ਗਿਆ।

