ਕਰਨਾਟਕ :- ਕਰਨਾਟਕ ਦੀ ਰਾਜਨੀਤੀ ਵਿੱਚ ਵੱਡੇ ਉਲਟਫੇਰ ਦੇ ਤਹਿਤ ਕਾਂਗਰਸ ਆਗੂ ਸਿੱਧਰਮਈਆ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸ ਹਾਈਕਮਾਂਡ ਦੇ ਫੈਸਲੇ ਮਗਰੋਂ ਉਨ੍ਹਾਂ ਨੇ ਆਪਣਾ ਅਸਤੀਫ਼ਾ ਲੋਕ ਭਵਨ ਵਿੱਚ ਰਾਜਪਾਲ ਦੇ ਵਿਸ਼ੇਸ਼ ਸਕੱਤਰ ਨੂੰ ਸੌਂਪਿਆ। ਇਸ ਤੋਂ ਬਾਅਦ ਰਾਜਪਾਲ ਥਾਵਰਚੰਦ ਗਹਿਲੋਤ ਵੱਲੋਂ ਅੱਜ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਸ਼ਿਵਕੁਮਾਰ ਨਾਲ ਨਜ਼ਰ ਆਏ ਸਿੱਧਰਮਈਆ
ਅਸਤੀਫ਼ਾ ਦੇਣ ਮਗਰੋਂ ਸਿੱਧਰਮਈਆ ਨੇ ਉਪ-ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਸਪਸ਼ਟ ਕੀਤਾ ਕਿ ਪਾਰਟੀ ਲੀਡਰਸ਼ਿਪ ਦੇ ਨਿਰਦੇਸ਼ਾਂ ਅਨੁਸਾਰ ਹੁਣ ਸ਼ਿਵਕੁਮਾਰ ਹੀ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਹੋਣਗੇ। ਦੋਵੇਂ ਆਗੂਆਂ ਵਿਚਕਾਰ ਭਾਵੁਕ ਪਲ ਵੀ ਵੇਖਣ ਨੂੰ ਮਿਲੇ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਤਸਵੀਰਾਂ ਵਿੱਚ ਸਿੱਧਰਮਈਆ ਸ਼ਿਵਕੁਮਾਰ ਨੂੰ ਗਲੇ ਲਗਾਉਂਦੇ ਨਜ਼ਰ ਆਏ, ਜਦਕਿ ਇੱਕ ਹੋਰ ਤਸਵੀਰ ਵਿੱਚ ਸ਼ਿਵਕੁਮਾਰ ਉਨ੍ਹਾਂ ਤੋਂ ਆਸ਼ੀਰਵਾਦ ਲੈਂਦੇ ਦਿਖਾਈ ਦਿੱਤੇ।
2023 ਤੋਂ ਹੀ ਚੱਲ ਰਹੀ ਸੀ ਮੁੱਖ ਮੰਤਰੀ ਅਹੁਦੇ ਦੀ ਚਰਚਾ
ਮਈ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਸਿੱਧਰਮਈਆ ਅਤੇ ਡੀ. ਕੇ. ਸ਼ਿਵਕੁਮਾਰ ਵਿਚਕਾਰ ਤਿੱਖੀ ਦੌੜ ਚੱਲ ਰਹੀ ਸੀ। ਉਸ ਵੇਲੇ ਪਾਰਟੀ ਨੇ ਸ਼ਿਵਕੁਮਾਰ ਨੂੰ ਉਪ-ਮੁੱਖ ਮੰਤਰੀ ਬਣਾਕੇ ਮਾਮਲਾ ਸੁਲਝਾਇਆ ਸੀ। ਸਿਆਸੀ ਗਲਿਆਰਿਆਂ ਵਿੱਚ ਉਸ ਸਮੇਂ ਇਹ ਗੱਲ ਵੀ ਚਰਚਾ ਵਿੱਚ ਰਹੀ ਕਿ ਦੋਵੇਂ ਆਗੂਆਂ ਵਿਚਕਾਰ “ਢਾਈ-ਢਾਈ ਸਾਲ” ਦੇ ਫਾਰਮੂਲੇ ’ਤੇ ਸਹਿਮਤੀ ਬਣੀ ਸੀ।
ਕੈਬਨਿਟ ਸਹਿਯੋਗੀਆਂ ਨੂੰ ਪਹਿਲਾਂ ਹੀ ਦਿੱਤੀ ਜਾਣਕਾਰੀ
ਅਸਤੀਫ਼ਾ ਦੇਣ ਤੋਂ ਪਹਿਲਾਂ ਸਿੱਧਰਮਈਆ ਨੇ ਆਪਣੀ ਸਰਕਾਰੀ ਰਿਹਾਇਸ਼ ’ਤੇ ਕੈਬਨਿਟ ਮੰਤਰੀਆਂ ਲਈ ਵਿਸ਼ੇਸ਼ ਭੋਜਨ ਦਾ ਪ੍ਰਬੰਧ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਹਿਯੋਗੀਆਂ ਨੂੰ ਅਹੁਦਾ ਛੱਡਣ ਦੇ ਫੈਸਲੇ ਬਾਰੇ ਜਾਣੂ ਕਰਵਾਇਆ। ਮੀਟਿੰਗ ਦੌਰਾਨ ਕਈ ਮੰਤਰੀ ਭਾਵੁਕ ਵੀ ਦਿਖਾਈ ਦਿੱਤੇ।
ਰਾਜ ਸਭਾ ਜਾਣ ਤੋਂ ਕੀਤਾ ਇਨਕਾਰ
ਸਿੱਧਰਮਈਆ ਨੇ ਇਹ ਵੀ ਖੁਲਾਸਾ ਕੀਤਾ ਕਿ ਕਾਂਗਰਸ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਰਾਜ ਸਭਾ ਸੀਟ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਨ੍ਹਾਂ ਨੇ ਇਹ ਪੇਸ਼ਕਸ਼ ਨਿਮਰਤਾ ਨਾਲ ਠੁਕਰਾ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰੁਚੀ ਰਾਸ਼ਟਰੀ ਰਾਜਨੀਤੀ ਵਿੱਚ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਦੋ ਵਾਰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ।

