ਦੋ ਥਾਵਾਂ ਤੇ ਪਹੁੰਚੀ ਕੇਂਦਰੀ ਜਾਂਚ ਏਜੰਸੀ ਦੀ ਟੀਮ, ਕੰਪਿਊਟਰ ਤੇ ਮੋਬਾਈਲ ਫੋਨ ਕੀਤੇ ਕਬਜ਼ੇ ’ਚ
ਪਟਿਆਲਾ :- ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਵਿੱਚ ਬੁੱਧਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਦੋ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕੀਤੀ। ਇਨ੍ਹਾਂ ਵਿੱਚੋਂ ਇੱਕ ਥਾਂ ’ਤੇ ‘ਡੀਐਮ ਵੈੱਬ ਸਲਿਊਸ਼ਨ’ ਦੇ ਨਾਂ ਹੇਠ ਚੱਲ ਰਹੇ ਦਫ਼ਤਰ ਵਿੱਚ ਟੀਮ ਨੇ ਕਈ ਘੰਟਿਆਂ ਤੱਕ ਜਾਂਚ ਕੀਤੀ। ਸਵੇਰੇ ਤੜਕਸਾਰ ਦੋ ਗੱਡੀਆਂ ਵਿੱਚ ਪਹੁੰਚੇ ਅਧਿਕਾਰੀਆਂ ਨੇ ਇਮਾਰਤ ਨੂੰ ਆਪਣੇ ਨਿਗਰਾਨੀ ਘੇਰੇ ਵਿੱਚ ਲੈ ਕੇ ਉੱਥੇ ਆਉਣ-ਜਾਣ ’ਤੇ ਰੋਕ ਲਗਾ ਦਿੱਤੀ।
ਕਾਲ ਸੈਂਟਰ ਦੇ ਕੰਮਕਾਜ ਦੀ ਵੀ ਜਾਂਚ
ਮੁੱਢਲੀ ਜਾਣਕਾਰੀ ਅਨੁਸਾਰ ਆਈਟੀ ਕੰਪਨੀ ਦੇ ਨਾਂ ’ਤੇ ਚੱਲ ਰਹੇ ਇਸ ਦਫ਼ਤਰ ਵਿੱਚ ਕਾਲ ਸੈਂਟਰ ਦਾ ਕੰਮ ਵੀ ਕੀਤਾ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇੱਥੇ ਦਿਨ-ਰਾਤ ਕੰਮ ਚੱਲਦਾ ਸੀ। ਈਡੀ ਦੀ ਕਾਰਵਾਈ ਦੌਰਾਨ ਅਧਿਕਾਰੀਆਂ ਵੱਲੋਂ ਦਫ਼ਤਰ ਵਿੱਚ ਮੌਜੂਦ ਕੰਪਿਊਟਰਾਂ, ਲੈਪਟਾਪਾਂ, ਹਾਰਡ ਡਿਸਕਾਂ ਅਤੇ ਵਿੱਤੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ।
ਵਿਦੇਸ਼ੀ ਨਾਗਰਿਕਾਂ ਨਾਲ ਧੋਖਾਧੜੀ ਦੇ ਸ਼ੱਕ ਦੀ ਜਾਂਚ
ਸੂਤਰਾਂ ਮੁਤਾਬਕ ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਕਾਲ ਸੈਂਟਰ ਰਾਹੀਂ ਵਿਦੇਸ਼ੀ ਨਾਗਰਿਕਾਂ ਨਾਲ ਕਥਿਤ ਧੋਖਾਧੜੀ ਜਾਂ ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਕੀਤਾ ਜਾ ਰਿਹਾ ਸੀ। ਕਾਰਵਾਈ ਦੌਰਾਨ ਮੌਜੂਦ ਮੁਲਾਜ਼ਮਾਂ ਦੇ ਮੋਬਾਈਲ ਫੋਨ ਵੀ ਕਬਜ਼ੇ ਵਿੱਚ ਲਏ ਗਏ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਅਧਿਕਾਰੀ ਕਾਲ ਸੈਂਟਰ ਨਾਲ ਜੁੜੇ ਸੰਚਾਲਕਾਂ, ਨਿਵੇਸ਼ਕਾਂ ਅਤੇ ਵਿੱਤੀ ਲੈਣ-ਦੇਣ ਨਾਲ ਸਬੰਧਤ ਰਿਕਾਰਡ ਦੀ ਵੀ ਜਾਂਚ ਕਰ ਰਹੇ ਹਨ। ਫਿਲਹਾਲ ਈਡੀ ਵੱਲੋਂ ਇਸ ਕਾਰਵਾਈ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।

