ਜਾਣਕਾਰੀ ਅਨੁਸਾਰ ਮ੍ਰਿਤਕ ਆਲੇ-ਦੁਆਲੇ ਦੇ ਪਿੰਡਾਂ ਤੋਂ ਸਾਗ ਲਿਆ ਕੇ ਲੁਧਿਆਣਾ ਦੇ ਵੱਖ-ਵੱਖ ਮੁਹੱਲਿਆਂ ਵਿੱਚ ਵੇਚਦਾ ਸੀ। ਵੀਰਵਾਰ ਸਵੇਰੇ ਵੀ ਉਹ ਮੋਟਰਸਾਈਕਲ ’ਤੇ ਸਾਗ ਲੈ ਕੇ ਕਿਦਵਈ ਨਗਰ, ਇਸਲਾਮਗੰਜ ਅਤੇ ਈਸਾ ਨਗਰੀ ਇਲਾਕੇ ਵਿੱਚ ਵੇਚਣ ਲਈ ਆਇਆ ਸੀ। ਜਦੋਂ ਉਹ ਈਸਾ ਨਗਰੀ ਚੌਕ ਪਹੁੰਚਿਆ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਹੋਂਡਾ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਟੱਕਰ ਕਾਰਨ ਮੋਟਰਸਾਈਕਲ ਸਵਾਰ ਸੜਕ ’ਤੇ ਡਿੱਗ ਪਿਆ ਅਤੇ ਕਾਰ ਉਸ ਨੂੰ ਦਰੜਦੀ ਹੋਈ ਅੱਗੇ ਲੰਘ ਗਈ। ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਤਿੰਨ ਸਕੂਟਰਾਂ ਨੂੰ ਵੀ ਮਾਰੀ ਟੱਕਰ
ਹਾਦਸੇ ਤੋਂ ਬਾਅਦ ਕਾਰ ਚਾਲਕ ਵਾਹਨ ’ਤੇ ਕਾਬੂ ਨਹੀਂ ਰੱਖ ਸਕਿਆ। ਕੁਝ ਦੂਰੀ ’ਤੇ ਕਾਰ ਨੇ ਤਿੰਨ ਹੋਰ ਸਕੂਟਰਾਂ ਨੂੰ ਟੱਕਰ ਮਾਰ ਦਿੱਤੀ। ਸਕੂਟਰਾਂ ’ਤੇ ਸਵਾਰ ਔਰਤਾਂ ਅਤੇ ਕੁਝ ਨੌਜਵਾਨ ਸੜਕ ’ਤੇ ਡਿੱਗ ਕੇ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ਅੱਗੇ ਜਾ ਕੇ ਇੱਕ ਖੰਭੇ ਨਾਲ ਟਕਰਾਉਣ ਤੋਂ ਬਾਅਦ ਰੁਕੀ।
ਸੀਸੀਟੀਵੀ ਵਿੱਚ ਕੈਦ ਹੋਇਆ ਹਾਦਸਾ
ਘਟਨਾ ਦੀ ਸੂਚਨਾ ਮਿਲਣ ’ਤੇ ਸਮਾਜਿਕ ਕਾਰਕੁਨ ਰਮੇਸ਼ ਬਾਂਗੜ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਹਾਦਸੇ ਦੀਆਂ ਤਸਵੀਰਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਹਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਰਾਹੀਂ ਹਾਦਸੇ ਦੇ ਪੂਰੇ ਹਾਲਾਤ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।