ਬਟਾਲਾ :- ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 539ਵੇਂ ਵਿਆਹ ਪੁਰਬ ਸਬੰਧੀ ਬਟਾਲਾ ਵਿੱਚ ਧਾਰਮਿਕ ਸਮਾਗਮਾਂ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਅੱਜ ਸ਼ਹਿਰ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਨਗਰ ਕੀਰਤਨ ਦੇ ਮੱਦੇਨਜ਼ਰ ਬਟਾਲਾ ਸ਼ਹਿਰ ਵਿੱਚ ਸੰਗਤ ਵੱਲੋਂ ਵੱਖ-ਵੱਖ ਥਾਵਾਂ ਤੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਦੇਸ਼-ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ ਕਾਰਨ ਵਿਆਹ ਪੁਰਬ ਨੂੰ ਲੈ ਕੇ ਸ਼ਹਿਰ ਵਿੱਚ ਧਾਰਮਿਕ ਮਾਹੌਲ ਬਣਿਆ ਹੋਇਆ ਹੈ।
ਦੋਵੇਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ ਪਾਠਾਂ ਦੇ ਭੋਗ
ਵਿਆਹ ਪੁਰਬ ਦੇ ਸਮਾਗਮਾਂ ਦੀ ਸ਼ੁਰੂਆਤ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ। ਅੱਜ ਇਨ੍ਹਾਂ ਪਾਠਾਂ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਨਗਰ ਕੀਰਤਨ ਦੀ ਰਵਾਨਗੀ ਹੋ ਰਹੀ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਸ਼ਹਿਰ ਦੇ ਇਤਿਹਾਸਕ ਰਸਤਿਆਂ ਤੋਂ ਲੰਘੇਗਾ ਨਗਰ ਕੀਰਤਨ
ਨਗਰ ਕੀਰਤਨ ਬਟਾਲਾ ਦੇ ਵੱਖ-ਵੱਖ ਇਤਿਹਾਸਕ ਰਸਤਿਆਂ ਵਿੱਚੋਂ ਹੁੰਦਾ ਹੋਇਆ ਅੱਗੇ ਵਧੇਗਾ। ਰਸਤੇ ਵਿੱਚ ਸੰਗਤ ਵੱਲੋਂ ਸ਼ਰਧਾ ਨਾਲ ਸਵਾਗਤ ਕੀਤਾ ਜਾਵੇਗਾ। ਕਈ ਥਾਵਾਂ ’ਤੇ ਲੰਗਰ ਲਗਾਏ ਗਏ ਹਨ, ਜਦਕਿ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ।
ਵੱਡੀ ਗਿਣਤੀ ‘ਚ ਸੰਗਤ ਪਹੁੰਚਣ ਦੀ ਉਮੀਦ
ਵਿਆਹ ਪੁਰਬ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਵੀ ਸ਼ਰਧਾਲੂ ਬਟਾਲਾ ਪਹੁੰਚ ਰਹੇ ਹਨ। ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਦੇ ਇਕੱਠੇ ਹੋਣ ਨੂੰ ਦੇਖਦਿਆਂ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਤ ਨੂੰ ਦਿੱਤੀ ਵਧਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਵਿਆਹ ਪੁਰਬ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ 18 ਸਤੰਬਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਗੁਰਦੁਆਰਾ ਸਾਹਿਬ ਦੀ ਤਸਵੀਰ ਸਾਂਝੀ ਕਰਦਿਆਂ ਸਮੂਹ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਏਕਤਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਦਾ ਵੀ ਜ਼ਿਕਰ ਕੀਤਾ।
ਗੁਰੂ ਸਾਹਿਬ ਨੇ ਦਿੱਤਾ ਬਰਾਬਰੀ ਤੇ ਸੱਚੀ ਕਿਰਤ ਦਾ ਸੰਦੇਸ਼
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਗ੍ਰਹਿਸਥ ਜੀਵਨ ਵਿੱਚ ਰਹਿੰਦਿਆਂ ਨਾਮ ਸਿਮਰਨ, ਸੱਚੀ ਕਿਰਤ ਅਤੇ ਵੰਡ ਛਕਣ ਦਾ ਮਾਰਗ ਦਿਖਾਇਆ। ਉਨ੍ਹਾਂ ਨੇ ਸਮਾਜ ਵਿੱਚ ਮੌਜੂਦ ਜਾਤ-ਪਾਤ, ਊਚ-ਨੀਚ ਅਤੇ ਮਨੁੱਖੀ ਭੇਦਭਾਵ ਦਾ ਵਿਰੋਧ ਕਰਦਿਆਂ ਹਰ ਮਨੁੱਖ ਨੂੰ ਬਰਾਬਰ ਸਮਝਣ ਦਾ ਸੰਦੇਸ਼ ਦਿੱਤਾ। ‘ਏਕ ਓਂਕਾਰ’ ਰਾਹੀਂ ਗੁਰੂ ਸਾਹਿਬ ਨੇ ਸਮੁੱਚੀ ਮਨੁੱਖਤਾ ਨੂੰ ਇੱਕ ਪਰਮਾਤਮਾ ਦੀ ਸੰਤਾਨ ਹੋਣ ਦਾ ਸੰਦੇਸ਼ ਦਿੱਤਾ।
ਮਾਤਾ ਸੁਲੱਖਣੀ ਜੀ ਨਾਲ ਜੁੜਿਆ ਇਤਿਹਾਸਕ ਪੁਰਬ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜਿਆ ਇਹ ਵਿਆਹ ਪੁਰਬ ਬਟਾਲਾ ਦੇ ਧਾਰਮਿਕ ਅਤੇ ਇਤਿਹਾਸਕ ਮਹੱਤਵ ਨਾਲ ਵੀ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਗੁਰੂ ਸਾਹਿਬ ਅਤੇ ਮਾਤਾ ਸੁਲੱਖਣੀ ਜੀ ਦੇ ਗ੍ਰਹਿਸਥ ਜੀਵਨ ਦੌਰਾਨ ਸ੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਦੋ ਪੁੱਤਰਾਂ ਦਾ ਜਨਮ ਹੋਇਆ। ਇਸ ਪੁਰਬ ਮੌਕੇ ਸੰਗਤ ਵੱਲੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ।
18 ਸਤੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ
ਵਿਆਹ ਪੁਰਬ ਦੇ ਮੱਦੇਨਜ਼ਰ ਗੁਰਦਾਸਪੁਰ ਜ਼ਿਲ੍ਹੇ ਵਿੱਚ 18 ਸਤੰਬਰ ਨੂੰ ਸਥਾਨਕ ਛੁੱਟੀ ਵੀ ਐਲਾਨੀ ਗਈ ਹੈ। ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਸਕੂਲਾਂ, ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਗੈਰ-ਵਿਦਿਅਕ ਸੰਸਥਾਵਾਂ ਵਿੱਚ ਛੁੱਟੀ ਰਹੇਗੀ। ਹਾਲਾਂਕਿ ਪਹਿਲਾਂ ਤੋਂ ਨਿਰਧਾਰਤ ਬੋਰਡ ਜਾਂ ਯੂਨੀਵਰਸਿਟੀ ਪ੍ਰੀਖਿਆਵਾਂ ਆਪਣੇ ਤੈਅ ਸ਼ਡਿਊਲ ਅਨੁਸਾਰ ਹੀ ਹੋਣਗੀਆਂ।

