ਅਬੂ ਧਾਬੀ ਵਿੱਚ ਦਿਖਾਇਆ ਦਮ, ਸੱਟ ਲੱਗਣ ਦੇ ਬਾਵਜੂਦ ਮੁਕਾਬਲਾ ਕੀਤਾ ਪੂਰਾ
ਚੰਡੀਗੜ੍ਹ :- ਪੰਜਾਬ ਦੇ ਨਵਾਂਸ਼ਹਿਰ ਨਾਲ ਸਬੰਧਤ ਮਨਜੋਤ ਕੌਰ ਨੇ ‘ਪਾਵਰ ਸਲੈਪ’ ਖੇਡ ਵਿੱਚ ਭਾਰਤ ਲਈ ਨਵਾਂ ਇਤਿਹਾਸ ਰਚ ਦਿੱਤਾ ਹੈ। ਉਹ ਇਸ ਖੇਡ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਫਾਈਟਰ ਬਣੀ ਹੈ। ਅਬੂ ਧਾਬੀ ਵਿੱਚ ਹੋਏ ਮੁਕਾਬਲੇ ਦੌਰਾਨ ਮਨਜੋਤ ਨੇ ਦਲੇਰੀ ਅਤੇ ਜਜ਼ਬੇ ਦੀ ਮਿਸਾਲ ਪੇਸ਼ ਕੀਤੀ। ਭਾਵੇਂ ਉਹ 7 ਅੰਕਾਂ ਦੇ ਫਰਕ ਨਾਲ ਮੁਕਾਬਲਾ ਨਹੀਂ ਜਿੱਤ ਸਕੀ, ਪਰ ਸੱਟ ਲੱਗਣ ਦੇ ਬਾਵਜੂਦ ਅੰਤ ਤੱਕ ਡਟ ਕੇ ਖੇਡਣਾ ਹਰ ਕਿਸੇ ਲਈ ਪ੍ਰੇਰਣਾ ਬਣਿਆ।
ਵਿਰੋਧੀ ਦੇ ਜ਼ੋਰਦਾਰ ਥੱਪੜ ਨਾਲ ਲੱਗੀ ਸੱਟ, ਚਿਹਰੇ ‘ਤੇ ਲੱਗੇ 9 ਟਾਂਕੇ
ਮੁਕਾਬਲੇ ਦੌਰਾਨ ਵਿਰੋਧੀ ਖਿਡਾਰਨ ਦੇ ਇੱਕ ਤਾਕਤਵਰ ਥੱਪੜ ਕਾਰਨ ਮਨਜੋਤ ਕੌਰ ਦੇ ਚਿਹਰੇ ‘ਤੇ ਗੰਭੀਰ ਸੱਟ ਲੱਗੀ, ਜਿਸ ਕਾਰਨ ਉਨ੍ਹਾਂ ਨੂੰ 9 ਟਾਂਕੇ ਲਗਵਾਉਣੇ ਪਏ। ਇਸ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਮੁਕਾਬਲਾ ਅਧੂਰਾ ਛੱਡਣ ਦੀ ਬਜਾਏ ਪੂਰਾ ਕੀਤਾ, ਜਿਸ ਦੀ ਖੇਡ ਜਗਤ ਵਿੱਚ ਕਾਫ਼ੀ ਸਰਾਹਨਾ ਹੋ ਰਹੀ ਹੈ।
ਹੁਣ ਸਿਡਨੀ ਵਿੱਚ ਹੋਣ ਵਾਲੇ ਮੁਕਾਬਲੇ ‘ਤੇ ਨਜ਼ਰ
ਸੱਟ ਤੋਂ ਉਭਰਨ ਮਗਰੋਂ ਮਨਜੋਤ ਕੌਰ ਹੁਣ 18 ਜੁਲਾਈ ਨੂੰ ਆਸਟ੍ਰੇਲੀਆ ਦੇ ਸਿਡਨੀ ਵਿੱਚ ਹੋਣ ਵਾਲੇ ਅਗਲੇ ‘ਪਾਵਰ ਸਲੈਪ’ ਮੁਕਾਬਲੇ ਲਈ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਵਿਸ਼ਵ ਦੇ ਸਭ ਤੋਂ ਵੱਡੇ ਫਾਈਟਿੰਗ ਮੰਚਾਂ ‘ਤੇ ਭਾਰਤ ਦੀ ਨੁਮਾਇੰਦਗੀ ਕਰਨਾ ਹੈ। ਮਨਜੋਤ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਯਾਤਰਾ ਪੰਜਾਬ ਅਤੇ ਦੇਸ਼ ਦੀਆਂ ਹੋਰ ਨੌਜਵਾਨ ਕੁੜੀਆਂ ਨੂੰ ਵੀ ਇਸ ਖੇਡ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕਰੇਗੀ।
ਮੁੱਕੇਬਾਜ਼ੀ ਤੋਂ ‘ਪਾਵਰ ਸਲੈਪ’ ਤੱਕ ਦਾ ਸਫ਼ਰ
ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ ਬੀ.ਪੀ.ਐੱਡ ਕਰਨ ਵਾਲੀ ਮਨਜੋਤ ਕੌਰ ਨੇ ਕਰੀਬ ਛੇ ਸਾਲ ਵੱਖ-ਵੱਖ ਖੇਡਾਂ ਵਿੱਚ ਹੱਥ ਅਜ਼ਮਾਉਣ ਤੋਂ ਬਾਅਦ 2021 ਵਿੱਚ ਪੇਸ਼ੇਵਰ ਮੁੱਕੇਬਾਜ਼ੀ ਨੂੰ ਆਪਣਾ ਕਰੀਅਰ ਬਣਾਇਆ। 2022 ਵਿੱਚ ਉਨ੍ਹਾਂ ਨੇ ਥਾਈਲੈਂਡ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਮੁਕਾਬਲਾ ਜਿੱਤਿਆ। ਇਸ ਤੋਂ ਬਾਅਦ 2024 ਵਿੱਚ ਬ੍ਰਿਸਬੇਨ ਅਤੇ 2025 ਵਿੱਚ ਨਿਊਜ਼ੀਲੈਂਡ ਵਿੱਚ ਵੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਨਿਊਜ਼ੀਲੈਂਡ ਵਿੱਚ ਵਿਸ਼ਵ ਦੀ ਦੂਜੇ ਨੰਬਰ ਦੀ ਫਾਈਟਰ ਮੀਆ ਮੋਟੂ ਖ਼ਿਲਾਫ਼ ਮੁਕਾਬਲਾ ਕਰਕੇ ਮਨਜੋਤ ਨੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਵੱਖਰੀ ਪਛਾਣ ਬਣਾਈ।

