ਸਰਕਾਰ ਨਾਲ ਮੀਟਿੰਗ ਵਿੱਚ ਨਹੀਂ ਬਣੀ ਸਹਿਮਤੀ
ਹੜਤਾਲ ਦਾ ਫ਼ੈਸਲਾ ਯੂਨੀਅਨ ਅਤੇ ਸਰਕਾਰ ਦੇ ਨੁਮਾਇੰਦਿਆਂ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਲਿਆ ਗਿਆ। ਸੋਮਵਾਰ ਨੂੰ ਯੂਨੀਅਨ ਆਗੂਆਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਟਰਾਂਸਪੋਰਟ ਸਕੱਤਰ ਅਤੇ ਪੀ.ਆਰ.ਟੀ.ਸੀ. ਤੇ ਪਨਬਸ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ। ਯੂਨੀਅਨ ਆਗੂ ਹਰਕੇਸ਼ ਵਿੱਕੀ ਮੁਤਾਬਕ ਸਰਕਾਰ ਨੇ ਕੁਝ ਮੁਲਾਜ਼ਮਾਂ ਨੂੰ ਜੁਆਇਨਿੰਗ ਪੱਤਰ ਦੇ ਕੇ ਵਿਭਾਗ ਵਿੱਚ ਕੰਟਰੈਕਟ ਆਧਾਰ ’ਤੇ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਰੱਖੀ।
ਸਾਰੇ ਮੁਲਾਜ਼ਮਾਂ ਲਈ ਇਕਸਾਰ ਨੀਤੀ ਦੀ ਮੰਗ
ਯੂਨੀਅਨ ਨੇ ਸਰਕਾਰ ਦੀ ਇਸ ਤਜਵੀਜ਼ ਨੂੰ ਸਵੀਕਾਰ ਨਹੀਂ ਕੀਤਾ। ਆਗੂਆਂ ਦਾ ਕਹਿਣਾ ਹੈ ਕਿ ਕੁਝ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਸ਼ਾਮਲ ਕਰਨ ਨਾਲ ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਹੱਲ ਨਹੀਂ ਨਿਕਲੇਗਾ। ਉਨ੍ਹਾਂ ਦੀ ਮੰਗ ਹੈ ਕਿ ਠੇਕੇਦਾਰੀ ਪ੍ਰਣਾਲੀ ਪੂਰੀ ਤਰ੍ਹਾਂ ਖ਼ਤਮ ਕਰਕੇ ਸਾਰੇ ਮੁਲਾਜ਼ਮਾਂ ਨੂੰ ਵਿਭਾਗ ਦੇ ਅਧੀਨ ਲਿਆਉਣ ਲਈ ਇਕਸਾਰ ਨੀਤੀ ਬਣਾਈ ਜਾਵੇ। ਇਸ ਨੀਤੀ ਤਹਿਤ ਸਾਰੇ ਯੋਗ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਕੰਟਰੈਕਟ ਆਧਾਰ ’ਤੇ ਨਿਯੁਕਤ ਕੀਤਾ ਜਾਵੇ।
ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਮੰਗਾਂ ਸਬੰਧੀ ਠੋਸ ਫ਼ੈਸਲਾ ਨਾ ਹੋਣ ਕਾਰਨ ਤਿੰਨ ਰੋਜ਼ਾ ਹੜਤਾਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੋਗਾ ਰੈਲੀ ਵਿੱਚ ਕਾਲੇ ਝੰਡਿਆਂ ਨਾਲ ਸ਼ਮੂਲੀਅਤ ਕਰਕੇ ਸਰਕਾਰ ਤੱਕ ਆਪਣਾ ਵਿਰੋਧ ਪਹੁੰਚਾਇਆ ਜਾਵੇਗਾ।