ਅੰਮ੍ਰਿਤਸਰ :- ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੀ ਹੈਰੀਟੇਜ ਸਟਰੀਟ ਨਾਲ ਜੁੜਿਆ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਨਿਹੰਗ ਸਿੰਘ ਨੂੰ ਹੋਟਲ ਦੇ ਇੱਕ ਕਰਮਚਾਰੀ ਨਾਲ ਹੱਥੋਪਾਈ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ਰਧਾਲੂਆਂ ਨੂੰ ਹੋਟਲਾਂ ਦੇ ਕਮਰੇ ਲੈਣ ਲਈ ਕਥਿਤ ਤੌਰ ‘ਤੇ ਤੰਗ-ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਵਾਪਰੀ।
ਸ਼ਰਧਾਲੂਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਚੁੱਕਿਆ ਗਿਆ ਕਦਮ
ਜਾਣਕਾਰੀ ਅਨੁਸਾਰ ਨਿਹੰਗ ਪਰਮਜੀਤ ਸਿੰਘ ਅਕਾਲੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪਰਿਵਾਰ ਦੀ ਸ਼ਿਕਾਇਤ ਵਾਲੀ ਵੀਡੀਓ ਦੇਖਣ ਤੋਂ ਬਾਅਦ ਹੈਰੀਟੇਜ ਸਟਰੀਟ ਦਾ ਰੁਖ ਕੀਤਾ। ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਕੁਝ ਹੋਟਲ ਕਰਮਚਾਰੀ ਆਉਣ ਵਾਲੇ ਸ਼ਰਧਾਲੂਆਂ ਨੂੰ ਲਗਾਤਾਰ ਕਮਰੇ ਲੈਣ ਲਈ ਕਹਿੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੋਟਲ ਕਰਮਚਾਰੀ ਨੂੰ ਦਿੱਤੀ ਚੇਤਾਵਨੀ
ਘਟਨਾ ਦੌਰਾਨ ਨਿਹੰਗ ਸਿੰਘ ਨੇ ਇੱਕ ਨੌਜਵਾਨ ਨੂੰ, ਜਿਸ ਨੂੰ ਹੋਟਲ ਕਰਮਚਾਰੀ ਦੱਸਿਆ ਜਾ ਰਿਹਾ ਹੈ, ਰੋਕ ਕੇ ਪਹਿਲਾਂ ਸਮਝਾਇਆ ਅਤੇ ਬਾਅਦ ਵਿੱਚ ਉਸ ਨਾਲ ਕੁੱਟਮਾਰ ਕੀਤੀ। ਵੀਡੀਓ ਵਿੱਚ ਨੌਜਵਾਨ ਵੱਲੋਂ ਕਿਸੇ ਤਰ੍ਹਾਂ ਦਾ ਵਿਰੋਧ ਕਰਦੇ ਨਹੀਂ ਦੇਖਿਆ ਗਿਆ। ਨਿਹੰਗ ਸਿੰਘ ਨੇ ਚੇਤਾਵਨੀ ਦਿੱਤੀ ਕਿ ਸ਼ਰਧਾਲੂਆਂ ਨੂੰ ਜ਼ਬਰਦਸਤੀ ਕਮਰੇ ਲੈਣ ਲਈ ਮਜਬੂਰ ਨਾ ਕੀਤਾ ਜਾਵੇ।
‘ਪਹਿਲਾਂ ਵੀ ਕਈ ਵਾਰ ਕੀਤੀਆਂ ਗਈਆਂ ਸਨ ਸ਼ਿਕਾਇਤਾਂ’
ਪਰਮਜੀਤ ਸਿੰਘ ਅਕਾਲੀ ਦਾ ਕਹਿਣਾ ਹੈ ਕਿ ਹੈਰੀਟੇਜ ਸਟਰੀਟ ‘ਤੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਲੰਬੇ ਸਮੇਂ ਤੋਂ ਮਿਲ ਰਹੀਆਂ ਹਨ। ਉਨ੍ਹਾਂ ਦੇ ਅਨੁਸਾਰ ਸਬੰਧਤ ਲੋਕਾਂ ਨੂੰ ਪਹਿਲਾਂ ਵੀ ਸਮਝਾਇਆ ਗਿਆ ਅਤੇ ਪ੍ਰਸ਼ਾਸਨ ਕੋਲ ਵੀ ਮਾਮਲਾ ਉਠਾਇਆ ਗਿਆ, ਪਰ ਹਾਲਾਤ ਵਿੱਚ ਕੋਈ ਖ਼ਾਸ ਸੁਧਾਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨ ‘ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ।
ਵਾਇਰਲ ਵੀਡੀਓ ਵਿੱਚ ਪਰਿਵਾਰ ਨੇ ਕੀਤੇ ਸਨ ਦੋਸ਼
ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਇੱਕ ਹੋਰ ਵੀਡੀਓ ਵਿੱਚ ਇੱਕ ਮਹਿਲਾ ਨੇ ਦਾਅਵਾ ਕੀਤਾ ਕਿ ਹੈਰੀਟੇਜ ਸਟਰੀਟ ‘ਤੇ ਕੁਝ ਹੋਟਲ ਕਰਮਚਾਰੀ ਲਗਾਤਾਰ “ਕਮਰਾ, ਕਮਰਾ” ਕਹਿ ਕੇ ਸ਼ਰਧਾਲੂਆਂ ਨੂੰ ਰੋਕਦੇ ਹਨ ਅਤੇ ਉਨ੍ਹਾਂ ਦਾ ਪਿੱਛਾ ਕਰਦੇ ਹਨ। ਪਰਿਵਾਰ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦਾ ਰਵੱਈਆ ਸੈਲਾਨੀਆਂ ਅਤੇ ਸ਼ਰਧਾਲੂਆਂ ਲਈ ਅਸੁਖਾਵਾਂ ਮਾਹੌਲ ਪੈਦਾ ਕਰਦਾ ਹੈ। ਫਿਲਹਾਲ ਇਸ ਮਾਮਲੇ ਸਬੰਧੀ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

