ਖੰਨਾ :- ਖੰਨਾ ਸਿਟੀ-1 ਥਾਣੇ ਦੇ ਬਾਥਰੂਮ ਵਿੱਚ ਇੱਕ ਵਿਅਕਤੀ ਵੱਲੋਂ ਖੁਦ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਲੁਧਿਆਣਾ ਦੇ ਈਸ਼ਵਰ ਨਗਰ ਵਾਸੀ ਗੋਬਿੰਦ ਸਿੰਘ ਵਜੋਂ ਹੋਈ ਹੈ। ਪਰਿਵਾਰ ਅਤੇ ਪੁਲਿਸ ਮੁਤਾਬਕ ਵਿਅਕਤੀ ਇੱਕ ਕਥਿਤ ਬਾਬੇ ਵੱਲੋਂ ਕੀਤੀ ਗਈ 53 ਹਜ਼ਾਰ ਰੁਪਏ ਦੀ ਧੋਖਾਧੜੀ ਤੋਂ ਪ੍ਰੇਸ਼ਾਨ ਸੀ।
ਸ਼ਿਕਾਇਤ ਦੇਣ ਤੋਂ ਬਾਅਦ ਚੁੱਕਿਆ ਖੌਫ਼ਨਾਕ ਕਦਮ
ਜਾਣਕਾਰੀ ਅਨੁਸਾਰ ਗੋਬਿੰਦ ਸਿੰਘ ਮੰਗਲਵਾਰ ਨੂੰ ਖੰਨਾ ਸਿਟੀ-1 ਥਾਣੇ ਵਿੱਚ ਕਥਿਤ ਬਾਬੇ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਪਹੁੰਚਿਆ ਸੀ। ਸ਼ਿਕਾਇਤ ਦੇਣ ਤੋਂ ਬਾਅਦ ਉਹ ਥਾਣੇ ਦੇ ਬਾਥਰੂਮ ਵਿੱਚ ਗਿਆ, ਜਿੱਥੇ ਉਸ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਕਰੀਬ ਡੇਢ ਘੰਟੇ ਤੱਕ ਇਸ ਘਟਨਾ ਦਾ ਪਤਾ ਨਹੀਂ ਲੱਗ ਸਕਿਆ। ਜਦੋਂ ਕਿਸੇ ਨੇ ਬਾਥਰੂਮ ਖੋਲ੍ਹਿਆ ਤਾਂ ਅੰਦਰੋਂ ਉਸ ਦੀ ਸੜੀ ਹੋਈ ਲਾਸ਼ ਮਿਲੀ।
ਗਰੀਬੀ ਦੂਰ ਕਰਨ ਦਾ ਦਾਅਵਾ ਕਰਕੇ ਪੈਸੇ ਲੈਣ ਦਾ ਦੋਸ਼
ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਗੋਬਿੰਦ ਸਿੰਘ ਨੇ ਚਰਨ ਦਾਸ ਨਾਂ ਦੇ ਵਿਅਕਤੀ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਚਰਨ ਦਾਸ ਨੇ ਗਰੀਬੀ ਅਤੇ ਆਰਥਿਕ ਮੁਸ਼ਕਿਲਾਂ ਦੂਰ ਕਰਨ ਲਈ ਉਪਾਅ ਕਰਨ ਦਾ ਭਰੋਸਾ ਦੇ ਕੇ ਉਸ ਤੋਂ 53 ਹਜ਼ਾਰ ਰੁਪਏ ਲਏ ਸਨ।
ਉਨ੍ਹਾਂ ਦੱਸਿਆ ਕਿ ਜਦੋਂ ਦੱਸੇ ਗਏ ਉਪਾਅ ਨਾਲ ਕੋਈ ਲਾਭ ਨਹੀਂ ਹੋਇਆ ਤਾਂ ਗੋਬਿੰਦ ਸਿੰਘ ਨੇ ਆਪਣੇ ਪੈਸੇ ਵਾਪਸ ਮੰਗੇ, ਪਰ ਕਥਿਤ ਤੌਰ ’ਤੇ ਉਸ ਨੂੰ ਰਕਮ ਵਾਪਸ ਨਹੀਂ ਕੀਤੀ ਗਈ। ਇਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ।
ਚਾਰ ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਨੇ ਮਾਮਲੇ ਵਿੱਚ ਕਥਿਤ ਬਾਬਾ ਚਰਨ ਦਾਸ ਵਾਸੀ ਲਲਹੇੜੀ ਰੋਡ ਖੰਨਾ ਤੋਂ ਇਲਾਵਾ ਉਸ ਦੇ ਸਾਥੀਆਂ ਮੱਖਣ ਸਿੰਘ, ਜੁਗਰਾਜ ਸਿੰਘ ਜਿੰਮੀ ਅਤੇ ਇੰਦਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਨੇ ਸ਼ਿਕਾਇਤ ਵਿੱਚ ਲਿਖੀ ਸੀ ਜ਼ਿੰਮੇਵਾਰੀ ਦੀ ਗੱਲ
ਪੁਲਿਸ ਅਨੁਸਾਰ ਗੋਬਿੰਦ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਲਿਖਿਆ ਸੀ ਕਿ ਜੇਕਰ ਉਸ ਨਾਲ ਕੋਈ ਅਣਹੋਣੀ ਹੁੰਦੀ ਹੈ ਤਾਂ ਇਸ ਲਈ ਚਾਰੇ ਵਿਅਕਤੀ ਜ਼ਿੰਮੇਵਾਰ ਹੋਣਗੇ। ਪੁਲਿਸ ਹੁਣ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਘਟਨਾ ਪਿੱਛੇ ਹੋਰ ਕੋਈ ਕਾਰਨ ਤਾਂ ਨਹੀਂ।

