ਜਲੰਧਰ :- ਬੀਐੱਸਐੱਫ ਪੰਜਾਬ ਫਰੰਟੀਅਰ ਹੈਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ ਵਿੱਚ ਜਾਂਚ ਏਜੰਸੀਆਂ ਨੂੰ ਅਹਿਮ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਨਾਲ ਜੁੜੇ ਇੱਕ ਸ਼ੱਕੀ ਵਿਅਕਤੀ ਨੂੰ ਦਿੱਲੀ ਤੋਂ ਕਾਬੂ ਕੀਤਾ ਹੈ। ਸੂਤਰਾਂ ਮੁਤਾਬਕ ਦਿੱਲੀ ਦੀ ਸੀਆਈਏ ਟੀਮ ਨੇ ਉਸ ਤੋਂ ਲੰਬੀ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਜਲੰਧਰ ਦੀ ਟੀਮ ਉਸਨੂੰ ਆਪਣੇ ਨਾਲ ਪੰਜਾਬ ਲੈ ਆਈ। ਹਾਲਾਂਕਿ, ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ।
ਧਮਾਕੇ ਮਗਰੋਂ ਬੱਸ ਰਾਹੀਂ ਜਲੰਧਰ ਤੋਂ ਨਿਕਲਿਆ ਸੀ ਸ਼ੱਕੀ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਧਮਾਕੇ ਤੋਂ ਬਾਅਦ ਸ਼ੱਕੀ ਵਿਅਕਤੀ ਬੱਸ ਰਾਹੀਂ ਜਲੰਧਰ ਤੋਂ ਨਿਕਲ ਗਿਆ ਸੀ। ਹੁਣ ਜਾਂਚ ਏਜੰਸੀਆਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਉਸ ਨੇ ਧਮਾਕਾ ਖ਼ੁਦ ਕੀਤਾ ਸੀ ਜਾਂ ਕਿਸੇ ਹੋਰ ਗਿਰੋਹ ਵੱਲੋਂ ਉਸ ਨੂੰ ਵਿਸਫੋਟਕ ਸਮੱਗਰੀ ਮੁਹੱਈਆ ਕਰਵਾਈ ਗਈ ਸੀ।
ਧਮਾਕੇ ਤੋਂ ਪਹਿਲਾਂ ਕੀਤੀ ਗਈ ਸੀ ਰੇਕੀ
ਤਫ਼ਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਘਟਨਾ ਤੋਂ ਦੋ ਦਿਨ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਗਈ ਸੀ। ਜਾਂਚ ਟੀਮਾਂ ਹੁਣ ਇਹ ਪਤਾ ਲਗਾ ਰਹੀਆਂ ਹਨ ਕਿ ਸ਼ੱਕੀ ਨੇ ਦਿੱਲੀ ਤੱਕ ਪਹੁੰਚਣ ਲਈ ਕਿਹੜੇ ਰਸਤੇ ਅਤੇ ਕਿਸ ਮਦਦ ਦਾ ਸਹਾਰਾ ਲਿਆ। ਦਿੱਲੀ ਅਤੇ ਜਲੰਧਰ ਦੀਆਂ ਸੀਆਈਏ ਟੀਮਾਂ ਨੇ ਸਾਂਝੇ ਅਭਿਆਨ ਤਹਿਤ ਇਹ ਕਾਰਵਾਈ ਕੀਤੀ।
5 ਮਈ ਨੂੰ ਹੋਇਆ ਸੀ ਧਮਾਕਾ
ਜ਼ਿਕਰਯੋਗ ਹੈ ਕਿ 5 ਮਈ ਨੂੰ ਬੀਐੱਸਐੱਫ ਹੈਡਕੁਆਰਟਰ ਦੇ ਬਾਹਰ ਹੋਏ ਧਮਾਕੇ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ। ਇਸ ਘਟਨਾ ਦੌਰਾਨ ਗੜਾ ਇਲਾਕੇ ਦੇ ਰਹਿਣ ਵਾਲੇ ਗੁਰਪ੍ਰੀਤ ਦੀ ਐਕਟਿਵਾ ਪੂਰੀ ਤਰ੍ਹਾਂ ਸੜ੍ਹ ਗਈ ਸੀ। ਪੁਲਿਸ ਨੇ ਜਾਂਚ ਦੇ ਤਹਿਤ ਗੁਰਪ੍ਰੀਤ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ, ਪਰ ਬਾਅਦ ਵਿੱਚ ਉਸ ਨੂੰ ਛੱਡ ਦਿੱਤਾ ਗਿਆ।
ਰਾਜ ਸਭਾ ਮੈਂਬਰ ਵਿਕਰਮ ਸਾਹਨੀ ਨੇ ਕੀਤੀ ਮਦਦ ਦੀ ਪੇਸ਼ਕਸ਼
ਧਮਾਕੇ ਕਾਰਨ ਆਪਣਾ ਰੋਜ਼ਗਾਰ ਗੁਆ ਬੈਠੇ ਗੁਰਪ੍ਰੀਤ ਲਈ ਰਾਜ ਸਭਾ ਮੈਂਬਰ ਵਿਕਰਮ ਸਿੰਘ ਸਾਹਨੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਗੁਰਪ੍ਰੀਤ ਨੂੰ ਨਵੀਂ ਐਕਟਿਵਾ ਦਿਵਾਉਣ ਦਾ ਭਰੋਸਾ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਗੁਰਪ੍ਰੀਤ ਦੇ ਪਿਤਾ ਕਸ਼ਮੀਰ ਸਿੰਘ ਨਾਲ ਟੈਲੀਫੋਨ ’ਤੇ ਗੱਲਬਾਤ ਵੀ ਕੀਤੀ।
ਜਾਂਚ ਏਜੰਸੀਆਂ ਦੀ ਨਜ਼ਰ ਹੁਣ ਪੂਰੇ ਨੈੱਟਵਰਕ ’ਤੇ
ਸੁਰੱਖਿਆ ਏਜੰਸੀਆਂ ਹੁਣ ਇਸ ਮਾਮਲੇ ਨਾਲ ਜੁੜੇ ਸੰਭਾਵਿਤ ਨੈੱਟਵਰਕ ਅਤੇ ਹੋਰ ਸ਼ੱਕੀ ਕੜੀਆਂ ਦੀ ਜਾਂਚ ਕਰ ਰਹੀਆਂ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਹੋਰ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ।

