ਅੰਮ੍ਰਿਤਸਰ :- ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਐਸਐਫ ਦੇ ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇਕ ਸ਼ੱਕੀ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਵਿੱਚ ਦੇਰ ਰਾਤ ਵਾਪਰੀ।
ਬਾਰਡਰ ਫੈਂਸ ਵੱਲ ਵਧ ਰਿਹਾ ਸੀ ਸ਼ੱਕੀ
ਜਾਣਕਾਰੀ ਅਨੁਸਾਰ 181 ਬਟਾਲੀਅਨ ਦੇ ਜਵਾਨਾਂ ਨੇ ਬੀ.ਓ.ਪੀ. ਦਾਓਕੇ, ਥਾਣਾ ਘਰਿੰਡਾ ਦੇ ਅਧੀਨ ਆਉਂਦੇ ਇਲਾਕੇ ਵਿੱਚ ਬਾਰਡਰ ਫੈਂਸ ਨੇੜੇ ਇਕ ਵਿਅਕਤੀ ਦੀ ਸ਼ੱਕੀ ਗਤੀਵਿਧੀ ਦੇਖੀ। ਦੱਸਿਆ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਵਾਲੇ ਪਾਸੇ ਵਧ ਰਿਹਾ ਸੀ। ਜਵਾਨਾਂ ਨੇ ਉਸ ਨੂੰ ਰੁਕਣ ਲਈ ਆਵਾਜ਼ ਦਿੱਤੀ, ਪਰ ਉਹ ਫੈਂਸ ਵੱਲ ਵਧਦਾ ਰਿਹਾ। ਇਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਉਸ ਦੀ ਮੌਤ ਹੋ ਗਈ।
ਪਛਾਣ ਤੇ ਸਰਹੱਦ ਪਾਰ ਜਾਣ ਦੇ ਮਕਸਦ ਦੀ ਜਾਂਚ
ਮ੍ਰਿਤਕ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਸਰਹੱਦ ਨੇੜੇ ਕਿਉਂ ਪਹੁੰਚਿਆ ਅਤੇ ਉਸ ਦਾ ਮਕਸਦ ਕੀ ਸੀ। ਮੌਕੇ ਤੋਂ ਤੰਬਾਕੂ ਦਾ ਇਕ ਪੈਕੇਟ ਮਿਲਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਪੁਲਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਲਾਸ਼ ਗੁਰੂ ਨਾਨਕ ਦੇਵ ਹਸਪਤਾਲ ਭੇਜੀ
ਮ੍ਰਿਤਕ ਦੀ ਲਾਸ਼ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਰੱਖਿਆ ਗਿਆ ਹੈ। ਜਾਂਚ ਏਜੰਸੀਆਂ ਵੱਲੋਂ ਉਸ ਦੀ ਪਛਾਣ ਅਤੇ ਸਰਹੱਦ ਪਾਰ ਜਾਣ ਦੇ ਕਾਰਨਾਂ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

