ਲੁਧਿਆਣਾ :- ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਲਈ ਅੱਜ ਦਾ ਦਿਨ ਇਤਿਹਾਸਕ ਬਣ ਗਿਆ, ਜਦੋਂ ਹਲਵਾਰਾ ਹਵਾਈ ਅੱਡੇ ਤੋਂ ਪਹਿਲੀ ਵਪਾਰਕ ਉਡਾਣ ਦੀ ਸ਼ੁਰੂਆਤ ਹੋਈ। ਸਵੇਰੇ ਕਰੀਬ 7:05 ਵਜੇ ਦਿੱਲੀ ਤੋਂ ਆਈ ਪਹਿਲੀ ਫਲਾਈਟ ਨੇ ਹਲਵਾਰਾ ਦੇ ਰਨਵੇ ‘ਤੇ ਉਤਰ ਕੇ ਸਾਲਾਂ ਪੁਰਾਣੇ ਸੁਪਨੇ ਨੂੰ ਸਾਕਾਰ ਕਰ ਦਿੱਤਾ। ਇਸ ਤੋਂ ਬਾਅਦ ਲੁਧਿਆਣਾ ਤੋਂ ਦਿੱਲੀ ਲਈ ਪਹਿਲੀ ਉਡਾਣ 7:55 ਵਜੇ ਰਵਾਨਾ ਹੋਈ।
ਕੇਂਦਰੀ ਮੰਤਰੀ ਬਿੱਟੂ ਵੀ ਪਹਿਲੀ ਉਡਾਣ ਰਾਹੀਂ ਪਹੁੰਚੇ
ਦਿੱਲੀ ਤੋਂ ਆਈ ਪਹਿਲੀ ਉਡਾਣ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਸਵਾਰ ਸਨ। ਉਨ੍ਹਾਂ ਨਾਲ ਕਰੀਬ 60 ਯਾਤਰੀ ਹਲਵਾਰਾ ਹਵਾਈ ਅੱਡੇ ‘ਤੇ ਪਹੁੰਚੇ। ਹਵਾਈ ਅੱਡੇ ‘ਤੇ ਪਹਿਲੀ ਉਡਾਣ ਦੇ ਆਗਮਨ ਮੌਕੇ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਯਾਤਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਏਅਰ ਇੰਡੀਆ ਚਲਾਏਗੀ ਰੋਜ਼ਾਨਾ ਦੋ ਫਲਾਈਟਾਂ
ਹਲਵਾਰਾ-ਲੁਧਿਆਣਾ ਹਵਾਈ ਅੱਡੇ ਤੋਂ ਹੁਣ ਏਅਰ ਇੰਡੀਆ ਵੱਲੋਂ ਹਰ ਰੋਜ਼ ਦੋ ਉਡਾਣਾਂ ਚਲਾਈਆਂ ਜਾਣਗੀਆਂ। ਦਿੱਲੀ ਅਤੇ ਲੁਧਿਆਣਾ ਦਰਮਿਆਨ ਹਵਾਈ ਸਫ਼ਰ ਲਗਭਗ ਇੱਕ ਘੰਟਾ ਪੰਦਰਾਂ ਮਿੰਟ ਵਿੱਚ ਪੂਰਾ ਹੋਵੇਗਾ, ਜਿਸ ਨਾਲ ਕਾਰੋਬਾਰੀ ਅਤੇ ਉਦਯੋਗਿਕ ਖੇਤਰ ਨੂੰ ਵੱਡੀ ਸਹੂਲਤ ਮਿਲਣ ਦੀ ਉਮੀਦ ਹੈ।
ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਯਾਤਰੀਆਂ ਲਈ ਨਵੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਯਾਤਰੀਆਂ ਨੂੰ ਉਡਾਣ ਤੋਂ ਘੱਟੋ-ਘੱਟ ਡੇਢ ਘੰਟਾ ਪਹਿਲਾਂ ਹਵਾਈ ਅੱਡੇ ‘ਤੇ ਪਹੁੰਚਣਾ ਲਾਜ਼ਮੀ ਹੋਵੇਗਾ। ਉਡਾਣ ਦੇ ਨਿਰਧਾਰਤ ਸਮੇਂ ਤੋਂ ਇੱਕ ਘੰਟਾ ਪਹਿਲਾਂ ਟਰਮੀਨਲ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ।
ਸਾਹਨੇਵਾਲ ਹਵਾਈ ਅੱਡਾ ਹੋਵੇਗਾ ਬੰਦ
ਹਲਵਾਰਾ ਹਵਾਈ ਅੱਡੇ ਦੀ ਸ਼ੁਰੂਆਤ ਨਾਲ ਹੁਣ ਲੁਧਿਆਣਾ ਦਾ ਪੁਰਾਣਾ ਸਾਹਨੇਵਾਲ ਹਵਾਈ ਅੱਡਾ ਬੰਦ ਹੋ ਜਾਵੇਗਾ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਉੱਥੇ ਤਾਇਨਾਤ ਸਟਾਫ਼ ਨੂੰ ਹਲਵਾਰਾ ਵਿਖੇ ਤਬਦੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਏਅਰ ਇੰਡੀਆ ਵੱਲੋਂ ਵੀ ਨਵੇਂ ਹਵਾਈ ਅੱਡੇ ‘ਤੇ ਆਪਣਾ ਸਟਾਫ਼ ਨਿਯੁਕਤ ਕਰ ਦਿੱਤਾ ਗਿਆ ਹੈ।
ਪੰਜਾਬ ਦਾ ਸੱਤਵਾਂ ਕਾਰਗਰ ਹਵਾਈ ਅੱਡਾ ਬਣਿਆ ਹਲਵਾਰਾ
ਹਲਵਾਰਾ ਹਵਾਈ ਅੱਡਾ ਸ਼ੁਰੂ ਹੋਣ ਨਾਲ ਪੰਜਾਬ ਵਿੱਚ ਸਰਗਰਮ ਹਵਾਈ ਅੱਡਿਆਂ ਦੀ ਗਿਣਤੀ ਹੋਰ ਵਧ ਗਈ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ, ਮੋਹਾਲੀ, ਆਦਮਪੁਰ, ਬਠਿੰਡਾ, ਪਠਾਨਕੋਟ ਅਤੇ ਸਾਹਨੇਵਾਲ ਹਵਾਈ ਅੱਡੇ ਸੇਵਾ ਦੇ ਰਹੇ ਸਨ। ਹੁਣ ਹਲਵਾਰਾ ਨਵੇਂ ਹਵਾਈ ਕੇਂਦਰ ਵਜੋਂ ਸਾਹਮਣੇ ਆਇਆ ਹੈ, ਜਿਸ ਨਾਲ ਮਾਲਵਾ ਖੇਤਰ ਨੂੰ ਵੱਡਾ ਫਾਇਦਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਫਰਵਰੀ ਵਿੱਚ ਕੀਤਾ ਸੀ ਉਦਘਾਟਨ
ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਇਸ ਸਾਲ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਨੇ ਜਲੰਧਰ ਤੋਂ ਵਰਚੁਅਲ ਰੂਪ ਵਿੱਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ, ਰਵਨੀਤ ਸਿੰਘ ਬਿੱਟੂ ਅਤੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਸਮੇਤ ਕਈ ਅਹਿਮ ਸ਼ਖਸੀਅਤਾਂ ਹਲਵਾਰਾ ਹਵਾਈ ਅੱਡੇ ਤੇ ਮੌਜੂਦ ਰਹੀਆਂ।

