ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਆਪਣੇ ਪੰਜ ਦੇਸ਼ਾਂ ਦੇ ਵਿਦੇਸ਼ ਦੌਰੇ ‘ਤੇ ਰਵਾਨਾ ਹੋ ਗਏ ਹਨ। ਇਸ ਦੌਰੇ ਦੀ ਸ਼ੁਰੂਆਤ ਸੰਯੁਕਤ ਅਰਬ ਅਮੀਰਾਤ (UAE) ਤੋਂ ਹੋ ਰਹੀ ਹੈ। ਇਸ ਤੋਂ ਬਾਅਦ ਉਹ ਨੀਦਰਲੈਂਡਸ, ਸਵੀਡਨ, ਨਾਰਵੇ ਅਤੇ ਇਟਲੀ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਕਰੀਬ 8:30 ਵਜੇ UAE ਲਈ ਰਵਾਨਾ ਹੋਏ।
ਆਬੂਧਾਬੀ ਵਿੱਚ ਯੂਏਈ ਰਾਸ਼ਟਰਪਤੀ ਨਾਲ ਮੁਲਾਕਾਤ
ਆਬੂਧਾਬੀ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਮਹੱਤਵਪੂਰਨ ਬੈਠਕ ਹੋਵੇਗੀ। ਦੋਵਾਂ ਆਗੂਆਂ ਵਿਚਕਾਰ ਦੋ-ਪੱਖੀ ਸਬੰਧਾਂ ਅਤੇ ਵਿਸ਼ਵ ਪੱਧਰੀ ਹਾਲਾਤਾਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ LPG ਅਤੇ ਰਣਨੀਤਕ ਪੈਟਰੋਲੀਅਮ ਭੰਡਾਰ ਨਾਲ ਜੁੜੇ ਦੋ ਵੱਡੇ ਸਮਝੌਤਿਆਂ ‘ਤੇ ਵੀ ਦਸਤਖਤ ਹੋ ਸਕਦੇ ਹਨ।
ਤੇਲ ਸਪਲਾਈ ਅਤੇ ਊਰਜਾ ਸੁਰੱਖਿਆ ‘ਤੇ ਹੋਵੇਗੀ ਗੱਲਬਾਤ
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਦੋਵੇਂ ਦੇਸ਼ ਊਰਜਾ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਵਿਚਾਰ ਕਰਨਗੇ। ਯੂਏਈ ਵੱਲੋਂ OPEC ਤੋਂ ਵੱਖ ਹੋਣ ਦੇ ਫੈਸਲੇ ਤੋਂ ਬਾਅਦ ਭਾਰਤ ਅਤੇ ਯੂਏਈ ਦੀ ਸਾਂਝ ਹੋਰ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਇਸ ਸਮੇਂ ਮੱਧ-ਪੂਰਬ ਦੇ ਤਣਾਅ ਅਤੇ ਈਰਾਨ ਜੰਗ ਕਾਰਨ ਦੁਨੀਆ ਭਰ ਦੀ ਸਪਲਾਈ ਚੇਨ ਪ੍ਰਭਾਵਿਤ ਹੋ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਭਾਰਤ ਆਪਣੀਆਂ ਤੇਲ ਅਤੇ ਗੈਸ ਦੀਆਂ ਜ਼ਰੂਰਤਾਂ ਨੂੰ ਸੁਰੱਖਿਅਤ ਬਣਾਉਣ ਲਈ ਯੂਏਈ ਨਾਲ ਲੰਬੇ ਸਮੇਂ ਦੇ ਸਮਝੌਤੇ ਕਰ ਸਕਦਾ ਹੈ।
ਰੂਸੀ ਤੇਲ ‘ਤੇ ਅਮਰੀਕੀ ਛੋਟ ਖਤਮ ਹੋਣ ਦੀ ਚਿੰਤਾ
ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ ਉਸ ਵੇਲੇ ਹੋ ਰਿਹਾ ਹੈ ਜਦੋਂ ਭਾਰਤ ਵਿੱਚ ਤੇਲ ਦੀ ਖਪਤ ਅਤੇ ਸਪਲਾਈ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਅਮਰੀਕਾ ਵੱਲੋਂ ਰੂਸ ਤੋਂ ਤੇਲ ਖਰੀਦਣ ਲਈ ਦਿੱਤੀ ਗਈ ਛੋਟ 16 ਮਈ ਤੱਕ ਹੀ ਲਾਗੂ ਹੈ। ਜੇਕਰ ਇਸ ਨੂੰ ਅੱਗੇ ਨਹੀਂ ਵਧਾਇਆ ਗਿਆ ਤਾਂ ਭਾਰਤ ਨੂੰ ਰੂਸੀ ਕੱਚੇ ਤੇਲ ਦੇ ਆਯਾਤ ਵਿੱਚ ਕਟੌਤੀ ਕਰਨੀ ਪੈ ਸਕਦੀ ਹੈ।
ਭਾਰਤ ਪਹਿਲਾਂ ਹੀ ਅਮਰੀਕਾ ਕੋਲ ਇਸ ਛੋਟ ਨੂੰ ਜਾਰੀ ਰੱਖਣ ਦੀ ਮੰਗ ਕਰ ਚੁੱਕਾ ਹੈ। ਅਜਿਹੇ ਹਾਲਾਤਾਂ ਵਿੱਚ ਯੂਏਈ ਨਾਲ ਹੋਣ ਵਾਲੀ ਊਰਜਾ ਭਾਈਚਾਰਕ ਸਾਂਝ ਭਾਰਤ ਲਈ ਕਾਫੀ ਅਹਿਮ ਮੰਨੀ ਜਾ ਰਹੀ ਹੈ।
ਯੂਰਪੀ ਦੇਸ਼ਾਂ ਵਿੱਚ ਵੀ ਕਈ ਅਹਿਮ ਮੀਟਿੰਗਾਂ ਤੈਅ
UAE ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੀਦਰਲੈਂਡਸ, ਸਵੀਡਨ, ਨਾਰਵੇ ਅਤੇ ਇਟਲੀ ਦਾ ਦੌਰਾ ਕਰਨਗੇ, ਜਿੱਥੇ ਵਪਾਰ, ਰੱਖਿਆ, ਨਿਵੇਸ਼ ਅਤੇ ਤਕਨਾਲੋਜੀ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ ‘ਤੇ ਗੱਲਬਾਤ ਹੋਣ ਦੀ ਸੰਭਾਵਨਾ ਹੈ।

