ਚੰਡੀਗੜ੍ਹ :- ਪੰਜਾਬ ਵਿੱਚ ਇਕ ਵਾਰ ਫਿਰ ਮੌਸਮ ਕਰਵਟ ਲੈਣ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ 15 ਮਈ ਲਈ ਸੂਬੇ ਦੇ ਛੇ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ ਗਰਜ-ਚਮਕ ਨਾਲ ਮੀਂਹ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ 16 ਤੋਂ 20 ਮਈ ਤੱਕ ਕਈ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਚੱਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਹਾੜੀ ਇਲਾਕਿਆਂ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਦਾ ਪ੍ਰਭਾਵ ਘਟਣ ਕਾਰਨ ਦਿਨੋਂ-ਦਿਨ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਤੇ ਮੀਂਹ ਦੀ ਸੰਭਾਵਨਾ
ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਮੌਸਮ ਅਚਾਨਕ ਬਦਲ ਸਕਦਾ ਹੈ। ਇਨ੍ਹਾਂ ਇਲਾਕਿਆਂ ਵਿੱਚ ਗਰਜ-ਚਮਕ ਦੇ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਵੀ ਬੱਦਲ ਛਾਏ ਰਹਿਣ ਅਤੇ ਹਲਕੇ ਮੀਂਹ ਦੇ ਆਸਾਰ ਹਨ।
ਪੱਛਮੀ ਗੜਬੜ ਦਾ ਅਸਰ ਘਟਿਆ, ਹੁਣ ਵਧੇਗੀ ਤਪਸ਼
ਮੌਸਮ ਵਿਭਾਗ ਮੁਤਾਬਕ ਲੱਦਾਖ ਅਤੇ ਨੇੜਲੇ ਖੇਤਰਾਂ ਉੱਤੇ ਬਣੀ ਪੱਛਮੀ ਗੜਬੜ ਹੁਣ ਕਮਜ਼ੋਰ ਪੈ ਗਈ ਹੈ। ਇਸ ਦੇ ਨਾਲ ਦੱਖਣੀ ਹਰਿਆਣਾ ਉੱਤੇ ਬਣਿਆ ਉੱਪਰੀ ਹਵਾ ਚੱਕਰਵਾਤੀ ਦਬਾਅ ਵੀ ਖਤਮ ਹੋਣ ਦੇ ਨੇੜੇ ਹੈ। ਇਸ ਕਾਰਨ ਪੰਜਾਬ ਵਿੱਚ ਅਗਲੇ ਕੁਝ ਦਿਨ ਮੌਸਮ ਵੱਧਤਰ ਸੁੱਕਾ ਰਹਿਣ ਦੀ ਸੰਭਾਵਨਾ ਹੈ ਅਤੇ ਗਰਮੀ ਹੋਰ ਤੇਜ਼ ਹੋ ਸਕਦੀ ਹੈ।
ਮਾਨਸੂਨ ਦੀ ਚਾਲ ਤੇਜ਼, ਅੰਡੇਮਾਨ ਵੱਲ ਬਣੇ ਅਨੁਕੂਲ ਹਾਲਾਤ
ਮੌਸਮ ਮਾਹਿਰਾਂ ਅਨੁਸਾਰ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਬਣ ਰਹੇ ਹਨ। ਅੰਦਾਜ਼ਾ ਹੈ ਕਿ 16 ਮਈ ਦੇ ਆਸ-ਪਾਸ ਮਾਨਸੂਨ ਦੱਖਣੀ ਬੰਗਾਲ ਦੀ ਖਾੜੀ, ਅੰਡੇਮਾਨ ਸਾਗਰ ਅਤੇ ਅੰਡੇਮਾਨ-ਨਿਕੋਬਾਰ ਟਾਪੂਆਂ ਦੇ ਕੁਝ ਖੇਤਰਾਂ ਤੱਕ ਪਹੁੰਚ ਸਕਦਾ ਹੈ। ਉੱਧਰ ਉੱਤਰ-ਪੱਛਮੀ ਭਾਰਤ ਵੱਲ ਇੱਕ ਹੋਰ ਤਾਜ਼ਾ ਪੱਛਮੀ ਗੜਬੜ ਸਰਗਰਮ ਹੋਣ ਦੇ ਸੰਕੇਤ ਵੀ ਮਿਲ ਰਹੇ ਹਨ।
ਬਠਿੰਡਾ ਸਭ ਤੋਂ ਗਰਮ, ਕਈ ਸ਼ਹਿਰਾਂ ‘ਚ ਪਾਰਾ 40 ਤੋਂ ਉੱਪਰ
ਪੰਜਾਬ ਵਿੱਚ ਗਰਮੀ ਨੇ ਆਪਣਾ ਰੌਦਰ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। 14 ਮਈ ਨੂੰ ਬਠਿੰਡਾ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 42.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫਾਜ਼ਿਲਕਾ ਵਿੱਚ 40.9 ਡਿਗਰੀ, ਪਟਿਆਲਾ ਵਿੱਚ 40.4 ਡਿਗਰੀ ਅਤੇ ਫਰੀਦਕੋਟ ਵਿੱਚ 40 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ।
ਇਸ ਤੋਂ ਇਲਾਵਾ ਲੁਧਿਆਣਾ ਵਿੱਚ 38.4 ਡਿਗਰੀ, ਅੰਮ੍ਰਿਤਸਰ ਵਿੱਚ 38 ਡਿਗਰੀ, ਫਿਰੋਜ਼ਪੁਰ ਵਿੱਚ 38.8 ਡਿਗਰੀ, ਚੰਡੀਗੜ੍ਹ ਵਿੱਚ 38.1 ਡਿਗਰੀ ਅਤੇ ਮੋਹਾਲੀ ਵਿੱਚ 37.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਇਆ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਸੱਤ ਦਿਨਾਂ ਦੌਰਾਨ ਪਾਰੇ ਵਿੱਚ ਹੋਰ 3 ਤੋਂ 4 ਡਿਗਰੀ ਤੱਕ ਵਾਧਾ ਹੋ ਸਕਦਾ ਹੈ।

