ਮੋਹਾਲੀ :- ਮੋਹਾਲੀ ਜ਼ਿਲ੍ਹੇ ਦੇ ਖਰੜ ਸ਼ਹਿਰ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਇੱਕ ਰਿਹਾਇਸ਼ੀ ਸੋਸਾਇਟੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਛਾਪੇਮਾਰੀ ਕੀਤੀ। ਜਾਣਕਾਰੀ ਮੁਤਾਬਕ ਇਹ ਕਾਰਵਾਈ ਵੈਸਟਰਨ ਟਾਵਰਜ਼ ਸੋਸਾਇਟੀ ਵਿੱਚ ਰਹਿੰਦੇ ਇੱਕ ਆਈਟੀ ਸੈਕਟਰ ਨਾਲ ਜੁੜੇ ਵਿਅਕਤੀ ਦੇ ਫਲੈਟ ਵਿੱਚ ਕੀਤੀ ਗਈ।
ਟੀਮ ਨੂੰ ਵੇਖ ਨੌਵੀਂ ਮੰਜ਼ਿਲ ਤੋਂ ਹੇਠਾਂ ਸੁੱਟੇ ਗਏ ਬੈਗ
ਸੂਤਰਾਂ ਅਨੁਸਾਰ ਜਾਂਚ ਟੀਮ ਦੇ ਮੌਕੇ ’ਤੇ ਪਹੁੰਚਣ ਦੌਰਾਨ ਫਲੈਟ ਵਿਚੋਂ ਕਿਸੇ ਵਿਅਕਤੀ ਨੇ ਨੌਵੀਂ ਮੰਜ਼ਿਲ ਤੋਂ ਨਕਦੀ ਨਾਲ ਭਰੇ ਦੋ ਬੈਗ ਹੇਠਾਂ ਸੁੱਟ ਦਿੱਤੇ। ਹੇਠਾਂ ਪਹਿਲਾਂ ਤੋਂ ਮੌਜੂਦ ਇੱਕ ਡਰਾਈਵਰ ਨੇ ਤੁਰੰਤ ਉਹ ਬੈਗ ਚੁੱਕ ਲਏ ਅਤੇ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ।
ਈਡੀ ਟੀਮ ਨੇ ਪਿੱਛਾ ਕਰਕੇ ਡਰਾਈਵਰ ਨੂੰ ਕੀਤਾ ਕਾਬੂ
ਘਟਨਾ ਨੂੰ ਦੇਖਦੇ ਹੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਡਰਾਈਵਰ ਦਾ ਪਿੱਛਾ ਕੀਤਾ ਅਤੇ ਕੁਝ ਹੀ ਦੂਰੀ ’ਤੇ ਉਸਨੂੰ ਕਾਬੂ ਕਰ ਲਿਆ। ਬੈਗਾਂ ਦੀ ਜਾਂਚ ਕਰਨ ’ਤੇ ਉਨ੍ਹਾਂ ਵਿਚੋਂ ਲਗਭਗ 21 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਦੱਸੀ ਜਾ ਰਹੀ ਹੈ।
ਸੋਸਾਇਟੀ ਵਿੱਚ ਇਕੱਠੀ ਹੋਈ ਭੀੜ, ਲੋਕਾਂ ’ਚ ਚਰਚਾ ਦਾ ਮਾਹੌਲ
ਛਾਪੇਮਾਰੀ ਅਤੇ ਨਕਦੀ ਬਰਾਮਦਗੀ ਦੀ ਖ਼ਬਰ ਫੈਲਦਿਆਂ ਹੀ ਸੋਸਾਇਟੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਕੁਝ ਸਮੇਂ ਲਈ ਇਲਾਕੇ ਵਿੱਚ ਹਫੜਾ-ਦਫੜੀ ਵਰਗੇ ਹਾਲਾਤ ਬਣ ਗਏ ਅਤੇ ਲੋਕਾਂ ਵਿਚ ਘਟਨਾ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਰਹੀਆਂ।
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸ਼ੁਰੂ ਕੀਤੀ ਜਾਂਚ
ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਖਰੜ ਦੇ ਡੀਐਸਪੀ ਇਸ਼ਾਂਤ ਸਿੰਗਲਾ ਦੇ ਨਿਰਦੇਸ਼ਾਂ ’ਤੇ ਸਥਾਨਕ ਪੁਲਿਸ ਨੂੰ ਮੌਕੇ ’ਤੇ ਭੇਜਿਆ ਗਿਆ। ਖਰੜ ਸਿਟੀ ਥਾਣੇ ਦੇ ਐਸਐਚਓ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਇਲਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮੁੱਢਲੀ ਜਾਂਚ ’ਚ ਜਾਂਚ ਏਜੰਸੀ ਦੀ ਕਾਰਵਾਈ ਹੋਣ ਦੀ ਪੁਸ਼ਟੀ
ਪੁਲਿਸ ਅਧਿਕਾਰੀਆਂ ਅਨੁਸਾਰ ਸ਼ੁਰੂਆਤੀ ਜਾਂਚ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਕਾਰਵਾਈ ਇੱਕ ਕੇਂਦਰੀ ਜਾਂਚ ਏਜੰਸੀ ਵੱਲੋਂ ਕੀਤੀ ਗਈ ਸੀ। ਹਾਲਾਂਕਿ, ਮਾਮਲੇ ਸਬੰਧੀ ਅਜੇ ਤੱਕ ਕਿਸੇ ਅਧਿਕਾਰਕ ਬਿਆਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

