ਨਵੀਂ ਦਿੱਲੀ :- ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀ ਰਣਨੀਤੀ ਸਪੱਸ਼ਟ ਕਰ ਦਿੱਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਬਸਪਾ ਪੰਜਾਬ ਵਿੱਚ ਕਿਸੇ ਵੀ ਸਿਆਸੀ ਪਾਰਟੀ ਨਾਲ ਗਠਜੋੜ ਕੀਤੇ ਬਿਨਾਂ ਆਪਣੇ ਦਮ ’ਤੇ ਚੋਣ ਮੈਦਾਨ ਵਿੱਚ ਉਤਰੇਗੀ। ਇਸ ਤੋਂ ਪਹਿਲਾਂ ਮਾਇਆਵਤੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵੀ ਇਕੱਲਿਆਂ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ।
ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਕਰਨ ਦੇ ਨਿਰਦੇਸ਼
ਪਾਰਟੀ ਮੁੱਖ ਦਫ਼ਤਰ ਵਿੱਚ ਮੰਗਲਵਾਰ ਨੂੰ ਹੋਈ ਮੀਟਿੰਗ ਦੌਰਾਨ ਮਾਇਆਵਤੀ ਨੇ ਪੰਜਾਬ ਵਿੱਚ ਸੰਗਠਨ ਨੂੰ ਚੋਣਾਂ ਲਈ ਤਿਆਰ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਬੂਥ ਪੱਧਰ ਤੱਕ ਪਾਰਟੀ ਦਾ ਢਾਂਚਾ ਮਜ਼ਬੂਤ ਕਰਨ ਅਤੇ ਜਨ ਆਧਾਰ ਵਧਾਉਣ ਲਈ ਲਗਾਤਾਰ ਕੰਮ ਕਰਨ ਦੇ ਨਿਰਦੇਸ਼ ਦਿੱਤੇ।
ਗਠਜੋੜ ਨਾਲ ਪਾਰਟੀ ਨੂੰ ਨੁਕਸਾਨ ਦਾ ਖ਼ਦਸ਼ਾ
ਮਾਇਆਵਤੀ ਨੇ ਕਿਹਾ ਕਿ ਚੋਣਾਂ ਦੌਰਾਨ ਗਠਜੋੜ ਕਰਨ ਨਾਲ ਬਸਪਾ ਨੂੰ ਸੀਟਾਂ ਅਤੇ ਵੋਟ ਫ਼ੀਸਦੀ ਦੋਵਾਂ ਪੱਖੋਂ ਨੁਕਸਾਨ ਹੋਣ ਦੀ ਸੰਭਾਵਨਾ ਰਹਿੰਦੀ ਹੈ। ਉਨ੍ਹਾਂ ਅਨੁਸਾਰ ਗਠਜੋੜ ਕਾਰਨ ਪਾਰਟੀ ਦੇ ਵਰਕਰਾਂ ਦਾ ਮਨੋਬਲ ਵੀ ਪ੍ਰਭਾਵਿਤ ਹੁੰਦਾ ਹੈ। ਇਸੇ ਕਾਰਨ ਪਾਰਟੀ ਨੇ ਪੰਜਾਬ ਵਿੱਚ ਆਪਣੇ ਦਮ ’ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।
ਮਿਹਨਤੀ ਤੇ ਇਮਾਨਦਾਰ ਵਰਕਰਾਂ ਨੂੰ ਮਿਲੇਗੀ ਤਰਜੀਹ
ਬਸਪਾ ਮੁਖੀ ਨੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਵੀ ਪਾਰਟੀ ਆਗੂਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਚੋਣ ਮੈਦਾਨ ਵਿੱਚ ਅਜਿਹੇ ਸਥਾਨਕ ਚਿਹਰਿਆਂ ਨੂੰ ਉਤਾਰਿਆ ਜਾਵੇ, ਜਿਨ੍ਹਾਂ ਨੂੰ ਲੋਕਾਂ ਵਿੱਚ ਸਵੀਕਾਰਤਾ ਹਾਸਲ ਹੋਵੇ। ਇਸ ਦੇ ਨਾਲ ਹੀ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਨੂੰ ਅੱਗੇ ਲਿਆਉਣ ’ਤੇ ਜ਼ੋਰ ਦਿੱਤਾ ਗਿਆ।
‘ਆਪ’, ਕਾਂਗਰਸ ਤੇ ਭਾਜਪਾ ਨੂੰ ਦੇਣੀ ਹੈ ਚੁਣੌਤੀ
ਮੀਟਿੰਗ ਵਿੱਚ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਪਾਰਟੀ ਦੇ ਜਨ ਆਧਾਰ ਸਬੰਧੀ ਮਿਲੇ ਫੀਡਬੈਕ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮਾਇਆਵਤੀ ਨੇ ਪਾਰਟੀ ਸੰਗਠਨ ਨੂੰ ਇਸ ਤਰ੍ਹਾਂ ਤਿਆਰ ਕਰਨ ਲਈ ਕਿਹਾ ਕਿ ਬਸਪਾ ਸੂਬੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਅਤੇ ਭਾਜਪਾ ਨੂੰ ਵੀ ਸਿਆਸੀ ਚੁਣੌਤੀ ਦੇ ਸਕੇ।
ਕਾਂਸ਼ੀਰਾਮ ਦੀ ਬਰਸੀ ’ਤੇ ਵੱਡੇ ਪ੍ਰੋਗਰਾਮ ਦੀ ਤਿਆਰੀ
ਮਾਇਆਵਤੀ ਨੇ ਉੱਤਰ ਪ੍ਰਦੇਸ਼ ਵਿੱਚ ਵੀ ਪਾਰਟੀ ਦੀਆਂ ਆਉਣ ਵਾਲੀਆਂ ਸਰਗਰਮੀਆਂ ਸਬੰਧੀ ਹਦਾਇਤਾਂ ਦਿੱਤੀਆਂ। ਪਾਰਟੀ ਸੰਸਥਾਪਕ ਕਾਂਸ਼ੀਰਾਮ ਦੀ ਬਰਸੀ ਮੌਕੇ 9 ਅਕਤੂਬਰ ਨੂੰ ਵੱਡਾ ਪ੍ਰੋਗਰਾਮ ਕਰਵਾਉਣ ਲਈ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

