ਸ਼ੱਕੀ ਹਰਕਤ ਦੇਖਦਿਆਂ ਜਵਾਨਾਂ ਨੇ ਕੀਤੀ ਕਾਰਵਾਈ
ਦੱਸਿਆ ਜਾ ਰਿਹਾ ਹੈ ਕਿ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਇਲਾਕੇ ਵਿੱਚ ਇਕ ਸ਼ੱਕੀ ਵਿਅਕਤੀ ਦੀ ਹਰਕਤ ਦੇਖੀ। ਜਵਾਨਾਂ ਨੇ ਤੁਰੰਤ ਮੋਰਚਾ ਸੰਭਾਲਦਿਆਂ ਉਸ ਨੂੰ ਰੋਕਣ ਲਈ ਕਾਰਵਾਈ ਕੀਤੀ, ਜਿਸ ਦੌਰਾਨ ਘੁਸਪੈਠੀਏ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਸਰਹੱਦੀ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਨਾਲ ਹੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਘਟਨਾ ਵਿੱਚ ਕੋਈ ਹੋਰ ਵਿਅਕਤੀ ਜਾਂ ਸ਼ੱਕੀ ਗਤੀਵਿਧੀ ਸ਼ਾਮਲ ਸੀ ਜਾਂ ਨਹੀਂ।
ਪਹਿਲਾਂ ਵੀ ਪੰਜਾਬ ਸਰਹੱਦ ’ਤੇ ਮਾਰੇ ਜਾ ਚੁੱਕੇ ਹਨ ਘੁਸਪੈਠੀਏ
ਪੰਜਾਬ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਇਸ ਤੋਂ ਪਹਿਲਾਂ ਵੀ ਘੁਸਪੈਠ ਦੀਆਂ ਕੋਸ਼ਿਸ਼ਾਂ ਦੌਰਾਨ ਬੀ.ਐੱਸ.ਐੱਫ. ਵੱਲੋਂ ਕਈ ਪਾਕਿਸਤਾਨੀ ਨਾਗਰਿਕਾਂ ਨੂੰ ਮਾਰਿਆ ਗਿਆ ਹੈ। ਉਪਲਬਧ ਜਾਣਕਾਰੀ ਅਨੁਸਾਰ ਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਛੇ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
– 2 ਅਕਤੂਬਰ 2026: ਤਰਨਤਾਰਨ ਜ਼ਿਲ੍ਹੇ ਦੇ ਖਾਲੜਾ ਥਾਣਾ ਖੇਤਰ ਅਧੀਨ ਪਿੰਡ ਰਾਜੋਕੇ ਨੇੜੇ ਦੋ ਪਾਕਿਸਤਾਨੀ ਘੁਸਪੈਠੀਏ ਮਾਰੇ ਗਏ ਸਨ। ਦੱਸਿਆ ਗਿਆ ਸੀ ਕਿ ਚਿਤਾਵਨੀ ਦੇ ਬਾਵਜੂਦ ਉਹ ਭਾਰਤੀ ਸਰਹੱਦ ਵੱਲ ਵਧਦੇ ਰਹੇ ਸਨ।
– 9 ਮਾਰਚ 2026: ਖੇਮਕਰਨ ਸੈਕਟਰ ਵਿੱਚ ਕਲਿਆ ਅਤੇ ਨੂਰਵਾਲਾ ਸਰਹੱਦੀ ਚੌਕੀਆਂ ਵਿਚਕਾਰ ਇਕ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ ਸੀ। ਤਲਾਸ਼ੀ ਦੌਰਾਨ ਉਸ ਕੋਲੋਂ ਕੁਝ ਦਵਾਈਆਂ ਮਿਲਣ ਦੀ ਜਾਣਕਾਰੀ ਦਿੱਤੀ ਗਈ ਸੀ।
– 12 ਅਗਸਤ 2024: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਲ ਨੇੜੇ ਕੌਮਾਂਤਰੀ ਸਰਹੱਦ ਪਾਰ ਕਰਕੇ ਭਾਰਤੀ ਇਲਾਕੇ ਵਿੱਚ ਦਾਖ਼ਲ ਹੋਏ ਇਕ ਪਾਕਿਸਤਾਨੀ ਨਾਗਰਿਕ ਨੂੰ ਬੀ.ਐੱਸ.ਐੱਫ. ਨੇ ਮਾਰ ਦਿੱਤਾ ਸੀ।
– 11 ਅਗਸਤ 2023: ਤਰਨਤਾਰਨ ਦੇ ਪਿੰਡ ਥੇਕਲਾਂ ਨੇੜੇ ਸਰਹੱਦ ’ਤੇ ਸ਼ੱਕੀ ਗਤੀਵਿਧੀ ਦੇਖਣ ਤੋਂ ਬਾਅਦ ਜਵਾਨਾਂ ਨੇ ਕਾਰਵਾਈ ਕੀਤੀ ਸੀ, ਜਿਸ ਵਿੱਚ ਇਕ ਪਾਕਿਸਤਾਨੀ ਘੁਸਪੈਠੀਏ ਦੀ ਮੌਤ ਹੋ ਗਈ ਸੀ।
– 2 ਮਈ 2021: ਤਰਨਤਾਰਨ ਦੇ ਖਾਲੜਾ ਪਿੰਡ ਨੇੜੇ ਇਕ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ ਸੀ। ਬੀ.ਐੱਸ.ਐੱਫ. ਅਨੁਸਾਰ ਉਹ ਨਸ਼ੀਲੇ ਪਦਾਰਥਾਂ ਦੀ ਖੇਪ ਭਾਰਤੀ ਇਲਾਕੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਕੋਲੋਂ ਪਾਕਿਸਤਾਨੀ ਕਰੰਸੀ ਅਤੇ ਤੰਬਾਕੂ ਬਰਾਮਦ ਹੋਇਆ ਸੀ।
– 13 ਫਰਵਰੀ 2021: ਫ਼ਿਰੋਜ਼ਪੁਰ ਸੈਕਟਰ ਵਿੱਚ ਬੀ.ਐੱਸ.ਐੱਫ. ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸਾਂਝੀ ਕਾਰਵਾਈ ਦੌਰਾਨ ਇਕ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ ਸੀ। ਤਲਾਸ਼ੀ ਦੌਰਾਨ ਉਸ ਕੋਲੋਂ 14.8 ਕਿਲੋ ਹੈਰੋਇਨ, ਪਿਸਤੌਲ ਦੀ ਮੈਗਜ਼ੀਨ ਅਤੇ 9 ਐੱਮ.ਐੱਮ. ਦੇ ਛੇ ਕਾਰਤੂਸ ਮਿਲੇ ਸਨ।