ਅੰਮ੍ਰਿਤਸਰ :- ਅੰਮ੍ਰਿਤਸਰ ਸ਼ਹਿਰ ਦੇ ਰੇਲਵੇ ਸਟੇਸ਼ਨ, ਹਾਲ ਗੇਟ ਅਤੇ ਭੰਡਾਰੀ ਪੁਲ ਦੀਆਂ ਕੰਧਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ ਦੇ ਮਾਮਲੇ ’ਚ ਕਮਿਸ਼ਨਰੇਟ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਕੰਧਾਂ ’ਤੇ ਇਹ ਲਿਖਤ ਸਾਹਮਣੇ ਆਉਣ ਤੋਂ ਕੁਝ ਘੰਟਿਆਂ ਅੰਦਰ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।
ਆਟੋ ਚਾਲਕ ਤੇ ਮਜ਼ਦੂਰ ਗ੍ਰਿਫ਼ਤਾਰ
ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੰਗਲ ਸਿੰਘ (26) ਅਤੇ ਅਰਸ਼ਦੀਪ ਸਿੰਘ (23) ਵਜੋਂ ਹੋਈ ਹੈ। ਮੰਗਲ ਸਿੰਘ ਆਟੋ-ਰਿਕਸ਼ਾ ਚਲਾਉਂਦਾ ਹੈ, ਜਦਕਿ ਅਰਸ਼ਦੀਪ ਸਿੰਘ ਮਜ਼ਦੂਰ ਦੱਸਿਆ ਗਿਆ ਹੈ। ਦੋਵੇਂ ਅੰਮ੍ਰਿਤਸਰ ਦੇ ਵਾਰੀਅਮ ਸਿੰਘ ਕਾਲੋਨੀ ਇਲਾਕੇ ਦੇ ਵਸਨੀਕ ਹਨ।
ਕੰਧਾਂ ’ਤੇ ਲਿਖੇ ਸਨ ਅਮਰੀਕੀ ਰਾਜਦੂਤ ਦੇ ਦੌਰੇ ਨਾਲ ਸਬੰਧਤ ਨਾਅਰੇ
ਪੁਲਸ ਅਨੁਸਾਰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਲਿਖੀ ਗਈ ਸਮੱਗਰੀ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਦੇ ਨਾਂਅ ਦਾ ਵੀ ਜ਼ਿਕਰ ਸੀ। ਸਰਜੀਓ ਗੋਰ ਦੇ ਸੋਮਵਾਰ ਨੂੰ ਅੰਮ੍ਰਿਤਸਰ ਆਉਣ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦਾ ਪ੍ਰੋਗਰਾਮ ਦੱਸਿਆ ਗਿਆ ਹੈ। ਪੁਲਸ ਨੂੰ ਸ਼ਨਿੱਚਰਵਾਰ ਤੜਕੇ ਕੰਧਾਂ ’ਤੇ ਨਾਅਰੇ ਲਿਖੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਲੇ ਰੰਗ ਨਾਲ ਢੱਕ ਦਿੱਤਾ ਗਿਆ।
ਪੰਨੂ ਵੱਲੋਂ ਵੀਡੀਓ ਜਾਰੀ ਕਰਨ ਦੀ ਪੁਲਸ ਨੂੰ ਜਾਣਕਾਰੀ
ਪੁਲਸ ਮੁਤਾਬਕ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਅਮਰੀਕਾ ਆਧਾਰਿਤ ਖਾਲਿਸਤਾਨ ਪੱਖੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਵੀ ਇਨ੍ਹਾਂ ਨਾਅਰਿਆਂ ਦਾ ਹਵਾਲਾ ਦਿੰਦਿਆਂ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕੀਤੀ ਗਈ। ਪੁਲਸ ਨੇ ਕਿਹਾ ਕਿ ਵੀਡੀਓ ਦੀ ਸਮੱਗਰੀ ਅਤੇ ਕੰਧਾਂ ’ਤੇ ਲਿਖੇ ਨਾਅਰਿਆਂ ਨਾਲ ਇਸ ਦੇ ਸੰਭਾਵੀ ਸਬੰਧ ਦੀ ਜਾਂਚ ਕੀਤੀ ਜਾ ਰਹੀ ਹੈ।
ਤਕਨੀਕੀ ਜਾਂਚ ਰਾਹੀਂ ਪੁੱਜੀ ਪੁਲਸ ਮੁਲਜ਼ਮਾਂ ਤੱਕ
ਘਟਨਾ ਤੋਂ ਬਾਅਦ ਪੁਲਸ ਟੀਮਾਂ ਨੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕੀਤੀ। ਨਾਅਰੇ ਲਿਖਣ ਵਾਲਿਆਂ ਦੀ ਪਛਾਣ ਲਈ ਤਕਨੀਕੀ ਜਾਣਕਾਰੀ ਦੀ ਮਦਦ ਲਈ ਗਈ। ਡਿਪਟੀ ਕਮਿਸ਼ਨਰ ਆਫ਼ ਪੁਲਸ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲਸ ਨੇ ਕਾਰਵਾਈ ਕਰਦਿਆਂ ਦੋਵਾਂ ਸ਼ੱਕੀਆਂ ਨੂੰ ਕੁਝ ਘੰਟਿਆਂ ਵਿੱਚ ਹੀ ਗ੍ਰਿਫ਼ਤਾਰ ਕਰ ਲਿਆ।
ਵਿਦੇਸ਼ੀ ਹੈਂਡਲਰ ਨਾਲ ਸੰਪਰਕ ਦੀ ਵੀ ਜਾਂਚ
ਪੁਲਸ ਨੇ ਦਾਅਵਾ ਕੀਤਾ ਕਿ ਮੁੱਢਲੀ ਜਾਂਚ ਦੌਰਾਨ ਅਰਸ਼ਦੀਪ ਸਿੰਘ ਦੇ ਕਿਸੇ ਵਿਦੇਸ਼ੀ ਹੈਂਡਲਰ ਨਾਲ ਸੰਪਰਕ ਵਿੱਚ ਹੋਣ ਦੇ ਸੰਕੇਤ ਮਿਲੇ ਹਨ। ਪੁਲਸ ਵੱਲੋਂ ਹੁਣ ਇਸ ਕਥਿਤ ਸੰਪਰਕ ਦੀ ਪ੍ਰਕਿਰਤੀ, ਇਸ ਦੇ ਮਕਸਦ ਅਤੇ ਕੰਧਾਂ ’ਤੇ ਨਾਅਰੇ ਲਿਖਣ ਦੀ ਘਟਨਾ ਨਾਲ ਇਸ ਦੇ ਸੰਭਾਵੀ ਸਬੰਧਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਬੀ.ਐਨ.ਐਸ. ਦੀਆਂ ਧਾਰਾਵਾਂ ਤਹਿਤ ਕੇਸ ਦਰਜ
ਪੁਲਸ ਅਨੁਸਾਰ ਏ-ਡਿਵੀਜ਼ਨ ਥਾਣੇ ਵਿੱਚ ਬੀ.ਐਨ.ਐਸ. ਦੀਆਂ ਧਾਰਾਵਾਂ 196(1), 197(2) ਅਤੇ 61(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਟੀਮਾਂ ਵੱਲੋਂ ਘਟਨਾ ਦੇ ਪੂਰੇ ਘਟਨਾਕ੍ਰਮ, ਨਾਅਰੇ ਲਿਖਣ ਪਿੱਛੇ ਮਕਸਦ ਅਤੇ ਮਾਮਲੇ ਵਿੱਚ ਹੋਰ ਵਿਅਕਤੀਆਂ ਦੀ ਸੰਭਾਵੀ ਸ਼ਮੂਲੀਅਤ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

