ਚੰਡੀਗੜ੍ਹ :- ਪੰਜਾਬ ਦੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਡੀ ਬੜ੍ਹਤ ਬਣਾਈ ਹੋਈ ਹੈ। ਸੂਬੇ ਭਰ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਪਏ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸਖ਼ਤ ਸੁਰੱਖਿਆ ਹੇਠ ਕੀਤੀ ਜਾ ਰਹੀ ਹੈ।
ਹੁਣ ਤੱਕ ਦੇ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ 630 ਸੀਟਾਂ ’ਤੇ ਜਿੱਤ ਦਰਜ ਕਰ ਚੁੱਕੀ ਹੈ ਅਤੇ ਸਥਾਨਕ ਚੋਣਾਂ ਵਿੱਚ ਆਪਣੀ ਮਜ਼ਬੂਤ ਪਕੜ ਸਾਬਤ ਕੀਤੀ ਹੈ। ਦੂਜੇ ਪਾਸੇ ਆਜ਼ਾਦ ਉਮੀਦਵਾਰਾਂ ਨੇ ਵੀ ਚੋਣ ਮੈਦਾਨ ਵਿੱਚ ਵੱਡਾ ਪ੍ਰਭਾਵ ਛੱਡਦਿਆਂ 214 ਸੀਟਾਂ ਆਪਣੇ ਨਾਮ ਕਰ ਲਈਆਂ ਹਨ, ਜਿਸ ਨਾਲ ਰਵਾਇਤੀ ਪਾਰਟੀਆਂ ਲਈ ਚੁਣੌਤੀ ਖੜ੍ਹੀ ਹੋ ਗਈ ਹੈ।
ਕਾਂਗਰਸ ਤੇ ਅਕਾਲੀ ਦਲ ਵਿਚਾਲੇ ਦੂਜੇ-ਤੀਜੇ ਸਥਾਨ ਦੀ ਟੱਕਰ
ਚੋਣ ਨਤੀਜਿਆਂ ਵਿੱਚ ਕਾਂਗਰਸ ਨੇ ਹੁਣ ਤੱਕ 215 ਸੀਟਾਂ ਜਿੱਤ ਕੇ ਦੂਜਾ ਸਥਾਨ ਬਣਾਇਆ ਹੋਇਆ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ 175 ਸੀਟਾਂ ਨਾਲ ਤੀਜੇ ਨੰਬਰ ’ਤੇ ਚੱਲ ਰਿਹਾ ਹੈ। ਭਾਜਪਾ ਨੂੰ 52 ਸੀਟਾਂ ’ਤੇ ਜਿੱਤ ਮਿਲੀ ਹੈ, ਜਦਕਿ ਬਹੁਜਨ ਸਮਾਜ ਪਾਰਟੀ ਨੇ ਵੀ 4 ਸੀਟਾਂ ਜਿੱਤ ਕੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ।
ਗਿਣਤੀ ਦਾ ਕੰਮ ਹਾਲੇ ਵੀ ਜਾਰੀ
ਚੋਣ ਅਧਿਕਾਰੀਆਂ ਮੁਤਾਬਕ ਕਈ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ ਅਤੇ ਆਖ਼ਰੀ ਨਤੀਜਿਆਂ ਵਿੱਚ ਅੰਕੜਿਆਂ ਵਿੱਚ ਹੋਰ ਤਬਦੀਲੀ ਆ ਸਕਦੀ ਹੈ। ਸਾਰੇ ਗਿਣਤੀ ਕੇਂਦਰਾਂ ’ਤੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

