ਚੰਡੀਗੜ੍ਹ :- ਆਮ ਆਦਮੀ ਪਾਰਟੀ ਪੰਜਾਬ ਨੇ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ‘ਸਤਲੁਜ’ ਨੂੰ ਓਟੀਟੀ ਪਲੇਟਫਾਰਮ ਤੋਂ ਹਟਾਏ ਜਾਣ ਦੀ ਨਿੰਦਾ ਕਰਦਿਆਂ ਇਸ ਨੂੰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਫ਼ਿਲਮ ਪੰਜਾਬ ਦੇ ਇੱਕ ਸੰਵੇਦਨਸ਼ੀਲ ਇਤਿਹਾਸਕ ਦੌਰ ਨੂੰ ਦਰਸਾਉਂਦੀ ਹੈ ਅਤੇ ਇਸ ਨੂੰ ਹਟਾਉਣਾ ਚਿੰਤਾਜਨਕ ਹੈ।
‘ਇਤਿਹਾਸਕ ਮਸਲਿਆਂ ’ਤੇ ਚਰਚਾ ਤੋਂ ਨਹੀਂ ਡਰਨਾ ਚਾਹੀਦਾ’
ਧਾਲੀਵਾਲ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮਸਲਿਆਂ ਨੂੰ ਸਾਹਮਣੇ ਲਿਆਉਣ ਲਈ ਵੱਡੀ ਕੁਰਬਾਨੀ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਤਿਹਾਸ ਨਾਲ ਜੁੜੇ ਵਿਸ਼ਿਆਂ ’ਤੇ ਖੁੱਲ੍ਹੀ ਚਰਚਾ ਲੋਕਤੰਤਰ ਦਾ ਹਿੱਸਾ ਹੈ ਅਤੇ ਅਜਿਹੀਆਂ ਰਚਨਾਵਾਂ ਨੂੰ ਲੋਕਾਂ ਤੱਕ ਪਹੁੰਚਣ ਦਾ ਮੌਕਾ ਮਿਲਣਾ ਚਾਹੀਦਾ ਹੈ।
ਕਾਂਗਰਸ, ਭਾਜਪਾ ਅਤੇ ਅਕਾਲੀ ਦਲ ’ਤੇ ਵੀ ਸਵਾਲ
ਆਪ ਆਗੂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਪਿਛਲੇ ਦਹਾਕਿਆਂ ਦੇ ਘਟਨਾਕ੍ਰਮ ਨੂੰ ਲੈ ਕੇ ਸਿਆਸੀ ਪਾਰਟੀਆਂ ਨੂੰ ਵੀ ਆਤਮ-ਮੰਥਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਤਿਹਾਸ ਦੇ ਵੱਖ-ਵੱਖ ਪੱਖਾਂ ਬਾਰੇ ਜਾਣਨ ਦਾ ਹੱਕ ਹੈ ਅਤੇ ਕਿਸੇ ਵੀ ਵਿਸ਼ੇ ਨੂੰ ਪੂਰੀ ਤਰ੍ਹਾਂ ਦਬਾਉਣਾ ਹੱਲ ਨਹੀਂ ਹੋ ਸਕਦਾ।
ਬੀਬੀ ਪਰਮਜੀਤ ਕੌਰ ਖਾਲੜਾ ਦਾ ਕੀਤਾ ਜ਼ਿਕਰ
ਧਾਲੀਵਾਲ ਨੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਸੰਘਰਸ਼ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਲੰਬੇ ਸਮੇਂ ਤੱਕ ਇਨਸਾਫ਼ ਲਈ ਲੜਾਈ ਲੜੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਮਾਜ ਅਤੇ ਸਿਆਸੀ ਧਿਰਾਂ ਨੂੰ ਅਜਿਹੇ ਪਰਿਵਾਰਾਂ ਦੀ ਪੀੜਾ ਨੂੰ ਗੰਭੀਰਤਾ ਨਾਲ ਸਮਝਣਾ ਚਾਹੀਦਾ ਹੈ।
ਫ਼ਿਲਮ ਤੇ ਲੱਗੀ ਰੋਕ ਹਟਾਉਣ ਦੀ ਮੰਗ
ਆਮ ਆਦਮੀ ਪਾਰਟੀ ਨੇ ਮੰਗ ਕੀਤੀ ਕਿ ਫ਼ਿਲਮ ਨੂੰ ਮੁੜ ਦਰਸ਼ਕਾਂ ਲਈ ਉਪਲਬਧ ਕਰਵਾਇਆ ਜਾਵੇ ਅਤੇ ਇਸ ਮਾਮਲੇ ਵਿੱਚ ਪਾਰਦਰਸ਼ਤਾ ਨਾਲ ਫ਼ੈਸਲਾ ਲਿਆ ਜਾਵੇ। ਪਾਰਟੀ ਨੇ ਕਿਹਾ ਕਿ ਵਿਚਾਰਾਂ ਦਾ ਜਵਾਬ ਵਿਚਾਰਾਂ ਨਾਲ ਦਿੱਤਾ ਜਾਣਾ ਚਾਹੀਦਾ ਹੈ, ਨਾ ਕਿ ਰੋਕਾਂ ਰਾਹੀਂ।

