ਅੰਮ੍ਰਿਤਸਰ :- ਅੱਜ 21 ਸਤੰਬਰ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਤੋਂ ਭਾਰਤ-ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ਤੱਕ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਲਹਿੰਦੇ ਪੰਜਾਬ ਦੀਆਂ ਸਿੱਖ ਸੰਗਤਾਂ ਵੱਲੋਂ ਇਹ ਨਗਰ ਕੀਰਤਨ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਜ਼ੀਰੋ ਲਾਈਨ ’ਤੇ ਲਿਆਂਦਾ ਜਾਵੇਗਾ।
ਦੋਵਾਂ ਪਾਸਿਆਂ ਸੰਗਤਾਂ ਕਰਨਗੀਆਂ ਲਾਂਘਾ ਖੋਲ੍ਹਣ ਲਈ ਅਰਦਾਸ
ਜ਼ੀਰੋ ਲਾਈਨ ’ਤੇ ਪੁੱਜਣ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਸੰਧਿਆ ਵੇਲੇ ਰਹਿਰਾਸ ਸਾਹਿਬ ਦੇ ਪਾਠ, ਗੁਰਬਾਣੀ ਕੀਰਤਨ ਅਤੇ ਆਰਤੀ ਉਪਰੰਤ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਜਾਵੇਗੀ। ਅਰਦਾਸ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦ ਖੋਲ੍ਹੇ ਜਾਣ ਦੀ ਬੇਨਤੀ ਕੀਤੀ ਜਾਵੇਗੀ, ਤਾਂ ਜੋ ਦੋਵਾਂ ਪਾਸਿਆਂ ਦੀ ਸਿੱਖ ਸੰਗਤ ਮੁੜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਕਰ ਸਕੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਜ਼ੀਰੋ ਲਾਈਨ ’ਤੇ ਪੁੱਜਣਗੇ
ਭਾਰਤ ਵਾਲੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ ’ਤੇ ਪਹੁੰਚਣਗੇ। ਇਸ ਮੌਕੇ ਭਾਰਤ ਅਤੇ ਪਾਕਿਸਤਾਨ ਵਾਲੇ ਪਾਸੇ ਸਿੱਖ ਸੰਗਤਾਂ ਆਪੋ-ਆਪਣੇ ਪਾਸੇ ਰਹਿਰਾਸ ਸਾਹਿਬ ਦਾ ਪਾਠ, ਆਰਤੀ ਅਤੇ ਸ਼ਬਦ ਕੀਰਤਨ ਕਰਨ ਉਪਰੰਤ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਲਈ ਅਰਦਾਸ ਕਰਨਗੀਆਂ।
ਡੇਰਾ ਬਾਬਾ ਨਾਨਕ ਦੀ ਸੰਗਤ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਦੀ ਅਪੀਲ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਡੇਰਾ ਬਾਬਾ ਨਾਨਕ ਅਤੇ ਸਰਹੱਦੀ ਇਲਾਕੇ ਦੀ ਸਿੱਖ ਸੰਗਤ ਨੂੰ ਇਸ ਧਾਰਮਿਕ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਗਤ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਕਰਤਾਰਪੁਰ ਸਾਹਿਬ ਲਾਂਘੇ ਨੇੜੇ ਜ਼ੀਰੋ ਲਾਈਨ ’ਤੇ ਪਹੁੰਚੇ ਅਤੇ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਵਿੱਚ ਸ਼ਾਮਲ ਹੋਵੇ। ਅਰਦਾਸ ਵਿੱਚ ਲਾਂਘਾ ਜਲਦ ਖੋਲ੍ਹਣ ਦੀ ਬੇਨਤੀ ਕੀਤੀ ਜਾਵੇਗੀ, ਤਾਂ ਜੋ ਸੰਗਤ ਪਹਿਲਾਂ ਵਾਂਗ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ।

