Home Blog Page 404

ਕਰਜ਼ੇ ਹੇਠ ਦੱਬੇ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ, ਤਰਨਤਾਰਨ ਦੇ ਪਿੰਡ ਕੱਲਾ ’ਚ ਨੌਜਵਾਨ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਤਰਨਤਾਰਨ :- ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਕੱਲਾ ਵਿੱਚ ਇੱਕ ਨੌਜਵਾਨ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਜੀਵਨ ਸਮਾਪਤ ਕਰਨ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ, ਜਦਕਿ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਦਿਲਾਵਰ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ 32 ਸਾਲਾ ਦਿਲਾਵਰ ਸਿੰਘ ਵਜੋਂ ਹੋਈ ਹੈ, ਜੋ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਖੇਤੀ ਵਿੱਚ ਹੋ ਰਹੇ ਨੁਕਸਾਨ ਅਤੇ ਵਧਦੇ ਕਰਜ਼ੇ ਕਾਰਨ ਉਹ ਗੰਭੀਰ ਮਾਨਸਿਕ ਦਬਾਅ ਵਿੱਚ ਸੀ। ਇਸੇ ਪਰੇਸ਼ਾਨੀ ਦੇ ਚਲਦਿਆਂ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।

ਦੋ ਛੋਟੇ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਦਿਲਾਵਰ ਸਿੰਘ ਪਰਿਵਾਰ ਵਿੱਚ ਇਕੱਲਾ ਕਮਾਉਣ ਵਾਲਾ ਮੈਂਬਰ ਸੀ। ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ ਦੀ ਉਮਰ ਕਰੀਬ 5 ਅਤੇ 8 ਸਾਲ ਹੈ। ਪਰਿਵਾਰ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ ਅਤੇ ਹੁਣ ਇਸ ਘਟਨਾ ਨੇ ਉਨ੍ਹਾਂ ਨੂੰ ਅੰਦਰੋਂ ਝੰਝੋੜ ਕੇ ਰੱਖ ਦਿੱਤਾ ਹੈ।

ਖੇਤੀ ਦੇ ਘਾਟੇ ਨੇ ਵਧਾਇਆ ਕਰਜ਼ੇ ਦਾ ਬੋਝ

ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਦਿਲਾਵਰ ਸਿੰਘ ਲਗਾਤਾਰ ਖੇਤੀ ਕਰਕੇ ਘਰ ਚਲਾ ਰਿਹਾ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਖੇਤੀ ਵਿੱਚ ਲਾਭ ਦੀ ਥਾਂ ਨੁਕਸਾਨ ਹੋ ਰਿਹਾ ਸੀ। ਵਧਦੇ ਖਰਚੇ ਅਤੇ ਕਰਜ਼ੇ ਨੇ ਉਸ ਦੀ ਚਿੰਤਾ ਹੋਰ ਵਧਾ ਦਿੱਤੀ ਸੀ। ਉਹ ਕਈ ਦਿਨਾਂ ਤੋਂ ਤਣਾਅ ਵਿੱਚ ਰਹਿੰਦਾ ਸੀ ਅਤੇ ਆਖਿਰਕਾਰ ਉਸ ਨੇ ਇਹ ਕਦਮ ਚੁੱਕ ਲਿਆ।

ਪਿੰਡ ਵਿੱਚ ਸੋਗ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਗਮ ਦਾ ਮਾਹੌਲ ਹੈ। ਰਿਸ਼ਤੇਦਾਰ ਅਤੇ ਪਿੰਡ ਵਾਸੀ ਪਰਿਵਾਰ ਨੂੰ ਧੀਰਜ ਦੇਣ ਲਈ ਘਰ ਪਹੁੰਚ ਰਹੇ ਹਨ। ਸਥਾਨਕ ਲੋਕਾਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਲਈ ਆਰਥਿਕ ਮਦਦ ਅਤੇ ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਦੀ ਮੰਗ ਕੀਤੀ ਹੈ।

ਬੀਐੱਸਐੱਫ ਹੈਡਕੁਆਰਟਰ ਧਮਾਕਾ ਮਾਮਲੇ ’ਚ ਵੱਡੀ ਕਾਮਯਾਬੀ ਦਿੱਲੀ ਤੋਂ ਸ਼ੱਕੀ ਵਿਅਕਤੀ ਕਾਬੂ, ਜਾਂਚ ਏਜੰਸੀਆਂ ਵੱਲੋਂ ਪੁੱਛਗਿੱਛ ਜਾਰੀ

ਜਲੰਧਰ :- ਬੀਐੱਸਐੱਫ ਪੰਜਾਬ ਫਰੰਟੀਅਰ ਹੈਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ ਵਿੱਚ ਜਾਂਚ ਏਜੰਸੀਆਂ ਨੂੰ ਅਹਿਮ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਨਾਲ ਜੁੜੇ ਇੱਕ ਸ਼ੱਕੀ ਵਿਅਕਤੀ ਨੂੰ ਦਿੱਲੀ ਤੋਂ ਕਾਬੂ ਕੀਤਾ ਹੈ। ਸੂਤਰਾਂ ਮੁਤਾਬਕ ਦਿੱਲੀ ਦੀ ਸੀਆਈਏ ਟੀਮ ਨੇ ਉਸ ਤੋਂ ਲੰਬੀ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਜਲੰਧਰ ਦੀ ਟੀਮ ਉਸਨੂੰ ਆਪਣੇ ਨਾਲ ਪੰਜਾਬ ਲੈ ਆਈ। ਹਾਲਾਂਕਿ, ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ।

ਧਮਾਕੇ ਮਗਰੋਂ ਬੱਸ ਰਾਹੀਂ ਜਲੰਧਰ ਤੋਂ ਨਿਕਲਿਆ ਸੀ ਸ਼ੱਕੀ

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਧਮਾਕੇ ਤੋਂ ਬਾਅਦ ਸ਼ੱਕੀ ਵਿਅਕਤੀ ਬੱਸ ਰਾਹੀਂ ਜਲੰਧਰ ਤੋਂ ਨਿਕਲ ਗਿਆ ਸੀ। ਹੁਣ ਜਾਂਚ ਏਜੰਸੀਆਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਉਸ ਨੇ ਧਮਾਕਾ ਖ਼ੁਦ ਕੀਤਾ ਸੀ ਜਾਂ ਕਿਸੇ ਹੋਰ ਗਿਰੋਹ ਵੱਲੋਂ ਉਸ ਨੂੰ ਵਿਸਫੋਟਕ ਸਮੱਗਰੀ ਮੁਹੱਈਆ ਕਰਵਾਈ ਗਈ ਸੀ।

ਧਮਾਕੇ ਤੋਂ ਪਹਿਲਾਂ ਕੀਤੀ ਗਈ ਸੀ ਰੇਕੀ

ਤਫ਼ਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਘਟਨਾ ਤੋਂ ਦੋ ਦਿਨ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਗਈ ਸੀ। ਜਾਂਚ ਟੀਮਾਂ ਹੁਣ ਇਹ ਪਤਾ ਲਗਾ ਰਹੀਆਂ ਹਨ ਕਿ ਸ਼ੱਕੀ ਨੇ ਦਿੱਲੀ ਤੱਕ ਪਹੁੰਚਣ ਲਈ ਕਿਹੜੇ ਰਸਤੇ ਅਤੇ ਕਿਸ ਮਦਦ ਦਾ ਸਹਾਰਾ ਲਿਆ। ਦਿੱਲੀ ਅਤੇ ਜਲੰਧਰ ਦੀਆਂ ਸੀਆਈਏ ਟੀਮਾਂ ਨੇ ਸਾਂਝੇ ਅਭਿਆਨ ਤਹਿਤ ਇਹ ਕਾਰਵਾਈ ਕੀਤੀ।

5 ਮਈ ਨੂੰ ਹੋਇਆ ਸੀ ਧਮਾਕਾ

ਜ਼ਿਕਰਯੋਗ ਹੈ ਕਿ 5 ਮਈ ਨੂੰ ਬੀਐੱਸਐੱਫ ਹੈਡਕੁਆਰਟਰ ਦੇ ਬਾਹਰ ਹੋਏ ਧਮਾਕੇ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ। ਇਸ ਘਟਨਾ ਦੌਰਾਨ ਗੜਾ ਇਲਾਕੇ ਦੇ ਰਹਿਣ ਵਾਲੇ ਗੁਰਪ੍ਰੀਤ ਦੀ ਐਕਟਿਵਾ ਪੂਰੀ ਤਰ੍ਹਾਂ ਸੜ੍ਹ ਗਈ ਸੀ। ਪੁਲਿਸ ਨੇ ਜਾਂਚ ਦੇ ਤਹਿਤ ਗੁਰਪ੍ਰੀਤ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ, ਪਰ ਬਾਅਦ ਵਿੱਚ ਉਸ ਨੂੰ ਛੱਡ ਦਿੱਤਾ ਗਿਆ।

ਰਾਜ ਸਭਾ ਮੈਂਬਰ ਵਿਕਰਮ ਸਾਹਨੀ ਨੇ ਕੀਤੀ ਮਦਦ ਦੀ ਪੇਸ਼ਕਸ਼

ਧਮਾਕੇ ਕਾਰਨ ਆਪਣਾ ਰੋਜ਼ਗਾਰ ਗੁਆ ਬੈਠੇ ਗੁਰਪ੍ਰੀਤ ਲਈ ਰਾਜ ਸਭਾ ਮੈਂਬਰ ਵਿਕਰਮ ਸਿੰਘ ਸਾਹਨੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਗੁਰਪ੍ਰੀਤ ਨੂੰ ਨਵੀਂ ਐਕਟਿਵਾ ਦਿਵਾਉਣ ਦਾ ਭਰੋਸਾ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਗੁਰਪ੍ਰੀਤ ਦੇ ਪਿਤਾ ਕਸ਼ਮੀਰ ਸਿੰਘ ਨਾਲ ਟੈਲੀਫੋਨ ’ਤੇ ਗੱਲਬਾਤ ਵੀ ਕੀਤੀ।

ਜਾਂਚ ਏਜੰਸੀਆਂ ਦੀ ਨਜ਼ਰ ਹੁਣ ਪੂਰੇ ਨੈੱਟਵਰਕ ’ਤੇ

ਸੁਰੱਖਿਆ ਏਜੰਸੀਆਂ ਹੁਣ ਇਸ ਮਾਮਲੇ ਨਾਲ ਜੁੜੇ ਸੰਭਾਵਿਤ ਨੈੱਟਵਰਕ ਅਤੇ ਹੋਰ ਸ਼ੱਕੀ ਕੜੀਆਂ ਦੀ ਜਾਂਚ ਕਰ ਰਹੀਆਂ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਹੋਰ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ।

ਖੰਨਾ ਦੇ ਢਾਬੇ ’ਤੇ ਗੋਲੀਬਾਰੀ ਮਾਮਲੇ ਦਾ ਪਰਦਾਫਾਸ਼, ਸੀਸੀਟੀਵੀ ਦੇ ਆਧਾਰ ’ਤੇ 5 ਮੁਲਜ਼ਮ ਕਾਬੂ, ਮੁੱਖ ਸਾਜ਼ਿਸ਼ਕਰਤਾ ਫਰਾਰ

ਖੰਨਾ :- ਜੀਟੀ ਰੋਡ ’ਤੇ ਸਥਿਤ ਪ੍ਰੇਮ ਵੈਸ਼ਨੋ ਢਾਬੇ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋ ਮੁੱਖ ਸ਼ੂਟਰਾਂ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਤਰਨਤਾਰਨ ਪੁਲਿਸ ਵੱਲੋਂ ਵੱਡੀ ਕਾਰਵਾਈ, ਅਫਰੀਕੀ ਮਹਿਲਾ 3 ਕਿਲੋ ਹੈਰੋਇਨ ਸਮੇਤ ਕਾਬੂ

ਕੈਨੇਡਾ ਤੋਂ ਆਈ ਦੁਖਦਾਈ ਖ਼ਬਰ, ਫਰੀਦਕੋਟ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਵੀਲੌਗਿੰਗ ਕਾਰਨ ਮੁਸੀਬਤ ’ਚ ਅਰਸ਼ਦੀਪ ਸਿੰਘ ਬੀਸੀਸੀਆਈ ਨੇ ਆਈਪੀਐਲ ਦੌਰਾਨ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਲਈ ਕਿਹਾ

ਚੰਡੀਗੜ੍ਹ :- ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਖ਼ਤ ਰਵੱਈਆ ਅਪਣਾਇਆ ਹੈ। ਜਾਣਕਾਰੀ ਮੁਤਾਬਕ ਬੋਰਡ ਨੇ ਅਰਸ਼ਦੀਪ ਨੂੰ ਆਈਪੀਐਲ ਦੇ ਬਾਕੀ ਮੈਚਾਂ ਦੌਰਾਨ ਵੀਲੌਗਿੰਗ ਅਤੇ ਟੀਮ ਨਾਲ ਜੁੜੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਨ ਤੋਂ ਰੋਕ ਦਿੱਤਾ ਹੈ।

ਇੱਕ ਵੀਡੀਓ ਨੇ ਖੜ੍ਹੇ ਕੀਤੇ ਵਿਵਾਦ

ਸੂਤਰਾਂ ਅਨੁਸਾਰ ਇਹ ਫੈਸਲਾ ਉਸ ਵੀਡੀਓ ਤੋਂ ਬਾਅਦ ਲਿਆ ਗਿਆ, ਜਿਸ ਵਿੱਚ ਅਣਜਾਣੇ ਤੌਰ ’ਤੇ ਸਾਥੀ ਖਿਡਾਰੀ ਯੁਜਵੇਂਦਰ ਚਾਹਲ ਵੀ ਕੈਮਰੇ ’ਚ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਅਹਿਮਦਾਬਾਦ ਤੋਂ ਹੈਦਰਾਬਾਦ ਜਾ ਰਹੀ ਉਡਾਣ ਦੌਰਾਨ ਬਣਾਈ ਗਈ ਇਸ ਕਲਿੱਪ ਵਿੱਚ ਚਾਹਲ ਕਥਿਤ ਤੌਰ ’ਤੇ ਵੇਪਿੰਗ ਕਰਦੇ ਦਿਖਾਈ ਦਿੱਤੇ ਸਨ। ਵੀਡੀਓ ਸਾਹਮਣੇ ਆਉਣ ਮਗਰੋਂ ਸੋਸ਼ਲ ਮੀਡੀਆ ’ਤੇ ਇਸਨੂੰ ਲੈ ਕੇ ਚਰਚਾ ਛਿੜ ਗਈ।

ਬੋਰਡ ਨੇ ਅਨੁਸ਼ਾਸਨ ਨੂੰ ਦੱਸਿਆ ਸਭ ਤੋਂ ਵੱਡੀ ਤਰਜੀਹ

ਬੀਸੀਸੀਆਈ ਦਾ ਮੰਨਣਾ ਹੈ ਕਿ ਖਿਡਾਰੀਆਂ ਨਾਲ ਜੁੜੀਆਂ ਅਜਿਹੀਆਂ ਵੀਡੀਓਜ਼ ਟੀਮ ਦੀ ਛਵੀ ਅਤੇ ਅਨੁਸ਼ਾਸਨ ’ਤੇ ਅਸਰ ਪਾਂਦੀਆਂ ਹਨ। ਇਸੇ ਕਰਕੇ ਬੋਰਡ ਨੇ ਅਰਸ਼ਦੀਪ ਨੂੰ ਸਾਵਧਾਨ ਰਹਿਣ ਅਤੇ ਫਿਲਹਾਲ ਵੀਲੌਗਿੰਗ ਤੋਂ ਦੂਰ ਰਹਿਣ ਲਈ ਕਿਹਾ ਹੈ। ਹਾਲਾਂਕਿ ਅਰਸ਼ਦੀਪ ਦੇ ਖ਼ਿਲਾਫ਼ ਕਿਸੇ ਤਰ੍ਹਾਂ ਦੀ ਅਧਿਕਾਰਤ ਕਾਰਵਾਈ ਦੀ ਪੁਸ਼ਟੀ ਨਹੀਂ ਕੀਤੀ ਗਈ।

ਚਾਹਲ ਦੀ ਫਿਟਨੈਸ ਵਾਲੀ ਛਵੀ ’ਤੇ ਵੀ ਸਵਾਲ

ਯੁਜਵੇਂਦਰ ਚਾਹਲ ਲਈ ਵੀ ਇਹ ਮਾਮਲਾ ਅਸਹਿਜ ਮੰਨਿਆ ਜਾ ਰਿਹਾ ਹੈ, ਕਿਉਂਕਿ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਫਿਟਨੈਸ ਅਤੇ ਪੇਸ਼ੇਵਰ ਅਨੁਸ਼ਾਸਨ ਨੂੰ ਲੈ ਕੇ ਕਈ ਬਿਆਨ ਦਿੱਤੇ ਸਨ। ਹੁਣ ਇਸ ਘਟਨਾ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੀ ਜੀਵਨ ਸ਼ੈਲੀ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ।

ਆਈਪੀਐਲ ’ਚ ਵੇਪਿੰਗ ਨਾਲ ਜੁੜਿਆ ਦੂਜਾ ਮਾਮਲਾ

ਇਸ ਸੀਜ਼ਨ ਦੌਰਾਨ ਵੇਪਿੰਗ ਨਾਲ ਜੁੜਿਆ ਇਹ ਦੂਜਾ ਵੱਡਾ ਵਿਵਾਦ ਹੈ। ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਵੀ ਡ੍ਰੈਸਿੰਗ ਰੂਮ ਵਿੱਚ ਵੇਪ ਦੀ ਵਰਤੋਂ ਕਰਦੇ ਕੈਮਰੇ ਵਿੱਚ ਕੈਦ ਹੋਏ ਸਨ। ਉਸ ਮਾਮਲੇ ਵਿੱਚ ਬੋਰਡ ਨੇ ਪਰਾਗ ’ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਸੀ।

ਈਡੀ ਛਾਪਿਆਂ ’ਤੇ ਭਗਵੰਤ ਮਾਨ ਦਾ ਵੱਡਾ ਬਿਆਨ, ‘ਪੰਜਾਬ ਨਾ ਝੁਕਿਆ ਸੀ, ਨਾ ਝੁਕੇਗਾ’

ਚੰਡੀਗੜ੍ਹ :- ਕੈਬਨਿਟ ਮੰਤਰੀ ਸੰਜੀਵ ਅਰੋੜਾ ’ਤੇ ਈਡੀ ਦੀ ਕਾਰਵਾਈ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂ ਸਾਹਿਬਾਨ ਦੀ ਧਰਤੀ ਹੈ, ਜਿਸਨੂੰ ਔਰੰਗਜ਼ੇਬ ਵੀ ਨਹੀਂ ਝੁਕਾ ਸਕਿਆ। ਇਹ ਸ਼ਹੀਦ ਭਗਤ ਸਿੰਘ ਦੀ ਧਰਤੀ ਹੈ ਅਤੇ ਅੰਗਰੇਜ਼ ਵੀ ਪੰਜਾਬੀਆਂ ਦਾ ਹੌਸਲਾ ਨਹੀਂ ਤੋੜ ਸਕੇ। ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਜਾਂਚ ਏਜੰਸੀਆਂ ਦੇ ਦਬਾਅ ਅੱਗੇ ਪੰਜਾਬ ਕਦੇ ਨਹੀਂ ਝੁਕੇਗਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਈਡੀ ਮਿਲ ਕੇ ਸਿਆਸੀ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪੰਜਾਬ ਦੇ ਲੋਕ ਇਸਦਾ ਡਟ ਕੇ ਮੁਕਾਬਲਾ ਕਰਨਗੇ।

ਖੰਨਾ ’ਚ ਬੇਕਾਬੂ ਕੈਂਟਰ ਨੇ ਮਚਾਈ ਤਬਾਹੀ ਨੌਜਵਾਨ ਦੀ ਮੌਤ, ਤਿੰਨ ਹੋਰ ਗੰਭੀਰ ਜ਼ਖਮੀ

ਖੰਨਾ :-  ਦੇਰ ਰਾਤ ਖੰਨਾ ਦੇ ਅਮਲੋਹ ਰੋਡ ’ਤੇ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਭਿਆਨਕ ਹਾਦਸਾ ਕਰ ਦਿੱਤਾ। ਬੇਕਾਬੂ ਹੋਏ ਕੈਂਟਰ ਨੇ ਰਸਤੇ ਵਿੱਚ ਆ ਰਹੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਜਾਨ ਚਲੀ ਗਈ, ਜਦਕਿ ਤਿੰਨ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਅਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਦੋ ਮੋਟਰਸਾਈਕਲਾਂ ਨੂੰ ਮਾਰੀ ਜ਼ੋਰਦਾਰ ਟੱਕਰ

ਚਸ਼ਮਦੀਦਾਂ ਮੁਤਾਬਕ ਰਾਤ ਸਮੇਂ ਅਮਲੋਹ ਰੋਡ ’ਤੇ ਆਮ ਦਿਨਾਂ ਵਾਂਗ ਆਵਾਜਾਈ ਚੱਲ ਰਹੀ ਸੀ। ਇਸੇ ਦੌਰਾਨ ਇੱਕ ਕੈਂਟਰ ਅਚਾਨਕ ਬੇਕਾਬੂ ਹੋ ਗਿਆ ਅਤੇ ਸੜਕ ’ਤੇ ਚੱਲ ਰਹੇ ਵਾਹਨਾਂ ਨਾਲ ਟਕਰਾਉਂਦਾ ਚਲਾ ਗਿਆ। ਕੈਂਟਰ ਨੇ ਸਾਹਮਣੇ ਆ ਰਹੀਆਂ ਦੋ ਮੋਟਰਸਾਈਕਲਾਂ ਨੂੰ ਵੀ ਭਿਆਨਕ ਟੱਕਰ ਮਾਰੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਮੋਟਰਸਾਈਕਲਾਂ ’ਤੇ ਚਾਰ ਨੌਜਵਾਨ ਸਵਾਰ ਸਨ।

ਹਾਦਸੇ ਮਗਰੋਂ ਮਚੀਆਂ ਚੀਕਾਂ

ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਸੜਕ ’ਤੇ ਦੂਰ ਜਾ ਡਿੱਗੇ। ਮੌਕੇ ’ਤੇ ਮੌਜੂਦ ਲੋਕਾਂ ਵਿੱਚ ਘਬਰਾਹਟ ਫੈਲ ਗਈ ਅਤੇ ਚੀਕਾਂ ਪੁਕਾਰ ਮਚ ਗਈ। ਇੱਕ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀ ਤਿੰਨ ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।

ਰਾਹਗੀਰਾਂ ਨੇ ਕੀਤੀ ਮਦਦ

ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਮਦਦ ਲਈ ਮੌਕੇ ’ਤੇ ਪਹੁੰਚੇ। ਜ਼ਖਮੀਆਂ ਨੂੰ ਐਂਬੂਲੈਂਸਾਂ ਅਤੇ ਨਿੱਜੀ ਵਾਹਨਾਂ ਰਾਹੀਂ ਖੰਨਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਲੋਕਾਂ ਨੇ ਦੱਸਿਆ ਕਿ ਜੇਕਰ ਉਸ ਵੇਲੇ ਸੜਕ ’ਤੇ ਵਧੇਰੇ ਭੀੜ ਹੁੰਦੀ ਤਾਂ ਹਾਦਸਾ ਹੋਰ ਵੀ ਜਾਨਲੇਵਾ ਸਾਬਤ ਹੋ ਸਕਦਾ ਸੀ।

ਕੁਝ ਸਮੇਂ ਲਈ ਠੱਪ ਰਹੀ ਆਵਾਜਾਈ

ਹਾਦਸੇ ਕਾਰਨ ਅਮਲੋਹ ਰੋਡ ’ਤੇ ਲੰਮਾ ਜਾਮ ਲੱਗ ਗਿਆ ਅਤੇ ਆਵਾਜਾਈ ਪ੍ਰਭਾਵਿਤ ਹੋਈ। ਸੂਚਨਾ ਮਿਲਣ ਉਪਰੰਤ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆ। ਬਾਅਦ ਵਿੱਚ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਟ੍ਰੈਫਿਕ ਮੁੜ ਚਾਲੂ ਕਰਵਾਇਆ ਗਿਆ।

ਕੈਂਟਰ ਚਾਲਕ ਹਿਰਾਸਤ ਵਿੱਚ

ਸਿਟੀ ਥਾਣਾ-2 ਦੇ ਅਧਿਕਾਰੀ ਅਜੀਤੇਜ ਕੌਸ਼ਲ ਨੇ ਦੱਸਿਆ ਕਿ ਕੈਂਟਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਾਹਨ ਦਾ ਸੰਤੁਲਨ ਵਿਗੜਣ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਦੋ ਦਿਨ ਖੁਸ਼ਕ ਰਹੇਗਾ ਮੌਸਮ, 11 ਮਈ ਤੋਂ ਮੁੜ ਬਦਲੇਗਾ ਮਿਜ਼ਾਜ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ

ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਦਿਨ ਦਾ ਤਾਪਮਾਨ ਚੜ੍ਹਨਾ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਦੇ ਮੁਕਾਬਲੇ ਵੱਧ ਤੋਂ ਵੱਧ ਤਾਪਮਾਨ ਵਿੱਚ ਹਲਕਾ ਵਾਧਾ ਦਰਜ ਕੀਤਾ ਗਿਆ ਹੈ, ਪਰ ਫਿਰ ਵੀ ਗਰਮੀ ਆਮ ਦਿਨਾਂ ਨਾਲੋਂ ਘੱਟ ਮਹਿਸੂਸ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਫਿਲਹਾਲ ਸੂਬੇ ਵਿੱਚ ਲੂ ਵਰਗੇ ਹਾਲਾਤ ਬਣਨ ਦੀ ਸੰਭਾਵਨਾ ਨਹੀਂ ਹੈ।

9 ਅਤੇ 10 ਮਈ ਨੂੰ ਰਹੇਗਾ ਸਾਫ਼ ਮੌਸਮ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਅਗਲੇ ਦੋ ਦਿਨਾਂ ਲਈ ਮੌਸਮ ਨੂੰ ਖੁਸ਼ਕ ਅਤੇ ਸਾਫ਼ ਰਹਿਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ 11 ਮਈ ਤੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੌਸਮ ਮੁੜ ਕਰਵਟ ਲੈ ਸਕਦਾ ਹੈ। ਵਿਭਾਗ ਨੇ 11 ਤੋਂ 14 ਮਈ ਤੱਕ ਗਰਜ-ਚਮਕ, ਤੇਜ਼ ਹਵਾਵਾਂ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਬਠਿੰਡਾ ਸਭ ਤੋਂ ਗਰਮ, ਪਰ 40 ਡਿਗਰੀ ਤੋਂ ਹੇਠਾਂ ਰਿਹਾ ਪਾਰਾ

ਸ਼ੁੱਕਰਵਾਰ ਨੂੰ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਬਾਵਜੂਦ ਸੂਬੇ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਪਾਰਾ 40 ਡਿਗਰੀ ਨੂੰ ਨਹੀਂ ਛੂਹ ਸਕਿਆ। ਫਾਜ਼ਿਲਕਾ, ਫਰੀਦਕੋਟ, ਪਠਾਨਕੋਟ ਅਤੇ ਫਿਰੋਜ਼ਪੁਰ ਵਿੱਚ ਵੀ ਤਾਪਮਾਨ 35 ਤੋਂ 36 ਡਿਗਰੀ ਦੇ ਵਿਚਕਾਰ ਰਿਹਾ।

ਵੱਡੇ ਸ਼ਹਿਰਾਂ ਵਿੱਚ ਇਹ ਰਿਹਾ ਤਾਪਮਾਨ

ਚੰਡੀਗੜ੍ਹ ਵਿੱਚ 33 ਡਿਗਰੀ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ 33.6 ਡਿਗਰੀ, ਲੁਧਿਆਣਾ ਵਿੱਚ 33.5 ਡਿਗਰੀ, ਗੁਰਦਾਸਪੁਰ ਵਿੱਚ 34 ਡਿਗਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ 34.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੋਹਾਲੀ, ਰੂਪਨਗਰ ਅਤੇ ਹੁਸ਼ਿਆਰਪੁਰ ਵਰਗੇ ਇਲਾਕਿਆਂ ਵਿੱਚ ਵੀ ਮੌਸਮ ਆਮ ਨਾਲੋਂ ਠੰਢਾ ਰਿਹਾ।

ਪੱਛਮੀ ਗੜਬੜ ਕਾਰਨ ਫਿਰ ਬਦਲੇਗਾ ਮੌਸਮ

ਮੌਸਮ ਮਾਹਿਰਾਂ ਮੁਤਾਬਕ ਮੱਧ ਪਾਕਿਸਤਾਨ ਅਤੇ ਨਾਲ ਲੱਗਦੇ ਪੰਜਾਬ-ਰਾਜਸਥਾਨ ਖੇਤਰ ਉੱਤੇ ਬਣਿਆ ਚੱਕਰਵਾਤੀ ਸਿਸਟਮ ਅਜੇ ਵੀ ਸਰਗਰਮ ਹੈ। ਇਸ ਦੇ ਨਾਲ ਹੀ ਹਰਿਆਣਾ ਤੋਂ ਪੱਛਮੀ ਬੰਗਾਲ ਤੱਕ ਫੈਲਿਆ ਟ੍ਰੈਫ਼ ਲਾਈਨ ਉੱਤਰੀ ਭਾਰਤ ਦੇ ਮੌਸਮ ਨੂੰ ਪ੍ਰਭਾਵਿਤ ਕਰ ਰਹੀ ਹੈ। 10 ਮਈ ਤੋਂ ਪੱਛਮੀ ਹਿਮਾਲੀ ਖੇਤਰ ਵਿੱਚ ਨਵੀਂ ਪੱਛਮੀ ਗੜਬੜ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਮੀਂਹ ਵਾਲਾ ਮਾਹੌਲ ਬਣ ਸਕਦਾ ਹੈ।

ਅਗਲੇ 48 ਘੰਟਿਆਂ ਵਿੱਚ ਵਧੇਗਾ ਪਾਰਾ

ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ ਅਗਲੇ ਦੋ ਦਿਨਾਂ ਦੌਰਾਨ ਤਾਪਮਾਨ ਵਿੱਚ ਕਰੀਬ 2 ਡਿਗਰੀ ਤੱਕ ਵਾਧਾ ਹੋ ਸਕਦਾ ਹੈ। ਪਰ ਇਸ ਤੋਂ ਬਾਅਦ ਮੀਂਹ ਅਤੇ ਹਵਾਵਾਂ ਕਾਰਨ ਤਾਪਮਾਨ ਵਿੱਚ 3 ਤੋਂ 4 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਕਈ ਜ਼ਿਲ੍ਹਿਆਂ ਲਈ ਤੇਜ਼ ਹਵਾਵਾਂ ਤੇ ਬਿਜਲੀ ਚਮਕਣ ਦੀ ਚੇਤਾਵਨੀ

11 ਅਤੇ 12 ਮਈ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਮੁਕਤਸਰ, ਬਠਿੰਡਾ, ਮਾਨਸਾ, ਰੂਪਨਗਰ ਅਤੇ ਮੋਹਾਲੀ ਸਮੇਤ ਕਈ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਦੌਰਾਨ ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਜਤਾਈ ਗਈ ਹੈ।

ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ

ਮੌਸਮ ਵਿਭਾਗ ਨੇ ਖਰਾਬ ਮੌਸਮ ਦੌਰਾਨ ਲੋਕਾਂ ਨੂੰ ਖੁੱਲ੍ਹੇ ਮੈਦਾਨਾਂ, ਉੱਚੇ ਰੁੱਖਾਂ ਅਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਕਿਸਾਨਾਂ ਅਤੇ ਯਾਤਰੀਆਂ ਨੂੰ ਵੀ ਮੌਸਮ ਦੀ ਤਾਜ਼ਾ ਜਾਣਕਾਰੀ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।

ਹੋਰਮੁਜ਼ ਸਟ੍ਰੇਟ ’ਚ ਜੰਗੀ ਤਣਾਅ ਦੀ ਭੇਟ ਚੜ੍ਹਿਆ ਗੁਜਰਾਤ ਦਾ ਜਹਾਜ਼ ਭਾਰਤੀ ਕਰੂ ਮੈਂਬਰ ਦੀ ਮੌਤ

ਗੁਜਰਾਤ :- ਮੱਧ-ਪੂਰਬ ਵਿੱਚ ਵਧ ਰਹੇ ਜੰਗੀ ਤਣਾਅ ਨੇ ਸਮੁੰਦਰੀ ਆਵਾਜਾਈ ਨੂੰ ਵੀ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਹੋਰਮੁਜ਼ ਸਟ੍ਰੇਟ ਵਿਚ ਈਰਾਨ ਅਤੇ ਅਮਰੀਕਾ ਦੀਆਂ ਸਮੁੰਦਰੀ ਫੌਜਾਂ ਦਰਮਿਆਨ ਹੋਈ ਗੋਲੀਬਾਰੀ ਦੌਰਾਨ ਗੁਜਰਾਤ ਨਾਲ ਸਬੰਧਤ ਇੱਕ ਭਾਰ ਢੋਣ ਵਾਲਾ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ। ਇਸ ਹਾਦਸੇ ਵਿੱਚ ਭਾਰਤੀ ਕਰੂ ਮੈਂਬਰ ਅਲਤਾਫ਼ ਤਾਲਬ ਕੇਰ ਦੀ ਮੌਤ ਹੋ ਗਈ, ਜਦਕਿ ਜਹਾਜ਼ ’ਤੇ ਮੌਜੂਦ ਬਾਕੀ 17 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।

ਦੁਬਈ ਤੋਂ ਯਮਨ ਜਾ ਰਿਹਾ ਸੀ ਜਹਾਜ਼

ਜਾਣਕਾਰੀ ਮੁਤਾਬਕ ਇਹ ਜਹਾਜ਼ ਗੁਜਰਾਤ ਦੇ ਸਲਾਇਆ ਨਾਲ ਸਬੰਧਤ ਸੀ ਅਤੇ ਦੁਬਈ ਤੋਂ ਜਨਰਲ ਕਾਰਗੋ ਲੈ ਕੇ ਯਮਨ ਦੇ ਮੁਕਾਲਾ ਬੰਦਰਗਾਹ ਵੱਲ ਜਾ ਰਿਹਾ ਸੀ। ਜਹਾਜ਼ ’ਤੇ ਇਕ ਗੰਨਮੈਨ ਸਮੇਤ ਕੁੱਲ 18 ਕਰੂ ਮੈਂਬਰ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਜਦੋਂ ਹੋਰਮੁਜ਼ ਸਟ੍ਰੇਟ ਵਿਚੋਂ ਲੰਘ ਰਿਹਾ ਸੀ ਤਾਂ ਅਚਾਨਕ ਦੋਵਾਂ ਦੇਸ਼ਾਂ ਦੀਆਂ ਜੰਗੀ ਕਸ਼ਤੀਆਂ ਵਿਚਾਲੇ ਫਾਇਰਿੰਗ ਸ਼ੁਰੂ ਹੋ ਗਈ।

ਕ੍ਰਾਸ ਫਾਇਰਿੰਗ ’ਚ ਆਇਆ ਜਹਾਜ਼

ਸੂਤਰਾਂ ਅਨੁਸਾਰ ਗੋਲੀਬਾਰੀ ਦੇ ਦੌਰਾਨ ਜਹਾਜ਼ ਕ੍ਰਾਸ ਫਾਇਰ ਦੀ ਲਪੇਟ ਵਿੱਚ ਆ ਗਿਆ, ਜਿਸ ਨਾਲ ਉਸ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਕੁਝ ਹੀ ਸਮੇਂ ਬਾਅਦ ਉਹ ਸਮੁੰਦਰ ਵਿੱਚ ਡੁੱਬ ਗਿਆ। ਹਾਦਸੇ ਤੋਂ ਬਾਅਦ ਕਰੂ ਮੈਂਬਰਾਂ ਨੇ ਆਪਣੀ ਜਾਨ ਬਚਾਉਣ ਲਈ ਜੱਦੋਜਹਿਦ ਕੀਤੀ। ਨੇੜੇ ਲੰਘ ਰਹੇ ਇਕ ਹੋਰ ਵਪਾਰਕ ਜਹਾਜ਼ ਨੇ ਰਾਹਤ ਕਾਰਵਾਈ ਕਰਦਿਆਂ ਸਾਰੇ ਮੈਂਬਰਾਂ ਨੂੰ ਸਮੁੰਦਰ ਵਿਚੋਂ ਬਚਾ ਲਿਆ।

ਭਾਰਤੀ ਦੂਤਘਰ ਸਰਗਰਮ, ਕਰੂ ਦੀ ਵਾਪਸੀ ਦੀ ਤਿਆਰੀ

ਬਚਾਏ ਗਏ ਸਾਰੇ ਕਰੂ ਮੈਂਬਰ 8 ਮਈ ਦੀ ਦੇਰ ਸ਼ਾਮ ਦੁਬਈ ਬੰਦਰਗਾਹ ਪਹੁੰਚ ਗਏ। ਭਾਰਤੀ ਦੂਤਘਰ ਨੇ ਮਾਮਲੇ ਵਿੱਚ ਦਖ਼ਲ ਦਿੰਦਿਆਂ ਕਰੂ ਮੈਂਬਰਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇੰਡੀਅਨ ਸੇਲਿੰਗ ਵੈਸਲਜ਼ ਐਸੋਸੀਏਸ਼ਨ ਨੇ ਅੰਤਰਰਾਸ਼ਟਰੀ ਸਮੁੰਦਰੀ ਰੂਟਾਂ ’ਤੇ ਭਾਰਤੀ ਜਹਾਜ਼ਾਂ ਲਈ ਵਾਧੂ ਸੁਰੱਖਿਆ ਦੇ ਇੰਤਜ਼ਾਮ ਕਰਨ ਦੀ ਮੰਗ ਕੀਤੀ ਹੈ।

ਯੂ.ਏ.ਈ. ’ਤੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦਾ ਦਾਅਵਾ

ਇਸੇ ਦੌਰਾਨ ਸੰਯੁਕਤ ਅਰਬ ਅਮੀਰਾਤ ਨੇ ਦਾਅਵਾ ਕੀਤਾ ਹੈ ਕਿ ਈਰਾਨ ਵੱਲੋਂ ਉਸ ਦੀ ਸਰਹੱਦ ਵੱਲ ਦੋ ਬੈਲਿਸਟਿਕ ਮਿਜ਼ਾਈਲਾਂ ਅਤੇ ਤਿੰਨ ਡਰੋਨ ਦਾਗੇ ਗਏ। ਯੂ.ਏ.ਈ. ਦੇ ਰੱਖਿਆ ਮੰਤਰਾਲੇ ਮੁਤਾਬਕ ਸਾਰੇ ਹਮਲਾਵਰ ਟਾਰਗੈੱਟ ਹਵਾ ਵਿੱਚ ਹੀ ਤਬਾਹ ਕਰ ਦਿੱਤੇ ਗਏ। ਹਮਲੇ ਕਾਰਨ ਤਿੰਨ ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਈਰਾਨ ਵੱਲੋਂ ਇਸ ਸਬੰਧੀ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

ਅਮਰੀਕਾ ਨੇ ਕੀਤੀ ਏਅਰਸਟ੍ਰਾਈਕ

ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਈਰਾਨੀ ਫੌਜ ਵੱਲੋਂ ਉਸ ਦੇ ਜੰਗੀ ਜਹਾਜ਼ਾਂ ਨੂੰ ਮਿਜ਼ਾਈਲਾਂ, ਡਰੋਨਾਂ ਅਤੇ ਤੇਜ਼ ਰਫ਼ਤਾਰ ਕਸ਼ਤੀਆਂ ਰਾਹੀਂ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤੋਂ ਬਾਅਦ ਅਮਰੀਕੀ ਫੌਜ ਨੇ ਈਰਾਨ ਦੇ ਕਈ ਫੌਜੀ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇਕਰ ਈਰਾਨ ਸਮਝੌਤੇ ਦੇ ਰਾਹ ’ਤੇ ਨਾ ਆਇਆ ਤਾਂ ਅੱਗੇ ਵੀ ਕਾਰਵਾਈ ਜਾਰੀ ਰਹੇਗੀ।

ਈਰਾਨ ਨੇ ਅਮਰੀਕੀ ਦਾਵਿਆਂ ਨੂੰ ਦੱਸਿਆ ਝੂਠਾ

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਅਮਰੀਕਾ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਈਰਾਨ ਦੇ ਮਿਜ਼ਾਈਲ ਭੰਡਾਰ ਖ਼ਤਮ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਮਿਜ਼ਾਈਲ ਸਮਰੱਥਾ ਪਹਿਲਾਂ ਨਾਲੋਂ ਵੀ ਮਜ਼ਬੂਤ ਹੈ ਅਤੇ ਅਮਰੀਕੀ ਖੁਫੀਆ ਜਾਣਕਾਰੀ ਗਲਤ ਸਾਬਤ ਹੋ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਅਮਰੀਕਾ ਕੂਟਨੀਤਿਕ ਰਾਹ ਛੱਡ ਕੇ ਲਗਾਤਾਰ ਫੌਜੀ ਕਾਰਵਾਈਆਂ ਨੂੰ ਤਰਜੀਹ ਦੇ ਰਿਹਾ ਹੈ।

ਚੀਨੀ ਤੇਲ ਟੈਂਕਰ ਵੀ ਨਿਸ਼ਾਨੇ ’ਤੇ

ਚੀਨ ਨੇ ਵੀ ਦੱਸਿਆ ਹੈ ਕਿ ਹੋਰਮੁਜ਼ ਸਟ੍ਰੇਟ ਵਿੱਚ ਉਸ ਦੇ ਇਕ ਤੇਲ ਟੈਂਕਰ ’ਤੇ ਹਮਲਾ ਕੀਤਾ ਗਿਆ। ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਹਾਜ਼ ’ਤੇ ਮੌਜੂਦ ਨਾਗਰਿਕ ਸੁਰੱਖਿਅਤ ਹਨ, ਪਰ ਖੇਤਰ ਵਿੱਚ ਵਧ ਰਹੇ ਤਣਾਅ ਕਾਰਨ ਸਮੁੰਦਰੀ ਵਪਾਰ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਇਸੇ ਕਾਰਨ ਚੀਨ ਨੇ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਵੀ ਐਲਾਨ ਕੀਤਾ ਹੈ।