Home Blog Page 405

IPL 2026 – ਪਲੇਆਫ਼ ਦੀ ਦੌੜ ’ਚ ਅੱਜ ਵੱਡੀ ਟੱਕਰ, ਰਾਜਸਥਾਨ ਤੇ ਗੁਜਰਾਤ ਵਿਚਾਲੇ ਜੈਪੁਰ ’ਚ ਟੱਕਰ

ਚੰਡੀਗੜ੍ਹ :- ਆਈਪੀਐਲ 2026 ਦੇ ਰੋਮਾਂਚਕ ਦੌਰ ਵਿੱਚ ਅੱਜ ਇੱਕ ਹੋਰ ਅਹਿਮ ਟੱਕਰ ਦੇਖਣ ਨੂੰ ਮਿਲੇਗੀ, ਜਦੋਂ ਰਾਜਸਥਾਨ ਰਾਇਲਜ਼ ਅਤੇ ਗੁਜਰਾਤ ਟਾਈਟਨਜ਼ ਦੀਆਂ ਟੀਮਾਂ ਆਮਨੇ-ਸਾਮਨੇ ਹੋਣਗੀਆਂ। ਮੁਕਾਬਲਾ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਸ਼ਾਮ ਸਾਢੇ ਸੱਤ ਵਜੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਲਈ ਇਹ ਮੈਚ ਅੰਕ ਸੂਚੀ ਦੇ ਹਿਸਾਬ ਨਾਲ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

12-12 ਅੰਕਾਂ ਨਾਲ ਬਰਾਬਰੀ, ਰਨ ਰੇਟ ਨੇ ਬਣਾਇਆ ਫਰਕ

ਰਾਜਸਥਾਨ ਅਤੇ ਗੁਜਰਾਤ ਦੋਵਾਂ ਨੇ ਹੁਣ ਤੱਕ 10-10 ਮੈਚ ਖੇਡ ਕੇ 6 ਜਿੱਤਾਂ ਹਾਸਲ ਕੀਤੀਆਂ ਹਨ। ਦੋਵਾਂ ਦੇ ਖਾਤੇ ਵਿੱਚ 12 ਅੰਕ ਹਨ, ਪਰ ਬਿਹਤਰ ਨੈੱਟ ਰਨ ਰੇਟ ਕਾਰਨ ਰਾਜਸਥਾਨ ਦੀ ਟੀਮ ਚੌਥੇ ਸਥਾਨ ’ਤੇ ਕਾਬਜ਼ ਹੈ। ਗੁਜਰਾਤ ਟਾਈਟਨਜ਼ ਪੰਜਵੇਂ ਨੰਬਰ ’ਤੇ ਹੈ ਅਤੇ ਅੱਜ ਦੀ ਜਿੱਤ ਨਾਲ ਉਹ ਰਾਜਸਥਾਨ ਨੂੰ ਪਿੱਛੇ ਛੱਡ ਸਕਦੀ ਹੈ।

ਗੁਜਰਾਤ ਦੀ ਲਗਾਤਾਰ ਜਿੱਤਾਂ ਨਾਲ ਹੌਸਲਾ ਬੁਲੰਦ

ਸ਼ੁਭਮਨ ਗਿੱਲ ਦੀ ਅਗਵਾਈ ਹੇਠ ਗੁਜਰਾਤ ਦੀ ਟੀਮ ਇਸ ਵੇਲੇ ਸ਼ਾਨਦਾਰ ਲੈ ਵਿੱਚ ਨਜ਼ਰ ਆ ਰਹੀ ਹੈ। ਟੀਮ ਨੇ ਆਪਣੇ ਪਿਛਲੇ ਤਿੰਨੋ ਮੁਕਾਬਲੇ ਜਿੱਤ ਕੇ ਪਲੇਆਫ਼ ਦੀ ਦੌੜ ਵਿੱਚ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ। ਦੂਜੇ ਪਾਸੇ ਰਿਆਨ ਪਰਾਗ ਦੀ ਕਪਤਾਨੀ ਹੇਠ ਰਾਜਸਥਾਨ ਨੂੰ ਪਿਛਲੇ ਪੰਜ ਮੈਚਾਂ ਵਿੱਚੋਂ ਤਿੰਨ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਟੀਮ ’ਤੇ ਦਬਾਅ ਵਧਿਆ ਹੋਇਆ ਹੈ।

ਪਿਛਲੇ ਅੰਕੜਿਆਂ ਵਿੱਚ ਗੁਜਰਾਤ ਦਾ ਪੱਲਾ ਭਾਰੀ

ਦੋਵਾਂ ਟੀਮਾਂ ਵਿਚਕਾਰ ਹੁਣ ਤੱਕ ਨੌਂ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਛੇ ਮੁਕਾਬਲੇ ਗੁਜਰਾਤ ਨੇ ਆਪਣੇ ਨਾਮ ਕੀਤੇ ਹਨ, ਜਦੋਂਕਿ ਰਾਜਸਥਾਨ ਸਿਰਫ਼ ਤਿੰਨ ਮੈਚ ਜਿੱਤ ਸਕੀ ਹੈ। ਪਿਛਲੇ ਸੀਜ਼ਨ ਵਿੱਚ ਦੋਵਾਂ ਟੀਮਾਂ ਨੇ ਇੱਕ-ਇੱਕ ਜਿੱਤ ਦਰਜ ਕੀਤੀ ਸੀ। ਇਸ ਸੀਜ਼ਨ ਦੇ ਪਹਿਲੇ ਮੁਕਾਬਲੇ ਵਿੱਚ ਰਾਜਸਥਾਨ ਨੇ ਅਹਿਮਦਾਬਾਦ ਵਿੱਚ ਗੁਜਰਾਤ ਨੂੰ ਛੇ ਦੌੜਾਂ ਨਾਲ ਹਰਾਇਆ ਸੀ।

ਰਾਜਸਥਾਨ ਦੀ ਸੰਭਾਵੀ ਟੀਮ

ਯਸ਼ਸਵੀ ਜੈਸਵਾਲ, ਵੈਭਵ ਸੂਰਿਆਵੰਸ਼ੀ, ਧਰੁਵ ਜੁਰੇਲ, ਰਿਆਨ ਪਰਾਗ, ਡੋਨੋਵਨ ਫਰੇਰਾ, ਰਵਿੰਦਰ ਜਡੇਜਾ, ਸ਼ੁਭਮ ਦੁਬੇ, ਜੋਫਰਾ ਆਰਚਰ, ਰਵੀ ਬਿਸ਼ਨੋਈ, ਨੰਦਰੇ ਬਰਗਰ, ਬ੍ਰਿਜੇਸ਼ ਸ਼ਰਮਾ ਅਤੇ ਤੁਸ਼ਾਰ ਦੇਸ਼ਪਾਂਡੇ ਨੂੰ ਮੈਦਾਨ ਵਿੱਚ ਉਤਰਾਇਆ ਜਾ ਸਕਦਾ ਹੈ।

ਗੁਜਰਾਤ ਦੀ ਸੰਭਾਵੀ ਪਲੇਇੰਗ ਇਲੈਵਨ

ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਜੋਸ ਬਟਲਰ, ਵਾਸ਼ਿੰਗਟਨ ਸੁੰਦਰ, ਨਿਸ਼ਾਂਤ ਸਿੰਧੂ, ਜੇਸਨ ਹੋਲਡਰ, ਰਾਸ਼ਿਦ ਖਾਨ, ਅਰਸ਼ਦ ਖਾਨ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਮਾਨਵ ਸੁਥਾਰ ਅਤੇ ਰਾਹੁਲ ਤਿਵਾਤੀਆ ਨੂੰ ਮੌਕਾ ਮਿਲ ਸਕਦਾ ਹੈ।

ਜੈਪੁਰ ਦੀ ਪਿੱਚ ’ਤੇ ਵੱਡੇ ਸਕੋਰ ਦੀ ਉਮੀਦ

ਸਵਾਈ ਮਾਨਸਿੰਘ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਮੰਨੀ ਜਾਂਦੀ ਹੈ। ਅਜਿਹੇ ਵਿੱਚ ਦਰਸ਼ਕਾਂ ਨੂੰ ਇੱਕ ਉੱਚ ਸਕੋਰ ਵਾਲਾ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਦੋਵਾਂ ਟੀਮਾਂ ਦੇ ਮਜ਼ਬੂਤ ਬੱਲੇਬਾਜ਼ੀ ਕ੍ਰਮ ਕਾਰਨ ਮੈਚ ਦੇ ਆਖ਼ਰੀ ਓਵਰਾਂ ਤੱਕ ਸਸਪੈਂਸ ਬਣਿਆ ਰਹਿਣ ਦੀ ਸੰਭਾਵਨਾ ਹੈ।

40 ਘੰਟਿਆਂ ਬਾਅਦ ਮੁੱਕੀ ਈਡੀ ਦੀ ਕਾਰਵਾਈ, ਖਰੜ ਦੇ ਟਾਵਰ ਤੋਂ ਬੈਗ ਭਰ ਕੇ ਨਿਕਲੇ

ਮੋਹਾਲੀ :- ਖਰੜ ਦੇ ਬਸਟੇਡ ਟਾਵਰ ਵਿੱਚ ਚੱਲ ਰਹੀ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਲੰਬੀ ਛਾਪੇਮਾਰੀ ਕਾਰਵਾਈ ਸ਼ੁੱਕਰਵਾਰ ਦੇਰ ਰਾਤ ਸਮਾਪਤ ਹੋ ਗਈ। ਨੌਵੀਂ ਮੰਜ਼ਿਲ ’ਤੇ ਕੀਤੀ ਗਈ ਇਹ ਜਾਂਚ ਕਰੀਬ 40 ਘੰਟਿਆਂ ਤੱਕ ਲਗਾਤਾਰ ਚੱਲਦੀ ਰਹੀ, ਜਿਸ ਕਾਰਨ ਇਲਾਕੇ ਵਿੱਚ ਦੋ ਦਿਨ ਤੱਕ ਹਲਚਲ ਬਣੀ ਰਹੀ।

ਅਧਿਕਾਰੀ ਸਮਾਨ ਨਾਲ ਬਾਹਰ ਨਿਕਲੇ

ਕਾਰਵਾਈ ਮੁੱਕਣ ਮਗਰੋਂ ਈਡੀ ਦੇ ਅਧਿਕਾਰੀ ਇਮਾਰਤ ਤੋਂ ਬੈਗਾਂ ਵਿੱਚ ਕੁਝ ਦਸਤਾਵੇਜ਼ ਅਤੇ ਸਮਾਨ ਲੈ ਕੇ ਬਾਹਰ ਨਿਕਲਦੇ ਵੇਖੇ ਗਏ। ਹਾਲਾਂਕਿ ਜਾਂਚ ਟੀਮ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਕੀ ਕੁਝ ਜ਼ਬਤ ਕੀਤਾ ਗਿਆ ਹੈ। ਇਸ ਦੌਰਾਨ ਆਈਟੀ ਕਾਰੋਬਾਰੀ ਨਿਤਿਨ ਗੋਹਿਲ ਵੀ ਟੀਮ ਨਾਲ ਨਜ਼ਰ ਨਹੀਂ ਆਏ, ਜਿਸ ਕਾਰਨ ਉਨ੍ਹਾਂ ਦੀ ਗ੍ਰਿਫ਼ਤਾਰੀ ਬਾਰੇ ਚੱਲ ਰਹੀਆਂ ਅਟਕਲਾਂ ਨੂੰ ਅਜੇ ਤੱਕ ਕੋਈ ਅਧਿਕਾਰਕ ਆਧਾਰ ਨਹੀਂ ਮਿਲਿਆ।

ਜ਼ਮੀਨੀ ਘਪਲੇ ਅਤੇ ਮਨੀ ਲਾਂਡਰਿੰਗ ਨਾਲ ਜੋੜੀ ਜਾ ਰਹੀ ਜਾਂਚ

ਸੂਤਰਾਂ ਅਨੁਸਾਰ ਇਹ ਮਾਮਲਾ ਜ਼ਮੀਨ ਦੀ ਵਰਤੋਂ ਬਦਲਾਅ ਮਨਜ਼ੂਰੀਆਂ ਹਾਸਲ ਕਰਨ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਨਾਲ ਜੁੜਿਆ ਹੋਇਆ ਹੈ। ਦੋਸ਼ ਹਨ ਕਿ ਇਸ ਰਾਹੀਂ ਜ਼ਮੀਨ ਮਾਲਕਾਂ ਅਤੇ ਗਾਹਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ। ਇਸਦੇ ਨਾਲ ਹੀ ਪੈਸੇ ਦੀ ਗ਼ੈਰਕਾਨੂੰਨੀ ਹੇਰਾਫੇਰੀ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

ਇੱਕ ਕਰੋੜ ਦੀ ਬਰਾਮਦਗੀ ਦਾ ਦਾਅਵਾ

ਈਡੀ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜਾਂਚ ਦੌਰਾਨ ਇੱਕ ਕਰੋੜ ਰੁਪਏ ਬਰਾਮਦ ਹੋਏ ਹਨ। ਇਸ ਖੁਲਾਸੇ ਤੋਂ ਬਾਅਦ ਸਿਆਸੀ ਮਾਹੌਲ ਵੀ ਗਰਮਾ ਗਿਆ ਅਤੇ ਕਈ ਸਵਾਲ ਖੜ੍ਹੇ ਹੋਣ ਲੱਗੇ।

ਅਮਨ ਅਰੋੜਾ ਨੇ ਦੋਸਤੀ ਮੰਨੀ, ਕਾਰੋਬਾਰੀ ਸਬੰਧ ਨਕਾਰੇ

ਜਾਂਚ ਏਜੰਸੀ ਦਾ ਕਹਿਣਾ ਹੈ ਕਿ ਮਨੀ ਲਾਂਡਰਿੰਗ ਮਾਮਲੇ ਵਿੱਚ ਨਾਮਜ਼ਦ ਗੌਰਵ ਧੀਰ ਦੇ ਸਬੰਧ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਨੇੜਲੇ ਹਨ। ਇਸ ਮਾਮਲੇ ’ਤੇ ਵਧ ਰਹੀਆਂ ਚਰਚਾਵਾਂ ਦੇ ਦਰਮਿਆਨ ਅਮਨ ਅਰੋੜਾ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ। ਉਨ੍ਹਾਂ ਮੰਨਿਆ ਕਿ ਗੌਰਵ ਧੀਰ ਉਨ੍ਹਾਂ ਦੇ ਜਾਣਕਾਰ ਅਤੇ ਦੋਸਤ ਹਨ, ਪਰ ਕਿਸੇ ਵੀ ਤਰ੍ਹਾਂ ਦੇ ਕਾਰੋਬਾਰੀ ਲੈਣ-ਦੇਣ ਨਾਲ ਆਪਣਾ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ।

ਅਧਿਕਾਰਕ ਜਾਣਕਾਰੀ ਦੀ ਅਜੇ ਵੀ ਉਡੀਕ

ਖ਼ਬਰ ਲਿਖੇ ਜਾਣ ਤੱਕ ਈਡੀ ਵੱਲੋਂ ਨਾ ਤਾਂ ਕਿਸੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਨਾ ਹੀ ਜ਼ਬਤ ਸਮਾਨ ਬਾਰੇ ਵਿਸਥਾਰ ਸਾਂਝੇ ਕੀਤੇ ਗਏ ਸਨ। ਹੁਣ ਸਭ ਦੀ ਨਜ਼ਰ ਏਜੰਸੀ ਦੀ ਅਗਲੀ ਕਾਰਵਾਈ ਅਤੇ ਸੰਭਾਵਿਤ ਖੁਲਾਸਿਆਂ ’ਤੇ ਟਿਕੀ ਹੋਈ ਹੈ।

ਈਡੀ ਨੇ ਸੰਜੀਵ ਅਰੋੜਾ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਤੇ ਸਵੇਰੇ-ਸਵੇਰੇ ਮਾਰਿਆ ਛਾਪਾ

ਚੰਡੀਗੜ੍ਹ :- ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਇੱਕ ਵਾਰ ਫਿਰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਕਾਰਨ ਚਰਚਾ ਵਿੱਚ ਆ ਗਏ ਹਨ। ਸ਼ਨੀਵਾਰ ਸਵੇਰੇ ਈਡੀ ਦੀ ਟੀਮ ਨੇ ਚੰਡੀਗੜ੍ਹ ਦੇ ਸੈਕਟਰ-2 ਵਿਚਲੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਅਚਾਨਕ ਛਾਪੇਮਾਰੀ ਕੀਤੀ। ਸਵੇਰੇ ਹੀ ਅਧਿਕਾਰੀਆਂ ਦੀਆਂ ਕਈ ਗੱਡੀਆਂ ਮੰਤਰੀ ਦੇ ਨਿਵਾਸ ਦੇ ਬਾਹਰ ਪਹੁੰਚ ਗਈਆਂ, ਜਿਸ ਤੋਂ ਬਾਅਦ ਇਲਾਕੇ ਵਿੱਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ।

ਅੱਠ ਤੋਂ ਵੱਧ ਗੱਡੀਆਂ ਨਾਲ ਪੁੱਜੀ ਜਾਂਚ ਟੀਮ

ਮਿਲੀ ਜਾਣਕਾਰੀ ਅਨੁਸਾਰ ਈਡੀ ਦੀ ਟੀਮ ਕਰੀਬ ਅੱਠ ਗੱਡੀਆਂ ਵਿੱਚ ਮੌਕੇ ’ਤੇ ਪੁੱਜੀ। ਅਧਿਕਾਰੀਆਂ ਵੱਲੋਂ ਘਰ ਦੇ ਅੰਦਰ ਲੰਬੇ ਸਮੇਂ ਤੱਕ ਦਸਤਾਵੇਜ਼ਾਂ ਅਤੇ ਹੋਰ ਰਿਕਾਰਡ ਦੀ ਜਾਂਚ ਕੀਤੀ ਜਾਂਦੀ ਰਹੀ। ਸੁਰੱਖਿਆ ਦੇ ਮੱਦੇਨਜ਼ਰ ਰਿਹਾਇਸ਼ ਦੇ ਬਾਹਰ ਵੀ ਚੌਕਸੀ ਵਧਾਈ ਗਈ ਸੀ।

ਤੀਜੀ ਵਾਰ ਕਾਰਵਾਈ ਕਾਰਨ ਸਿਆਸੀ ਗਲਿਆਰਿਆਂ ’ਚ ਹਲਚਲ

ਸੰਜੀਵ ਅਰੋੜਾ ਨਾਲ ਜੁੜੇ ਟਿਕਾਣਿਆਂ ’ਤੇ ਇਹ ਤੀਜੀ ਵਾਰ ਈਡੀ ਦੀ ਕਾਰਵਾਈ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਜਾਂਚ ਏਜੰਸੀ ਉਨ੍ਹਾਂ ਦੇ ਘਰਾਂ ਅਤੇ ਕਾਰੋਬਾਰੀ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾ ਚੁੱਕੀ ਹੈ। ਲਗਾਤਾਰ ਹੋ ਰਹੀਆਂ ਕਾਰਵਾਈਆਂ ਕਾਰਨ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਵਿਰੋਧੀਆਂ ਨੂੰ ਪਹਿਲਾਂ ਹੀ ਦੇ ਚੁੱਕੇ ਹਨ ਜਵਾਬ

ਕੁਝ ਦਿਨ ਪਹਿਲਾਂ ਸੰਜੀਵ ਅਰੋੜਾ ਨੇ ਚੱਲ ਰਹੀਆਂ ਸਿਆਸੀ ਅਟਕਲਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਉਹ ਆਪਣੀ ਪਾਰਟੀ ਨਾਲ ਡਟ ਕੇ ਖੜ੍ਹੇ ਹਨ। ਉਨ੍ਹਾਂ ਇਹ ਵੀ ਆਖਿਆ ਸੀ ਕਿ ਜਾਂਚ ਏਜੰਸੀਆਂ ਦੀਆਂ ਕਾਰਵਾਈਆਂ ਤੋਂ ਉਹ ਘਬਰਾਉਣ ਵਾਲੇ ਨਹੀਂ ਅਤੇ ਆਪਣੀ ਸਿਆਸੀ ਵਫ਼ਾਦਾਰੀ ’ਤੇ ਕਾਇਮ ਰਹਿਣਗੇ।

ਫਿਲਹਾਲ ਜਾਂਚ ਜਾਰੀ, ਅਧਿਕਾਰਕ ਬਿਆਨ ਦੀ ਉਡੀਕ

ਖ਼ਬਰ ਲਿਖੇ ਜਾਣ ਤੱਕ ਈਡੀ ਦੀ ਟੀਮ ਮੰਤਰੀ ਦੇ ਨਿਵਾਸ ਅੰਦਰ ਜਾਂਚ ਵਿੱਚ ਰੁੱਝੀ ਹੋਈ ਸੀ। ਅਧਿਕਾਰੀਆਂ ਵੱਲੋਂ ਹਾਲੇ ਤੱਕ ਕੋਈ ਵਿਸਥਾਰਪੂਰਵਕ ਬਿਆਨ ਜਾਰੀ ਨਹੀਂ ਕੀਤਾ ਗਿਆ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਜਾਂਚ ਤੋਂ ਬਾਅਦ ਕਿਹੜੇ ਨਵੇਂ ਤੱਥ ਸਾਹਮਣੇ ਆਉਂਦੇ ਹਨ।

ਬਠਿੰਡਾ ‘ਚ ਦਰਦਨਾਕ ਹਾਦਸਾ, ਰੋਡ ਰੋਲਰ ਹੇਠਾਂ ਆਉਣ ਨਾਲ ਪਿਤਾ ਦੀ ਮੌਤ; 9 ਸਾਲਾ ਧੀ ਗੰਭੀਰ ਜ਼ਖ਼ਮੀ

ਬਠਿੰਡਾ :- ਬਠਿੰਡਾ ਦੇ ਗਣੇਸ਼ ਬਸਤੀ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਗਿਆ, ਜਿੱਥੇ ਰੋਡ ਰੋਲਰ ਦੀ ਚਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਨਾਬਾਲਗ ਧੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਇਹ ਹਾਦਸਾ ਗਣੇਸ਼ ਬਸਤੀ ਦੀ ਗਲੀ ਨੰਬਰ 9 ਵਿੱਚ ਉਸ ਸਮੇਂ ਵਾਪਰਿਆ ਜਦੋਂ ਵਿਸ਼ਾਲ ਗੁਪਤਾ ਆਪਣੀ 9 ਸਾਲਾ ਧੀ ਮਨੱਤ ਨਾਲ ਸਕੂਟਰ ’ਤੇ ਜਾ ਰਹੇ ਸਨ।

ਕਾਂਗਰਸ ਨੂੰ ਸਿਆਸੀ ਝਟਕਾ, ਕੁੰਵਰ ਉਦੈ ਸਿੰਘ ਰਾਠੌਰ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ

ਚੰਡੀਗੜ੍ਹ :- ਪੰਜਾਬ ਦੀ ਸਿਆਸਤ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਕਈ ਅਹਿਮ ਅਹੁਦਿਆਂ ‘ਤੇ ਰਹਿ ਚੁੱਕੇ ਆਗੂ ਕੁੰਵਰ ਉਦੈ ਸਿੰਘ ਰਾਠੌਰ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਉਹ ਰਸਮੀ ਤੌਰ ’ਤੇ ‘ਆਪ’ ਵਿੱਚ ਸ਼ਾਮਲ ਹੋਏ।

ਕਾਂਗਰਸ ਵਿੱਚ ਨਿਭਾ ਚੁੱਕੇ ਹਨ ਕਈ ਅਹਿਮ ਜ਼ਿੰਮੇਵਾਰੀਆਂ
ਕੁੰਵਰ ਉਦੈ ਸਿੰਘ ਰਾਠੌਰ ਪਹਿਲਾਂ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ, ਸੋਸ਼ਲ ਮੀਡੀਆ ਸੈੱਲ ਪੰਜਾਬ ਦੇ ਚੇਅਰਮੈਨ ਅਤੇ ਮਾਲਵਾ ਜ਼ੋਨ ਦੇ ਸਕੱਤਰ ਇੰਚਾਰਜ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।

ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲਿਆ ਫੈਸਲਾ
‘ਆਪ’ ਵਿੱਚ ਸ਼ਾਮਲ ਹੋਣ ਮੌਕੇ ਰਾਠੌਰ ਨੇ ਕਿਹਾ ਕਿ ਪੰਜਾਬ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਲੋਕ-ਹਿਤ ਨੀਤੀਆਂ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰ ਰਹੀ ਹੈ ਅਤੇ ਇਸੇ ਕਾਰਨ ਉਨ੍ਹਾਂ ਨੇ ਪਾਰਟੀ ਨਾਲ ਜੁੜਨ ਦਾ ਫੈਸਲਾ ਕੀਤਾ।

‘ਆਪ’ ਨੇ ਦੱਸਿਆ ਸੰਗਠਨ ਲਈ ਮਜ਼ਬੂਤੀ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਤਜਰਬੇਕਾਰ ਆਗੂਆਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਹੋਰ ਵੱਡੇ ਪੱਧਰ ’ਤੇ ਲੋਕਾਂ ਨਾਲ ਜੁੜੇਗੀ।

ਫਿਰੋਜ਼ਪੁਰ ਸਰਹੱਦ ਤੇ ਸ਼ੱਕੀ ਨੇਪਾਲੀ ਨੌਜਵਾਨ ਕਾਬੂ, ਡੇਢ ਸਾਲ ਤੋਂ ਘਰੋਂ ਲਾਪਤਾ ਹੋਣ ਦਾ ਖੁਲਾਸਾ

ਫਿਰੋਜ਼ਪੁਰ :- ਫਿਰੋਜ਼ਪੁਰ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਐਸਐਫ ਨੇ ਚੌਕਸੀ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਹ ਭਾਰਤੀ ਇਲਾਕੇ ਤੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੁਰੱਖਿਆ ਏਜੰਸੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਪੁੱਛਗਿੱਛ ਸ਼ੁਰੂ ਕਰ ਦਿੱਤੀ।

ਪੁੱਛਗਿੱਛ ’ਚ ਸਾਹਮਣੇ ਆਈ ਨੇਪਾਲੀ ਨਾਗਰਿਕ ਦੀ ਪਹਿਚਾਣ
ਬੀਐਸਐਫ ਅਧਿਕਾਰੀਆਂ ਦੀ ਪੁੱਛਗਿੱਛ ਦੌਰਾਨ ਫੜੇ ਗਏ ਵਿਅਕਤੀ ਦੀ ਪਹਿਚਾਣ ਨੇਪਾਲ ਦੇ ਰਹਿਣ ਵਾਲੇ ਸ਼ਕਤੀ ਮੰਗਰ ਵਜੋਂ ਹੋਈ। ਜਾਂਚ ਦੌਰਾਨ ਅਧਿਕਾਰੀਆਂ ਨੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਪਰਿਵਾਰ ਨੇ ਦੱਸਿਆ ਕਿ ਉਹ ਕਰੀਬ ਡੇਢ ਸਾਲ ਤੋਂ ਘਰੋਂ ਗਾਇਬ ਸੀ ਅਤੇ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੀ।

ਡਾਕਟਰੀ ਜਾਂਚ ਤੋਂ ਬਾਅਦ ਪੁਲਿਸ ਹਵਾਲੇ ਕੀਤਾ ਗਿਆ
ਬੀਐਸਐਫ ਵੱਲੋਂ ਸ਼ੱਕੀ ਵਿਅਕਤੀ ਨੂੰ ਡਾਕਟਰੀ ਜਾਂਚ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਸਿਹਤ ਜਾਂਚ ਮਗਰੋਂ ਉਸ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਉਹ ਸਰਹੱਦ ਪਾਰ ਕਰਨ ਲਈ ਕਿਹੜੇ ਹਾਲਾਤਾਂ ਵਿੱਚ ਉੱਥੇ ਪਹੁੰਚਿਆ ਅਤੇ ਇਸ ਪਿੱਛੇ ਕੋਈ ਹੋਰ ਕੜੀ ਤਾਂ ਨਹੀਂ ਜੁੜੀ ਹੋਈ।

11 ਮਈ ਤੋਂ ਸ਼ੁਰੂ ਹੋਵੇਗੀ CUET-UG ਪ੍ਰੀਖਿਆ, 15 ਲੱਖ ਤੋਂ ਵੱਧ ਵਿਦਿਆਰਥੀ ਦੇਣਗੇ ਇਮਤਿਹਾਨ; NTA ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਚੰਡੀਗੜ੍ਹ :- ਕਾਮਨ ਯੂਨੀਵਰਸਿਟੀ ਐਂਟ੍ਰੈਂਸ ਟੈਸਟ ਅੰਡਰ ਗ੍ਰੈਜੂਏਟ (CUET-UG 2026) ਦੀ ਪ੍ਰੀਖਿਆ 11 ਮਈ ਤੋਂ ਸ਼ੁਰੂ ਹੋ ਕੇ 31 ਮਈ ਤੱਕ ਚੱਲੇਗੀ। ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਇਹ ਪ੍ਰੀਖਿਆ ਕੰਪਿਊਟਰ ਆਧਾਰਿਤ ਟੈਸਟ ਮੋਡ ਵਿੱਚ ਕਰਵਾਈ ਜਾਵੇਗੀ। ਇਸ ਵਾਰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ ਵਿਦੇਸ਼ਾਂ ਦੇ 15 ਸ਼ਹਿਰਾਂ ਵਿੱਚ ਵੀ ਪ੍ਰੀਖਿਆ ਕੇਂਦਰ ਬਣਾਏ ਗਏ ਹਨ।

ਧਾਰਮਿਕ ਚਿੰਨ੍ਹ ਪਹਿਨਣ ਵਾਲਿਆਂ ਲਈ ਖਾਸ ਹਦਾਇਤਾਂ

ਐਨਟੀਏ ਨੇ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਕਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਏਜੰਸੀ ਨੇ ਸਾਫ਼ ਕੀਤਾ ਹੈ ਕਿ ਵਿਦਿਆਰਥੀ ਆਪਣੇ ਧਾਰਮਿਕ ਵਿਸ਼ਵਾਸਾਂ ਨਾਲ ਜੁੜੀਆਂ ਚੀਜ਼ਾਂ ਜਿਵੇਂ ਪਵਿੱਤਰ ਧਾਗੇ ਆਦਿ ਪਹਿਨ ਕੇ ਪ੍ਰੀਖਿਆ ਕੇਂਦਰ ਆ ਸਕਦੇ ਹਨ। ਹਾਲਾਂਕਿ, ਅਜਿਹੇ ਉਮੀਦਵਾਰਾਂ ਨੂੰ ਜਾਂਚ ਪ੍ਰਕਿਰਿਆ ਲਈ ਸਮੇਂ ਤੋਂ ਪਹਿਲਾਂ ਕੇਂਦਰ ਪਹੁੰਚਣਾ ਲਾਜ਼ਮੀ ਹੋਵੇਗਾ।

ਵਿਦਿਆਰਥੀਆਂ ਨੂੰ ਹਲਕੇ ਰੰਗਾਂ ਦੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਦੇ ਮੱਦੇਨਜ਼ਰ ਲੋੜ ਪੈਣ ’ਤੇ ਊਨੀ ਕੱਪੜੇ ਪਹਿਨਣ ਦੀ ਵੀ ਇਜਾਜ਼ਤ ਹੋਵੇਗੀ।

ਇਸ ਵਾਰ ਰਿਕਾਰਡ ਗਿਣਤੀ ਵਿੱਚ ਹੋਈ ਰਜਿਸਟ੍ਰੇਸ਼ਨ

ਨੈਸ਼ਨਲ ਟੈਸਟਿੰਗ ਏਜੰਸੀ ਦੇ ਅੰਕੜਿਆਂ ਅਨੁਸਾਰ ਇਸ ਵਾਰ CUET-UG ਲਈ ਲਗਭਗ 15.69 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਇਹ ਵੱਡਾ ਵਾਧਾ ਮੰਨਿਆ ਜਾ ਰਿਹਾ ਹੈ। ਸਾਲ 2025 ਵਿੱਚ 13.55 ਲੱਖ ਅਤੇ 2024 ਵਿੱਚ 13.48 ਲੱਖ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ।

ਏਜੰਸੀ ਦੇ ਅਨੁਸਾਰ ਪਿਛਲੇ ਸਾਲ ਰਜਿਸਟਰ ਹੋਏ ਉਮੀਦਵਾਰਾਂ ਵਿੱਚੋਂ ਕਰੀਬ 79 ਫੀਸਦੀ ਵਿਦਿਆਰਥੀਆਂ ਨੇ ਅਸਲ ਵਿੱਚ ਪ੍ਰੀਖਿਆ ਦਿੱਤੀ ਸੀ।

JEE Main ਨਾਲੋਂ ਵੀ ਵੱਧ ਰਹੀ ਵਿਦਿਆਰਥੀਆਂ ਦੀ ਦਿਲਚਸਪੀ

CUET-UG ਲਈ ਹੋਈ ਰਜਿਸਟ੍ਰੇਸ਼ਨ ਨੇ ਇਸ ਵਾਰ ਜੇਈਈ ਮੇਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜੇਈਈ ਮੇਨ ਦੇ ਜਨਵਰੀ ਸੈਸ਼ਨ ਵਿੱਚ 13.55 ਲੱਖ ਅਤੇ ਅਪ੍ਰੈਲ ਸੈਸ਼ਨ ਵਿੱਚ 11.11 ਲੱਖ ਅਰਜ਼ੀਆਂ ਮਿਲੀਆਂ ਸਨ, ਜਦਕਿ CUET ਵਿੱਚ ਇਸ ਵਾਰ ਇਸ ਤੋਂ ਵੀ ਵੱਧ ਵਿਦਿਆਰਥੀਆਂ ਨੇ ਭਾਗ ਲੈਣ ਲਈ ਨਾਮ ਦਰਜ ਕਰਵਾਇਆ ਹੈ।

ਕੇਂਦਰਾਂ ਦੀ ਘਾਟ ਕਾਰਨ ਕਈ ਵਿਦਿਆਰਥੀਆਂ ਨੂੰ ਦੂਰਲੇ ਸ਼ਹਿਰ ਮਿਲੇ

ਵਿਦਿਆਰਥੀਆਂ ਦੀ ਵਧਦੀ ਗਿਣਤੀ ਦੇ ਬਾਵਜੂਦ ਟੈਸਟਿੰਗ ਪ੍ਰਬੰਧਾਂ ਵਿੱਚ ਉਨੀ ਤੇਜ਼ੀ ਨਾਲ ਵਾਧਾ ਨਹੀਂ ਹੋ ਸਕਿਆ। ਸੂਤਰਾਂ ਮੁਤਾਬਕ ਮੌਜੂਦਾ ਕੰਪਿਊਟਰ ਆਧਾਰਿਤ ਪ੍ਰੀਖਿਆ ਢਾਂਚਾ ਇੱਕ ਸ਼ਿਫਟ ਵਿੱਚ ਲਗਭਗ ਡੇਢ ਲੱਖ ਵਿਦਿਆਰਥੀਆਂ ਲਈ ਹੀ ਸਮਰੱਥ ਹੈ। ਇਸ ਕਾਰਨ ਕਈ ਵਿਦਿਆਰਥੀਆਂ ਨੂੰ ਆਪਣੇ ਮਨਪਸੰਦ ਸ਼ਹਿਰਾਂ ਦੀ ਥਾਂ ਹੋਰ ਜ਼ਿਲ੍ਹਿਆਂ ਜਾਂ ਦੂਰਲੇ ਕੇਂਦਰ ਅਲਾਟ ਕੀਤੇ ਗਏ ਹਨ।

ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਐਨਟੀਏ ਵੱਲੋਂ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਵਿੰਡੋ ਖੋਲੀ ਗਈ ਹੈ, ਜਿਸ ਰਾਹੀਂ ਉਹ ਪ੍ਰੀਖਿਆ ਕੇਂਦਰ ਬਦਲਣ ਲਈ ਬੇਨਤੀ ਭੇਜ ਸਕਦੇ ਹਨ।

ਯੂਨੀਵਰਸਿਟੀਆਂ ਦੀ ਗਿਣਤੀ ਵੀ ਲਗਾਤਾਰ ਵਧੀ

CUET ਦੀ ਵਧਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਹਰ ਸਾਲ ਇਸ ਵਿੱਚ ਸ਼ਾਮਲ ਹੋਣ ਵਾਲੀਆਂ ਯੂਨੀਵਰਸਿਟੀਆਂ ਦੀ ਗਿਣਤੀ ਵਧ ਰਹੀ ਹੈ। ਸਾਲ 2022 ਵਿੱਚ ਜਿੱਥੇ ਸਿਰਫ਼ 90 ਯੂਨੀਵਰਸਿਟੀਆਂ ਇਸ ਪ੍ਰਕਿਰਿਆ ਦਾ ਹਿੱਸਾ ਸਨ, ਉੱਥੇ ਹੁਣ ਇਹ ਗਿਣਤੀ 243 ਦੇ ਨੇੜੇ ਪਹੁੰਚਣ ਦੀ ਸੰਭਾਵਨਾ ਹੈ। ਇਸ ਵਿੱਚ ਕੇਂਦਰੀ, ਰਾਜ ਅਤੇ ਨਿੱਜੀ ਯੂਨੀਵਰਸਿਟੀਆਂ ਸ਼ਾਮਲ ਹਨ।

ਬੇਅਦਬੀ ਕਾਨੂੰਨ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਤਿੱਖਾ ਰੁਖ਼, ਸਪੀਕਰ ਸੰਧਵਾਂ ਤੋਂ ਮੰਗਿਆ ਗਿਆ ਸਪੱਸ਼ਟੀਕਰਨ, ਪੜ੍ਹੋ ਵੇਰਵਾ….

ਅੰਮ੍ਰਿਤਸਰ :- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਬੇਅਦਬੀ ਵਿਰੋਧੀ ਨਵੇਂ ਕਾਨੂੰਨ ਸਬੰਧੀ ਆਪਣਾ ਪੱਖ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਗੇ ਰੱਖਿਆ। ਇਹ ਪੇਸ਼ੀ ਉਸ ਵੇਲੇ ਹੋਈ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਸਰਕਾਰ ਦੇ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ 2026” ’ਤੇ ਗੰਭੀਰ ਐਤਰਾਜ਼ ਜਤਾਇਆ ਗਿਆ ਸੀ।

ਜਥੇਦਾਰ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ’ਤੇ ਕੱਸਿਆ ਨਿਸ਼ਾਨਾ

ਸਪੀਕਰ ਨਾਲ ਮੁਲਾਕਾਤ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਇਹ ਕਾਨੂੰਨ ਸਿੱਖ ਸੰਸਥਾਵਾਂ ਦੇ ਅੰਦਰ ਸਿੱਧੀ ਦਖ਼ਲਅੰਦਾਜ਼ੀ ਵੱਲ ਵੱਧਦਾ ਕਦਮ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨੇ ਸਿੱਖ ਸੰਗਤਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਅਤੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।

ਜਥੇਦਾਰ ਨੇ ਤਿੱਖੇ ਲਹਿਜ਼ੇ ਵਿੱਚ ਕਿਹਾ ਕਿ ਸਰਕਾਰ ਦੀ ਨੀਅਤ ਇਸ ਗੱਲ ਤੋਂ ਹੀ ਸਾਫ਼ ਹੋ ਜਾਂਦੀ ਹੈ ਕਿ ਪੰਜਾਬੀ ਬੋਲਦੇ ਸੂਬੇ ਵਿੱਚ ਪਾਸ ਕੀਤਾ ਗਿਆ ਕਾਨੂੰਨ ਪੰਜਾਬੀ ਭਾਸ਼ਾ ਵਿੱਚ ਹੀ ਉਪਲਬਧ ਨਹੀਂ ਕਰਵਾਇਆ ਗਿਆ।

‘ਬੇਅਦਬੀ ਦੇ ਦੋਸ਼ੀਆਂ ਦੀ ਥਾਂ ਪੰਥ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼’

ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਪੰਥ ਹਮੇਸ਼ਾਂ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੇ ਹੱਕ ਵਿੱਚ ਰਿਹਾ ਹੈ ਅਤੇ ਅਜਿਹੇ ਕਾਨੂੰਨਾਂ ਦਾ ਵਿਰੋਧ ਨਹੀਂ ਕਰਦਾ ਜੋ ਦੋਸ਼ੀਆਂ ਖ਼ਿਲਾਫ਼ ਕਰੜੀ ਕਾਰਵਾਈ ਕਰਦੇ ਹੋਣ। ਪਰ ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਕਾਨੂੰਨ ਦੇ ਕਈ ਪ੍ਰਬੰਧ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨਾਲ ਜੁੜੀਆਂ ਸੰਵੇਦਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।

ਉਨ੍ਹਾਂ ਕਿਹਾ ਕਿ ਇਸ ਐਕਟ ਵਿੱਚ ਵਰਤੇ ਗਏ ਕਈ ਸ਼ਬਦ ਅਤੇ ਧਾਰਾਵਾਂ ਸਿੱਖ ਭਾਵਨਾਵਾਂ ਦੇ ਅਨੁਕੂਲ ਨਹੀਂ ਹਨ ਅਤੇ ਸਰਕਾਰ ਨੂੰ ਇਸ ਕਾਨੂੰਨ ਦੀ ਮੁੜ ਸਮੀਖਿਆ ਕਰਨੀ ਚਾਹੀਦੀ ਹੈ।

ਸਿੱਖ ਸੰਸਥਾਵਾਂ ਨਾਲ ਸਲਾਹ ਮਸ਼ਵਰੇ ਦੀ ਕੀਤੀ ਮੰਗ

ਜਥੇਦਾਰ ਨੇ ਜ਼ੋਰ ਦੇ ਕੇ ਕਿਹਾ ਕਿ ਧਾਰਮਿਕ ਅਤੇ ਪੰਥਕ ਮਸਲਿਆਂ ’ਤੇ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਧਿਰਾਂ ਨਾਲ ਵਿਚਾਰ-ਵਟਾਂਦਰਾ ਕਰਨਾ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਬੈਠਕ ਕਰਕੇ ਲੋੜੀਂਦੀਆਂ ਸੋਧਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਸਿੱਖ ਕੌਮ ਦੇ ਮਨ ਵਿੱਚ ਪੈਦਾ ਹੋਏ ਸੰਦੇਹ ਦੂਰ ਹੋ ਸਕਣ।

ਕਾਨੂੰਨ ਬਣਾਉਣ ਦੀ ਪ੍ਰਕਿਰਿਆ ’ਤੇ ਵੀ ਉੱਠੇ ਸਵਾਲ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਬੇਅਦਬੀ ਵਰਗਾ ਸੰਵੇਦਨਸ਼ੀਲ ਮਾਮਲਾ ਸਿਰਫ਼ ਕਾਨੂੰਨੀ ਨਹੀਂ, ਸਗੋਂ ਪੂਰੀ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਅਜਿਹੇ ਵਿਸ਼ੇ ’ਤੇ ਫੈਸਲਾ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਮੰਨਿਆ ਜਾ ਸਕਦਾ।

ਇਸੇ ਮਾਮਲੇ ਨੂੰ ਲੈ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਹਾਜ਼ਰ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਸੀ।

ਤਰਬੂਜ਼ ਖਾਣ ਮਗਰੋਂ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਦਾ ਸੱਚ ਆਇਆ ਸਾਹਮਣੇ….

ਮੁੰਬਈ :- ਮੁੰਬਈ ’ਚ ਵਾਪਰੀ ਦਹਿਲਾ ਦੇਣ ਵਾਲੀ ਘਟਨਾ ਨੇ ਚਾਰੋਂ ਪਾਸੇ ਸਹਿਮ ਪੈਦਾ ਕਰ ਦਿੱਤਾ ਹੈ। ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਰਹੱਸਮਈ ਮੌਤ ਮਾਮਲੇ ਵਿੱਚ ਫ਼ੋਰੈਂਸਿਕ ਜਾਂਚ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਸ਼ੁਰੂਆਤੀ ਤੌਰ ’ਤੇ ਖਾਣ-ਪੀਣ ਨਾਲ ਹੋਈ ਬਿਮਾਰੀ ਮੰਨੀ ਜਾ ਰਹੀ ਇਸ ਘਟਨਾ ਵਿੱਚ ਹੁਣ ਜ਼ਹਿਰ ਦੇ ਅਸਰ ਨਾਲ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਜਾਂਚ ਦੌਰਾਨ ਮ੍ਰਿਤਕਾਂ ਦੇ ਸ਼ਰੀਰਾਂ ਵਿੱਚ ਚੂਹੇ ਮਾਰ ਦਵਾਈ ਵਿੱਚ ਵਰਤੇ ਜਾਣ ਵਾਲੇ ਖ਼ਤਰਨਾਕ ਰਸਾਇਣ ‘ਜ਼ਿੰਕ ਫਾਸਫਾਈਡ’ ਦੇ ਨਿਸ਼ਾਨ ਮਿਲੇ ਹਨ।

ਪਰਿਵਾਰ ਨੇ ਰਾਤ ਨੂੰ ਖਾਧਾ ਸੀ ਤਰਬੂਜ਼, ਕੁਝ ਘੰਟਿਆਂ ਵਿੱਚ ਵਿਗੜੀ ਤਬੀਅਤ

ਮ੍ਰਿਤਕਾਂ ਦੀ ਪਛਾਣ 45 ਸਾਲਾ ਅਬਦੁੱਲਾ ਦੋਕਾਡੀਆ, ਉਸ ਦੀ ਪਤਨੀ ਨਸਰੀਨ ਅਤੇ ਦੋ ਧੀਆਂ ਜ਼ੈਨਬ ਤੇ ਆਇਸ਼ਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਰਿਵਾਰ ਨੇ ਆਪਣੇ ਘਰ ਰਿਸ਼ਤੇਦਾਰਾਂ ਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਸੀ। ਮਹਿਮਾਨਾਂ ਨੂੰ ਮਟਨ ਪੁਲਾਓ ਪਰੋਸਿਆ ਗਿਆ, ਜਿਸਨੂੰ ਖਾਣ ਤੋਂ ਬਾਅਦ ਕਿਸੇ ਦੀ ਤਬੀਅਤ ਨਹੀਂ ਖ਼ਰਾਬ ਹੋਈ। ਪਰ ਰਾਤ ਦੇ ਆਖ਼ਰੀ ਪਹਿਰ ਪਰਿਵਾਰ ਵੱਲੋਂ ਤਰਬੂਜ਼ ਖਾਣ ਮਗਰੋਂ ਹਾਲਾਤ ਅਚਾਨਕ ਬਦਲ ਗਏ।

ਕੁਝ ਹੀ ਸਮੇਂ ਵਿੱਚ ਚਾਰਾਂ ਨੂੰ ਉਲਟੀਆਂ ਅਤੇ ਦਸਤਾਂ ਦੀ ਸ਼ਿਕਾਇਤ ਹੋਈ ਅਤੇ ਤਬੀਅਤ ਤੇਜ਼ੀ ਨਾਲ ਬਿਗੜਦੀ ਗਈ। ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।

ਫ਼ੋਰੈਂਸਿਕ ਰਿਪੋਰਟ ਨੇ ਖੋਲ੍ਹੇ ਰਾਜ਼

ਜਾਂਚ ਟੀਮ ਵੱਲੋਂ ਕੀਤੀ ਗਈ ਵਿਸਥਾਰਪੂਰਵਕ ਫ਼ੋਰੈਂਸਿਕ ਜਾਂਚ ਦੌਰਾਨ ਮ੍ਰਿਤਕਾਂ ਦੇ ਅੰਗਾਂ ਵਿੱਚ ਜ਼ਿੰਕ ਫਾਸਫਾਈਡ ਮਿਲਿਆ। ਇਹੀ ਜ਼ਹਿਰੀਲਾ ਤੱਤ ਤਰਬੂਜ਼ ਦੇ ਨਮੂਨਿਆਂ ਵਿੱਚੋਂ ਵੀ ਬਰਾਮਦ ਹੋਇਆ ਹੈ। ਇਸ ਖੁਲਾਸੇ ਤੋਂ ਬਾਅਦ ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾਉਣ ਵਿੱਚ ਜੁਟੀਆਂ ਹਨ ਕਿ ਜ਼ਹਿਰ ਗਲਤੀ ਨਾਲ ਖਾਣੇ ਵਿੱਚ ਪਹੁੰਚਿਆ ਜਾਂ ਫਿਰ ਜਾਣਬੁੱਝ ਕੇ ਮਿਲਾਇਆ ਗਿਆ ਸੀ।

ਪੁਲਸ ਨੇ ਫ਼ਿਲਹਾਲ ਕਿਸੇ ਵੀ ਸੰਭਾਵਨਾ ਨੂੰ ਨਕਾਰਿਆ ਨਹੀਂ ਹੈ ਅਤੇ ਮਾਮਲੇ ਨੂੰ ਹਰ ਪੱਖ ਤੋਂ ਖੰਗਾਲਿਆ ਜਾ ਰਿਹਾ ਹੈ।

ਪੋਸਟਮਾਰਟਮ ਦੌਰਾਨ ਮਿਲੇ ਸਨ ਸ਼ੱਕੀ ਸੰਕੇਤ

ਪਹਿਲਾਂ ਹੋਈ ਪੋਸਟਮਾਰਟਮ ਜਾਂਚ ਵਿੱਚ ਡਾਕਟਰਾਂ ਨੇ ਕੁਝ ਅੰਦਰੂਨੀ ਅੰਗਾਂ ਦਾ ਰੰਗ ਹਰਾ ਪੈਣ ਵਰਗੇ ਅਜੀਬ ਨਿਸ਼ਾਨ ਵੇਖੇ ਸਨ। ਦਿਮਾਗ, ਦਿਲ ਅਤੇ ਆਂਤਾਂ ਵਿੱਚ ਆਏ ਇਹ ਬਦਲਾਅ ਜ਼ਹਿਰ ਦੇ ਪ੍ਰਭਾਵ ਵੱਲ ਇਸ਼ਾਰਾ ਕਰ ਰਹੇ ਸਨ। ਇਸ ਤੋਂ ਇਲਾਵਾ ਅਬਦੁੱਲਾ ਦੋਕਾਡੀਆ ਦੇ ਸ਼ਰੀਰ ਵਿੱਚ ਮੋਰਫੀਨ ਦੇ ਅਸਰ ਵੀ ਮਿਲੇ, ਜਿਸ ਕਾਰਨ ਜਾਂਚ ਹੋਰ ਗੰਭੀਰ ਹੋ ਗਈ।

ਪਹਿਲਾਂ ਅਚਾਨਕ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਸੀ

ਪੁਲਸ ਨੇ ਸ਼ੁਰੂ ਵਿੱਚ ਇਸ ਘਟਨਾ ਨੂੰ ਅਚਾਨਕ ਮੌਤ ਮੰਨਦਿਆਂ ਮਾਮਲਾ ਦਰਜ ਕੀਤਾ ਸੀ। ਰਾਤ ਦੇ ਖਾਣੇ ਵਿੱਚ ਸ਼ਾਮਲ ਹੋਏ ਰਿਸ਼ਤੇਦਾਰਾਂ ਦੇ ਬਿਆਨ ਵੀ ਦਰਜ ਕੀਤੇ ਗਏ ਸਨ, ਜਿਨ੍ਹਾਂ ਦੀ ਸਿਹਤ ਬਿਲਕੁਲ ਠੀਕ ਰਹੀ। ਹੁਣ ਜਾਂਚ ਏਜੰਸੀਆਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜ਼ਹਿਰੀਲਾ ਪਦਾਰਥ ਆਖ਼ਰ ਤਰਬੂਜ਼ ਤੱਕ ਕਿਵੇਂ ਪਹੁੰਚਿਆ।

ਦਿੱਲੀ ਲਈ ‘ਕਰੋ ਜਾਂ ਮਰੋ’ ਦੀ ਜੰਗ ਅੱਜ; ਕੋਲਕਾਤਾ ਨਾਲ ਅਰੁਣ ਜੇਤਲੀ ਸਟੇਡੀਅਮ ’ਚ ਟੱਕਰ

ਨਵੀਂ ਦਿੱਲੀ :- ਆਈਪੀਐਲ 2026 ਵਿੱਚ ਅੱਜ ਦਿੱਲੀ ਕੈਪੀਟਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਦਿਲਚਸਪ ਮੁਕਾਬਲਾ ਖੇਡਿਆ ਜਾਵੇਗਾ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਸ਼ਾਮ 7 ਵਜੇ ਹੋਵੇਗਾ। ਦੋਵੇਂ ਟੀਮਾਂ ਲਈ ਇਹ ਮੈਚ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਜਿੱਤ ਬਹੁਤ ਜ਼ਰੂਰੀ ਹੈ।

ਦਿੱਲੀ ਕੈਪੀਟਲਜ਼ ਲਈ ਹਾਰ ਦਾ ਕੋਈ ਵਿਕਲਪ ਨਹੀਂ

ਦਿੱਲੀ ਕੈਪੀਟਲਜ਼ ਦੀ ਟੀਮ ਇਸ ਵੇਲੇ ਅੰਕ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਮੌਜੂਦ ਹੈ। ਟੀਮ ਨੇ ਹੁਣ ਤੱਕ 10 ਮੈਚਾਂ ਵਿੱਚੋਂ ਸਿਰਫ਼ 8 ਅੰਕ ਹਾਸਲ ਕੀਤੇ ਹਨ। ਅਜਿਹੇ ਵਿੱਚ ਪਲੇਆਫ ਦੀ ਉਮੀਦ ਕਾਇਮ ਰੱਖਣ ਲਈ ਦਿੱਲੀ ਨੂੰ ਆਪਣੇ ਬਾਕੀ ਸਾਰੇ ਮੈਚ ਜਿੱਤਣੇ ਲਾਜ਼ਮੀ ਹਨ। ਟੀਮ ’ਤੇ ਦਬਾਅ ਵੱਧ ਗਿਆ ਹੈ ਅਤੇ ਘਰੇਲੂ ਮੈਦਾਨ ’ਤੇ ਜਿੱਤ ਦਰਜ ਕਰਨਾ ਉਸ ਲਈ ਵੱਡੀ ਚੁਣੌਤੀ ਹੋਵੇਗੀ।

ਕੋਲਕਾਤਾ ਲਈ ਵੀ ਮੁਸ਼ਕਲ ਰਾਹ

ਦੂਜੇ ਪਾਸੇ ਕੋਲਕਾਤਾ ਨਾਈਟ ਰਾਈਡਰਜ਼ ਦੀ ਸਥਿਤੀ ਵੀ ਕੁਝ ਵੱਖਰੀ ਨਹੀਂ ਹੈ। ਟੀਮ ਅੰਕ ਸੂਚੀ ਵਿੱਚ ਅੱਠਵੇਂ ਨੰਬਰ ’ਤੇ ਹੈ ਅਤੇ ਅਗਲੇ ਦੌਰ ਵਿੱਚ ਪਹੁੰਚਣ ਲਈ ਉਸ ਨੂੰ ਆਪਣੇ ਬਾਕੀ ਸਾਰੇ ਪੰਜ ਮੈਚ ਜਿੱਤਣੇ ਪੈਣਗੇ। ਇਸ ਕਰਕੇ ਕੇਕੇਆਰ ਵੀ ਪੂਰੇ ਜ਼ੋਰ ਨਾਲ ਮੈਦਾਨ ਵਿੱਚ ਉਤਰੇਗੀ।

ਪੁਰਾਣੇ ਅੰਕੜਿਆਂ ਵਿੱਚ ਕੋਲਕਾਤਾ ਭਾਰੀ

ਦੋਵੇਂ ਟੀਮਾਂ ਦਰਮਿਆਨ ਹੁਣ ਤੱਕ 34 ਮੁਕਾਬਲੇ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਕੋਲਕਾਤਾ ਨੇ 19 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਦਿੱਲੀ ਦੇ ਹਿੱਸੇ 14 ਜਿੱਤਾਂ ਆਈਆਂ ਹਨ। ਇੱਕ ਮੈਚ ਟਾਈ ਰਿਹਾ ਸੀ, ਜਿਸ ਵਿੱਚ ਬਾਅਦ ਵਿੱਚ ਦਿੱਲੀ ਨੇ ਬਾਜ਼ੀ ਮਾਰੀ ਸੀ। ਪਿਛਲੇ ਸੀਜ਼ਨ ਵਿੱਚ ਵੀ ਕੋਲਕਾਤਾ ਨੇ ਦਿੱਲੀ ਨੂੰ ਹਰਾਇਆ ਸੀ।

ਦਿੱਲੀ ਦੀ ਸੰਭਾਵੀ ਪਲੇਇੰਗ ਇਲੈਵਨ

ਦਿੱਲੀ ਕੈਪੀਟਲਜ਼ ਵੱਲੋਂ ਕੇਐੱਲ ਰਾਹੁਲ, ਪਥੁਮ ਨਿਸਾਂਕਾ, ਕਰੁਣ ਨਾਇਰ, ਟ੍ਰਿਸਟਨ ਸਟੱਬਸ, ਨਿਤੀਸ਼ ਰਾਣਾ, ਅਕਸ਼ਰ ਪਟੇਲ, ਆਸ਼ੂਤੋਸ਼ ਸ਼ਰਮਾ, ਮਿਸ਼ੇਲ ਸਟਾਰਕ, ਕੁਲਦੀਪ ਯਾਦਵ, ਲੂੰਗੀ ਨਗਿਡੀ, ਟੀ ਨਟਰਾਜਨ ਅਤੇ ਸਮੀਰ ਰਿਜ਼ਵੀ ਨੂੰ ਮੌਕਾ ਮਿਲ ਸਕਦਾ ਹੈ।

ਕੋਲਕਾਤਾ ਦੀ ਸੰਭਾਵੀ ਟੀਮ

ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਅਜਿੰਕਿਆ ਰਹਾਣੇ, ਅੰਗਕ੍ਰਿਸ਼ ਰਘੂਵੰਸ਼ੀ, ਕੈਮਰਨ ਗ੍ਰੀਨ, ਰੋਵਮੈਨ ਪਾਵੇਲ, ਮਨੀਸ਼ ਪਾਂਡੇ, ਰਿੰਕੂ ਸਿੰਘ, ਸੁਨੀਲ ਨਾਰਾਇਣ, ਅਨੁਕੁਲ ਰਾਏ, ਕਾਰਤਿਕ ਤਿਆਗੀ, ਵਰੁਣ ਚੱਕਰਵਰਤੀ, ਵੈਭਵ ਅਰੋੜਾ ਅਤੇ ਫਿਨ ਐਲਨ ਮੈਦਾਨ ਵਿੱਚ ਨਜ਼ਰ ਆ ਸਕਦੇ ਹਨ।